ਮਾਹਿਲਪੁਰ ’ਚ ਕੂੜਾ ਡੰਪ ਖਿਲਾਫ਼ ਸੜਕ ਘੇਰੀ

ਮਾਹਿਲਪੁਰ ਦੀ ਨਗਰ ਕੌਂਸਲ ਵਲੋਂ ਸ਼ਹਿਰ ਦੇ ਫਗਵਾੜਾ ਰੋਡ ’ਤੇ ਬਣਾਏ ਜਾ ਰਹੇ ਕੂੜਾ ਡੰਪ ਦੇ ਵਿਰੋਧ ਵਿਚ ਅੱਜ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵਲੋਂ ਫਗਵਾੜਾ ਰੋਡ ’ਤੇ ਧਰਨਾ ਲਗਾ ਕੇ ਦੋ ਘੰਟੇ ਆਵਾਜਾਈ ਠੱਪ ਰੱਖੀ ਗਈ। ਇਸ ਮੌਕੇ ਧਰਨਾਕਾਰੀਆਂ ਨੇ ਨਗਰ ਕੌਂਸਲ ‘ਤੇ ਦੋਸ਼ ਲਾਇਆ ਕਿ ਫਗਵਾੜਾ ਰੋਡ ‘ਤੇ ਕੂੜੇ ਦੇ ਡੰਪ ਬਣਾਉਣ ਕਾਰਨ ਨੇੜੇ ਰਹਿੰਦੇ ਲੋਕਾਂ, ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਬਦਬੂ ਭਰੇ ਮਾਹੌਲ ਵਿਚ ਵਿਚਰਨਾ ਪੈ ਰਿਹਾ ਹੈ ਜਦ ਕਿ ਇੱਥੋਂ ਕੂੜਾ ਹਟਉਣ ਲਈ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਧਰਨੇ ਦੀ ਅਗਵਾਈ ਕਰਦਿਆਂ ਕਾਮਰੇਡ ਮਹਿੰਦਰ ਕੁਮਾਰ, ਕਾਮਰੇਡ ਸ਼ੇਰ ਜੰਗ ਬਹਾਦਰ, ਕਾਮਰੇਡ ਹਰਪਾਲ ਸਿੰਘ ਨੇ ਕਿਹਾ ਕਿ ਕੂੜੇ ਦੀ ਸਮੱਸਿਆ ਸਬੰਧੀ ਨਗਰ ਕਮੇਟੀ ਵਲੋਂ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਅਤੇ ਲੋਕਾਂ ਨੂੰ ਗੰਦਗੀ ਭਰੇ ਮਾਹੌਲ ਵਿਚ ਰਹਿਣ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਗੜ੍ਹਸ਼ੰਕਰ ਰੋਡ ‘ਤੇ ਕੂੜੇ ਦਾ ਪੱਕਾ ਡੰਪ ਬਣਾਇਆ ਗਿਆ ਹੈ ਪਰ ਉੱਥੇ ਵੀ ਕੂੜਾ ਅਕਸਰ ਸੜਕਾਂ ‘ਤੇ ਖਿਲਰਿਆ ਰਹਿੰਦਾ ਹੈ ਅਤੇ ਕਮੇਟੀ ਦੇ ਕਰਮਚਾਰੀਆਂ ਵਲੋਂ ਕੂੜੇ ਨੂੰ ਅੱਗ ਲਗਾ ਕੇ ਲੋਕਾਂ ਦੀ ਸਿਹਤ ਨਾਲ ਹੋਰ ਖਿਲਵਾੜ ਕੀਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਫਗਵਾੜਾ ਰੋਡ ‘ਤੇ ਬਣਾਏ ਕੂੜਾ ਡੰਪ ਨੂੰ ਖਤਮ ਕੀਤਾ ਜਾਵੇ, ਸ਼ਹਿਰ ਵਿਚ ਕੰਟੇਨਰ ਰੱਖ ਕੇ ਕੂੜਾ ਇਕੱਠਾ ਕੀਤਾ ਜਾਵੇ। ਧਰਨੇ ਦੌਰਾਨ ਕੌਂਸਲ ਦੇ ਈਓ ਸੁਰਜੀਤ ਸਿੰਘ ਮੌਕੇ ‘ਤੇ ਪੁੱਜੇ ਤੇ ਉਨ੍ਹਾਂ ਕੂੜਾ ਡੰਪ ਨੂੰ ਤੁਰੰਤ ਹਟਾਉਣ ਦਾ ਭਰੋਸਾ ਦਿੱਤਾ। ਇਸ ਭਰੋਸੇ ਮਗਰੋਂ ਧਰਨਾਕਾਰੀਆਂ ਨੇ ਧਰਨਾ ਚੁੱਕਿਆ ਅਤੇ ਆਵਾਜਾਈ ਬਹਾਲ ਹੋਈ।

Previous articleਦੁਕਾਨਦਾਰ ਦੀ ਖੂਹ ’ਚ ਡਿੱਗ ਕੇ ਮੌਤ
Next articleਫਲਾਈਓਵਰਾਂ ਦੀ ਧੀਮੀ ਉਸਾਰੀ ਨੇ ਵਾਹਨ ਚਲਾਏ ‘ਕੱਛੂ’ ਦੀ ਤੋਰ