ਮਾਨਵਤਾ ਦੀ ਸੇਵਾ ਅਤੇ ਵਾਤਾਵਰਨ ਦੀ ਸੰਭਾਲ ਵਿੱਚ ਹਮੇਸ਼ਾ ਤੱਤਪਰ ਰਹਿਣ ਵਾਲੇ , ‘ਡਾ. ਰਾਜਦੁਲਾਰ ਸਿੰਘ ਸੇਖਾ’

(ਸਮਾਜ ਵੀਕਲੀ)

ਇਹ ਸੰਸਾਰ ਬਹੁਤ ਵਿਆਪਕ ਹੈ ਅਤੇ ਇਸ  ਅੰਦਰ ਬਹੁਤ ਤਰ੍ਹਾਂ ਦੇ ਲੋਕ ਰਹਿੰਦੇ ਹਨ ਕਈ ਆਪਣੀ ਚੰਗਿਆਈ ਖਾਤਰ ਦੁਨੀਆਂ ਉੱਤੇ ਹਮੇਸ਼ਾ ਆਪਣਾ ਨਾਂ ਛੱਡ ਜਾਂਦੇ ਹਨ ਅਤੇ ਕਈ ਆਪਣੇ ਮਾੜੇ ਕੰਮਾਂ ਦਾ ਕਲੰਕ ਆਪਣੀਆਂ ਆਉਣ ਵਾਲੀਆਂ ਪੜ੍ਹੀਆਂ ਦੇ ਮੱਥੇ ‘ਤੇ ਮੜ੍ਹ ਜਾਂਦੇ ਹਨ। ਸਮਾਜ ਵਿੱਚ ਕੁਝ ਚੰਗਾਂ ਕਰ ਵਿਖਾਉਣ ਵਾਲਿਆਂ ਦੇ ਗੁਣ ਹਮੇਸ਼ਾ ਗਾਏ ਜਾਂਦੇ ਹਨ । ਉਹ ਦੂਜਿਆਂ ਲਈ ਰੌਸ਼ਨ ਚਿਰਾਗ ਬਣ ਰਾਹ ਰੁਸਨਾਉਣ ਵਾਲੇ ਹੁੰਦੇ ਹਨ ਜੇਕਰ ਅਜਿਹੇ ਲੋਕ ਡਾਕਟਰ ਦੇ ਰੂਪ ਦੁਨੀਆਂ ‘ਤੇ ਆਏ ਹੋਣ ਤਾਂ ਰੱਬ ਦਾ ਰੂਪ ਹੁੰਦੇ ਹਨ ਕਿਉਂ ਕਿ ਪ੍ਰਮਾਤਮਾਂ ਤੋਂ ਬਾਦ ਡਾਕਟਰ ਨੂੰ ਹੀ ਦੂਜਾ ਰੱਬ ਮੰਨਿਆਂ ਜਾਂਦਾ ਹੈ।

ਅਸੀਂ ਉਸ ਭਾਰਤ ਦੇ ਵਾਸੀ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਗਰੀਬੀ ਰੇਖਾ ਤੋਂ ਥੱਲੇ  ਰਹਿੰਦੇ ਹਨ ਜਿਹੜੇ  ਕੁੱਲੀ, ਗੁੱਲੀ ਅਤੇ ਜੁੱਲੀ ਆਪਣੀਆਂ ਮੁੱਢਲੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਪਾਉਂਦੇ ਨਾਂ ਹੀ ਸਾਡੀਆਂ ਸਰਕਾਰਾਂ ਇਨ੍ਹਾਂ ਲੋਕਾਂ ਦੀਆਂ ਸਿਹਤ ਅਤੇ ਸਿੱਖਿਆ ਸਬੰਧੀ ਲੋੜਾਂ ਪੂਰੀਆਂ ਨਹੀਂ ਕਰਦੀ । ਅਜਿਹੇ ਲੋਕਾਂ ਦੀ ਲੋੜਾਂ ਇਹ ਲੋੜਾਂ ਪੂਰੀਆਂ ਕਰਨ ਵਾਲੇ ਲੋਕ  ਚਾਨਣ ਦੇ ਮਸੀਹਾ ਹੁੰਦੇ ਹਨ । ਅਜਿਹੇ ਰੱਬ ਦੇ ਬੰਦੇ ਜੋ ਮਾਨਵਤਾ ਲਈ ਆਪਣੇ ਸੀਨੇ ਵਿੱਚ ਦਰਦ ਰੱਖਦੇ ਹਨ ਕੁਦਰਤ ਦੀਆਂ ਬੇਸ਼ੁਮਾਰ ਦਾਤਾ ਨੂੰ ਸੰਭਾਲ ਕੇ ਰੱਖਣ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਜਿਹੇ ਹੀ ਸਮਾਜ ਸੇਵੀ ਅਤੇ ਵਾਤਾਵਰਨ  ਪ੍ਰੇਮੀ ਡਾ. ਰਾਜਦੁਲਾਰ ਸਿੰਘ ਸੇਖਾ ਜੋ ਇਲਾਕੇ ਵਿੱਚ ਕਿਸੇ ਜਾਣਪਛਾਣ ਦੇ ਮੁਥਾਜ ਨਹੀਂ ।ਆਓ ੳਨ੍ਹਾਂ ਦੀ ਜੀਵਨੀ ਅਤੇ ਸਮਾਜ ਵਿੱਚ ਵਾਪਰਦਿਆਂ ਲੋਕ ਭਲਾਈ ਦਾ ਕੰਮਾਂ ਉੱਪਰ ਝਾਤ ਮਾਰਦੇ ਹਾਂ।

ਡਾਕਟਰ ਰਾਜਦੁਲਾਰ ਸਿੰਘ ਦਾ ਜਨਮ 21 ਜਨਵਰੀ 1970 ਵਿੱਚ ਮਾਸਟਰ ਮਲਕੀਤ ਸਿੰਘ ਘਰ ਅਤੇ ਮਾਤਾ ਸ਼੍ਰੀਮਤੀ ਅਜੀਤ ਕੌਰ ਜੀ ਦੀ ਕੁੱਖੋਂ ਮੋਗਾ ਜ਼ਿਲ੍ਹੇ ਦੇ ਪਿੰਡ ਸੇਖਾ ਕਲ੍ਹਾਂ ਵਿੱਚ ਹੋਇਆ।ਇਹਨਾਂ ਨੇ ਦਸਵੀਂ ਤੱਕ ਦੀ ਪੜ੍ਹਾਈ ਪਿੰਡ ਸੇਖਾ ਕਲ੍ਹਾਂ ਦੇ ਸਰਕਾਰੀ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਡੀ. ਐੱਮ. ਕਾਲਜ ਮੋਗਾ ਤੋਂ ਪ੍ਰੀ-ਮੈਡੀਕਲ ਪਾਸ ਕਰਨ ਉਰੰਤ ਬੀ.ਏ.ਐੱਮ.ਐੱਸ.ਦੀ ਡਿਗਰੀ ਪਹਿਲੀ ਪੁਜੀਸ਼ਨ ਵਿੱਚ ਪਾਸ ਕੀਤੀ। ਇਹਨਾਂ ਦੇ ਮਾਤਾ-ਪਿਤਾ ਦਾ ਅਧਿਆਪਨ ਪੇਸ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਰਾਜਦੁਲਾਰ ਸਿੰਘ ਨੂੰ ਡਾਕਟਰੀ ਪੇਸ਼ਾ ਅਪਨਾਉਣ ਲਈ ਉਤਸ਼ਾਹਤ ਕੀਤਾ ।ਹੁਣ ਡਾਕਟਰ ਰਾਜਦੁਲਾਰ ਸਿੰਘ ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾਪੁਰਾਣਾ ਦੇ ਇਤਿਹਾਸਿਕ ਪਿੰਡ ਸਮਾਲਸਰ ਵਿੱਚ ਆਪਣਾ ਕਲੀਨਿਕ ਚਲਾ ਰਹੇ ਹਨ।

ਰਾਜਦੁਲਾਰ ਸਿੰਘ ਨੂੰ ਸਮਾਜ ਸੇਵਾ ਦੀ ਲਗਨ ਆਪਣੀ ਮੁੱਢਲੀ ਪੜ੍ਹਾਈ ਦੇ ਸਮੇਂ ਤੋਂ ਹੀ ਲੱਗ ਗਈ ਸੀ।ਸਰਦੇ ਪੁੱਜਦੇ ਪ੍ਰੀਵਾਰ ਨਾਲ ਸਬੰਧ ਹੋਣ ਕਰਕੇ ਰਾਜਦੁਲਾਰ ਸਿੰਘ ਆਪਣੇ ਲੋੜਵੰਦ ਸਹਿਪਾਠੀਆਂ ਦੀ ਸਟੇਸ਼ਨਰੀ ਆਦਿ ਨਾਲ ਮਦਦ ਕਰਦੇ ਸਨ।ਇਹਨਾਂ ਦਾ ਇੱਕ ਸਹਿਪਾਠੀ ਜੋ ਪੜ੍ਹਨ ਵਿੱਚ ਹੁਸ਼ਿਆਰ ਪਰ ਆਰਥਿਕ ਪੱਖੋਂ ਕਮਜੋਰ ਸੀ, ਦੀ ਹਰ ਸਾਲ ਦੋ ਵਰਦੀਆਂ ਨਾਲ ਮਦਦ ਕਰਦੇ ਸਨ। 1994 ਵਿੱਚ ਰਾਜਦੁਲਾਰ ਸਿੰਘ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੋੜਵੰਦ ਮਰੀਜ ਨੂੰ ਸਰਜਰੀ ਕਰਵਾਉਣ ਲਈ ਲੈ ਕੇ ਗਏ ਤਾਂ ਇਹਨਾਂ ਨੇ ਦੇੀਖਆ ਕੇ ਕਿਸੇ ਗਰੀਬ ਮਰੀਜ ਕੋਲ ਪੈਸੇ ਘੱਟ ਹੋਣ ਕਰਕੇ ਹਸਪਤਾਲ ਦੇ ਡਾਕਟਰ ਨੇ ਉਸ ਮਰੀਜ (ਜੋ ਗੁਰਦਿਆਂ ਦੇ ਰੋਗ ਤੋਂ ਪੀੜਿਤ ਸੀ) ਦਾ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ।

ਅੱਖੀਂ ਡਿੱਠੀ ਇਸ ਘਟਨਾ ਨੇ ਰਾਜਦੁਲਾਰ ਸਿੰਘ ਦੇ ਮਨ ਉੱਪਰ ਅਜਿਹਾ ਗਹਿਰਾ ਅਸਰ ਕੀਤਾ ਕਿ ਇਹਨਾਂ ਨੇ ਮਰੀਜ ਨੂੰ ਆਪਣਾ ਪਤਾ ਲਿਖ ਕੇ ਦਿੱਤਾ ਅਤੇ ਕਲੀਨਿਕ ਉੱਪਰ ਆਉਣ ਲਈ ਕਿਹਾ।ਰਾਜਦੁਲਾਰ ਸਿੰਘ ਨੇ ਉਸ ਮਰੀਜ ਨੂੰ 6 ਮਹੀਨੇ ਮੁਫ਼ਤ ਦਵਾਈ ਦੇ ਕੇ ਠੀਕ ਕਰ ਦਿੱਤਾ।ਇਸ ਵਾਕਿਆ ਤੋਂ ਬਾਅਦ ਰਾਜਦੁਲਾਰ ਸਿੰਘ ਨੇ ਪਿੱਛੇ ਮੁੜ ਕੇ ਨਾ ਦੇਖਿਆ ਅਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਾਜ ਸੇਵਾ ਨੂੰ ਸਮਰਪਿਤ ਕਰ ਦਿੱਤਾ।ਇਸ ਤੋਂ ਇਲਾਵਾ 300 ਲੋੜਵੰਦ ਮਰੀਜਾਂ ਦੇ ਅੱਖਾਂ ‘ਚ ਲੈਨਜ ਪਵਾ ਚੁੱਕੇ ਹਨ।ਡਾਕਟਰ ਸਾਹਿਬ ਆਪਣੀ ਕਲੀਨਿਕ ਤੇ ਆਏ ਗਰੀਬ ਮਰੀਜ਼ ਦੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਿੰਦੇ ਹਨ ਗਰੀਬ ਬੰਦਿਆਂ ਤੋਂ ਦਵਾਈ ਦਾ ਕੋਈ ਪੈਸਾ ਨਹੀਂ ਲੈਦੇ ਸਗੋਂ ਕਿ ਆਪਣੇ ਕੋਲੋ ਪੈਸੇ ਖਰਚ ਕਰਕੇ ਦਵਾਈ ਦਵਾ ਦਿੰਦੇ ਹਨ ।

ਬਜ਼ਾਰ ਵਿੱਚ ਆਪਣਾ ਕੈਫੇ ਹੋਣ ਕਰਕੇ ਕਈ ਗਰੀਬ ਬੇਸਹਾਰਾ ਲੋਕਾਂ ਦੇ ਮੂੰਹੋਂ ਸੁਣੀਦਾ ਹੈ ਕਿ ਕਾਕਾ ਡਾ. ਰਾਜਦੁਲਾਰ ਦੀ ਦੁਕਾਨ ਤੇ ਜਾਣਾ ਹੈ  ਮੈਂ ਆਪਣੇ ਜਨਮ ਤੋਂ ਪਹਿਲਾਂ ਦਾ ਸੁਣਦਾ ਹਾਂ ਕਿ ਡਾ. ਰਾਜਦੁਲਾਰ ਗਰੀਬਾਂ ਅਤੇ ਬੇਸਹਾਰਾ ਲੋਕਾਂ ਲਈ ਬਹੁਤ ਮੱਦਦ ਕਰਦੇ ਹਨ ਪਰ ਹੁਣ ਜਦੋਂ ਵੱਡੇ ਹੋਏ ਹਾਂ ਤਾਂ ਅੱਜ ਖੁਦ ਵੇਖਣ ਨੂੰ ਮਿਲ ਗਿਆ ਹੈ।ਮੈਂ ਸੋਚਦਾ ਹਾਂ ਕਿ ਡਾਕਟਰ ਇਕ ਅਜਿਹਾ ਇਨਸਾਨ ਹੁੰਦਾ ਹੈ ਜਿਹੜਾ ਆਪਣੇ ਸ਼ਬਦਾਂ ਨਾਲ ਮਰੀਜ਼ ਨੂੰ ਠੀਕ ਕਰ ਸਕਦਾ ਹੈ ਕਿਉਂ ਕਿ ਇੱਕ ਮਰੀਜ਼ ਜਦੋਂ ਘਰੋਂ ਦਵਾਈ ਲੈਣ ਤੁਰਦਾ ਹੈ ਤਾਂ ਉਸਦੇ ਮਨ ਵਿੱਚ ਬਹੁਤ ਆਸਾਂ ਹੁੰਦੀਆਂ ਹਨ ਕਿ ਮੈਂ ਉਸ ਡਾਕਟਰ ਕੋਲ ਦਵਾਈ ਲੈ ਕੇ ਠੀਕ ਹੋ ਜਾਵਾਂਗਾ।

ਡਾਕਟਰ ਰਾਜਦੁਲਾਰ ਹੋਰਨਾਂ ਡਾਕਟਰਾਂ ਵਾਂਗ  ਅਖਬਾਰਾਂ ਦੀਆਂ ਸੁਰਖੀਆਂ ਦਾ ਸਿਗਾਰ ਨਹੀਂ ਬਣਦੇ ਸਗੋਂ ਜ਼ੋ ਵੀ ਕਰਦੇ ਹਨ ਸਾਰਥਿਕ ਰੂਪ ਵਿੱਚ ਕਰਦੇ ਅਤੇ ਇਨਾਮ ਸਨਮਾਨ ਨੂੰ ਵੀ ਜਿਅਦਾ ਪਹਿਲ ਨਹੀਂ ਦਿੰਦੇ ।ਸਗੋਂ ਜੇ ਉਨ੍ਹਾਂ ਦੁਆਰਾ ਕੀਤੇ ਕਿਸੇ ਕੰਮ ਨਾਲ ਕਿਸੇ ਬੰਦੇ ਦਾ ਭਲਾ ਹੁੰਦਾ ਹੈ ਤਾਂ ਉਸਨੂੰ ਆਪਣਾ ਵੱਡਾ ਇਨਾਮ ਮੰਨਦੇ ਹਨ ।ਉਨ੍ਹਾਂ ਨੇ ਆਪਣੇ ਕਲੀਨਿਕ ਉੱਪਰ ਬਹੁਤ ਸਾਰੇ ਲੜਕਿਆਂ ਨੂੰ ਡਾਕਟਰੀ ਦੀ ਸਿੱਖਿਆ ਦੇ ਨਾਲ-ਨਾਲ ਜਿੰਦਗੀ ਨੂੰ ਜਿਉਣ ਦਾ ਤਰੀਕਾ ਦੱਸਦੇ ਰਹਿੰਦੇ ਹਨ । ਜਿਆਦਾਤਰ ਮੇਰੇ ਵਰਗੇ ਲੋਕ ਵਹਿਲੇ ਸਮੇਂ ਉਨ੍ਹਾਂ ਕੋਲੋ ਸੇਧ ਦੇਣ ਵਾਲੀਆਂ ਗੱਲਾਂ ਸੁਣਨ ਲਈ ਜਾ ਖੜ੍ਹਦੇ ਹਨ ਤਾਂ ਉਹ ਕਹਿੰਦੇ ਹਨ ਕਿ ਲੀਡਰਾਂ ਨੇ ਤਾਂ ਸਾਡੇ ਦੇਸ਼ ਨੂੰ ਖਾਣਾ ਹੀ ਖਾਣਾ ਸੀ ਸਾਡੇ  ਪੇਸ਼ੇ ਦੇ ਡਾਕਟਰ ਨੇ ਤਾਂ ਡਾਕਟਰੀ ਦੇ ਪੇਸ਼ੇ ਨੂੰ ਹੀ ਕਲੰਕਤ ਕੀਤਾ ਹੋਇਆ ਹੈ ।

ਉਹ ਦੱਸਦੇ ਹਨ ਕਿ ਇਨ੍ਹਾਂ ਡਾਕਟਰਾਂ ਦਾ ਵੱਡੇ ਡਾਕਟਰਾਂ ਨਾਲ ਸਕੈਨਾਂ,ਐਕਸਰਿਆਂ ਅਤੇ ਪੇਸੈਂਟ ਭੇਜਣ ਦਾ ਕਮਿਸ਼ਨ ਕੀਤਾ ਹੋਇਆ ਹੁੰਦਾ ਹੈ । ਜਿਸ ਕਰਕੇ ਆਮ ਲੋਕਾਂ ਲਈ ਇਲਾਜ ਕਰਵਾਉਣਾ ਵੱਸ ਤੋਂ ਬਾਹਰ ਦੀ ਗੱਲ ਬਣ ਜਾਂਦੀ ਹੈ । ਪਰ ਉਹ ਇਹ ਵੀ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਜਿੰਨ੍ਹਾਂ ਚਿਰ ਇਸ ਸਰੀਰ ਵਿੱਚ ਸਵਾਸ ਬਖਸ਼ੇ ਹਨ ਮੈਂ ਇਸ ਜ਼ਮੀਰ ਨੂੰ ਕਦੇ ਵਿਕਣ ਨਹੀਂ ਦੇਵਾਂਗਾ ਅਤੇ ਮਾਨਵਤਾ ਲਈ ਹਮੇਸ਼ਾ ਤੱਤਪਰ ਰਹਾਂਗਾ ਇਹ ਸਿਰਫ ਉਨ੍ਹਾਂ ਦੇ ਕਹਿਣ ਦੀਆਂ ਗੱਲਾਂ ਨਹੀਂ ਸਗੋਂ ਉਨ੍ਹਾਂ ਦੀ ਸਖਸ਼ੀਅਤ ਵਿੱਚੋਂ ਭਲੀ-ਭਾਂਤ ਉੱਭਰ ਕੇ ਸਾਹਮਣੇ ਆ ਜਾਂਦੀਆਂ ਹਨ ਜਦੋਂ ਕੋਈ ਮਰੀਜ਼ ਰਾਤ ਵੇਲੇ ਵੀ ਬਿਮਾਰ ਹੋ ਜਾਵੇ ਤਾਂ ਡਾਕਟਰ ਦੇ ਘਰ ਦੇ ਦਰਵਾਜ਼ੇ ਤੇ ਜਾ ਖੜਦਾ ਹੈ ਤਾਂ ਡਾਕਟਰ ਸਾਹਿਬ ਬਾਰ ਖੋਲਣ ਲੱਗੇ ਇੱਕ ਮਿੰਟ ਨਹੀਂ ਲਾਉਂਦੇ ।

ਡਾਕਟਰ ਰਾਜਦੁਲਾਰ ਸਿੰਘ ਦਾ ਸਿੱਖਿਆ ਦੇ ਖੇਤਰ ਵਿੱਚ ਵੀ ਉੱਘਾ ਯੋਗਦਾਨ ਹੈ।ਇਹਨਾਂ ਨੇ ਹੁਣ ਤੱਕ 5 ਲੜਕਿਆਂ ਨੂੰ ਬੀ.ਟੈੱਕ ਦੀ ਉਚੇਰੀ ਸਿੱਖਿਆ ਆਪਣੇ ਖਰਚ ਤੇ ਕਰਵਾਈ ਹੈ।ਡਾਕਟਰ ਰਾਜਦੁਲਾਰ ਸਿੰਘ ਦੀ ਅਣਥੱਕ ਮਿਹਨਤ ਨਾਲ ਪਿੰਡ ਸੇਖਾ ਕਲਾਂ ਵਿੱਚ 15 ਦੇ ਕਰੀਬ ਟਰਾਂਸਫ਼ਾਰਮਰ ਰਖਵਾ ਕੇ ਬਿਜਲੀ ਦੀ ਘੱਟ ਵੋਲਟੇਜ ਦੀ ਸਮੱਸਿਆ ਨੂੰ ਦੂਰ ਕੀਤਾ।ਇਸ ਤੋਂ ਇਲਾਵਾ 1998 ਵਿੱਚ ਆਪਣੇ ਪਿੰਡ ਦੇ ਸਹਿਯੋਗ ਨਾਲ 120,000 ਰੁ. ਦੀ ਲਾਗਤ ਨਾਲ ਬਿਜਲੀ ਦੀ 24 ਘੰਟੇ ਸਪਲਾਈ ਨਾਲ ਜੋੜਿਆ।ਇਹਨਾਂ ਨੇ 7 ਸਾਲ ਪਹਿਲਾਂ ਪਿੰਡ ਦਾ 22 ਸਾਲ ਤੋਂ ਬੰਦ ਪਿਆ ਵਾਟਰ ਵਰਕਸ ਚਾਲੂ ਕਰਵਾ ਕੇ ਪਿੰਡ ਵਾਸੀਆਂ ਦੇ ਘਰਾਂ ਤੱਕ ਪੀਣ ਵਾਲਾ ਪਾਣੀ ਪਹੁੰਚਦਾ ਕੀਤਾ।

ਇਹਨਾਂ ਨੇ ਇੱਕ ਹੋਰ ਬਹੁਤ ਵੱਡਾ ਸਮਾਜ ਸੇਵਾ ਦਾ ਕੰਮ ਕਰਕੇ ਆਪਣੇ ਪਿੰਡ ਸੇਖਾ ਕਲ੍ਹਾਂ ਅਤੇ ਪਿੰਡ ਠੱਠੀ ਭਾਈ ਦੇ ਵਿਚਕਾਰ 7 ਏਕੜ ਵਿੱਚ ਬਣਿਆ ਮੁੱਢਲਾ ਸਿਹਤ ਕੇਂਦਰ, ਜੋ ਪਿਛਲੇ 24 ਸਾਲਾਂ ਤੋਂ ਬੰਦ ਪਿਆ ਸੀ, ਨੂੰ ਬਹੁਤ ਵੱਡੀ ਮੁਸ਼ੱਕਤ ਤੋਂ ਬਾਅਦ ਚਾਲੂ ਕਰਵਾਇਆ।ਇਸ ਸਿਹਤ ਕੇਂਦਰ ਨੂੰ ਚਾਲੂ ਕਰਵਾਉਣ ਲਈ ਇਹਨਾਂ ਨੇ ਜ਼ਿਲ੍ਹਾ ਸਿਹਤ ਅਫ਼ਸਰ ਤੋਂ ਲੈ ਕੇ ਮੁੱਖ ਮੰਤਰੀ ਪੰਜਾਬ,ਸਿਹਤ ਮੰਤਰੀ ਪੰਜਾਬ ,ਰਾਜ ਸਰਕਾਰ ਦੇ ਸਿਹਤ ਅਫ਼ਸਰਾਂ, ਕੇਂਦਰੀ ਸਿਹਤ ਮੰਤਰੀ,ਪ੍ਰਧਾਨ ਮੰਤਰੀ ਅੰਤਰਾਸ਼ਟਰੀ ਮਨੁੱਖੀ ਅਧਿਕਾਰ ਅਤੇ ਸੰਯੁਕਤ ਰਾਸ਼ਟਰ ਨੂੰ ਵੀ ਲਿਖਤੀ ਬੇਨਤੀਆਂ ਕੀਤੀਆਂ।ਇਹਨਾਂ ਦੀਆਂ ਲਿਖ਼ਤੀ ਬੇਨਤੀਆਂ ਨੂੰ ਸਵੀਕਾਰ ਕਰਕੇ ਪੰਜਾਬ ਸਰਕਾਰ ਨੇ ਇਸ ਸਿਹਤ ਕੇਂਦਰ ਨੂੰ ਦੁਬਾਰਾ ਫ਼ਿਰ ਚਾਲੂ ਕਰ ਦਿੱਤਾ।ਇਸ ਸਿਹਤ ਕੇਂਦਰ ਦੀ ਪਿਛਲੇ 24 ਸਾਲਾਂ ਤੋਂ ਠੱਪ ਪਈ ਬਿਜਲੀ ਸਪਲਾਈ ਵੀ ਇਹਨਾਂ ਦੇ ਅਣਥੱਕ ਯਤਨਾਂ ਸਦਕਾ ਚਾਲੂ ਹੋ ਗਈ ਹੈ।

ਪਿੰਡ ਸਮਾਲਸਰ ਤੋਂ ਬਰਗਾੜੀ ਤੱਕ ਲਿੰਕ ਸੜਕ ਨੂੰ ਪ੍ਰਧਾਨ ਮੰਤਰੀ ਯੋਜਨਾ ਅਧੀਨ 18 ਫ਼ੁੱਟੀ ਕਰਵਾਉਣ ਪਿੱਛੇ ਵੀ ਇਹਨਾਂ ਦੀਆਂ ਲਿਖ਼ਤੀ ਬੇਨਤੀਆਂ ਦਾ ਸਿੱਟਾ ਹੈ।ਇਸ ਸੜਕ ਦੀ ਮਨਜੂਰੀ ਦਾ ਸੰਕਸ਼ਨ ਪੱਤਰ ਵੀ ਇਹਨਾਂ ਦੇ ਕੋਲ ਹੈ।ਡਾਕਟਰ ਰਾਜਦੁਲਾਰ ਸਿੰਘ ਇਸ ਸੜਕ ਨੂੰ 18 ਫ਼ੁੱਟੀ ਮਨਜੂਰ ਕਰਵਾਉਣ ਲਈ ਪਿਛਲੇ 10 ਸਾਲਾਂ ਤੋਂ ਸਬੰਧਿਤ ਅਧਿਕਾਰੀਆਂ ਨੁੰ ਲਿਖ਼ਤੀ ਬੇਨਤੀਆਂ ਕਰਦੇ ਆ ਰਹੇ ਸਨ।ਇਸ ਸਬੰਧੀ ਇਹਨਾਂ ਨੇ ਮੁੱਖ ਮੰਤਰੀ ਪੰਜਾਬ,ਉੱਪ ਮੁੱਖ ਮੰਤਰੀ ਪੰਜਾਬ, ਚੀਫ਼ ਇੰਜੀਨੀਅਰ ਅਤੇ ਨਿਗਰਾਨ ਇੰਜੀਨੀਅਰ ਪੰਜਾਬ ਮੰਡੀ ਬੋਰਡ ਅਤੇ ਇਸ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵੀ ਲਿਖ਼ਤੀ ਬੇਨਤੀਆਂ ਕੀਤੀਆਂ ਸਨ।

ਸਾਲ 2012 ਵਿੱਚ ਪਿੰਡ ਸਮਾਲਸਰ ਦੀ ਟੈਲੀਫ਼ੋਨ ਐਕਸਚੇਂਜ ਵਿੱਚ ਬਰਾਡਬੈਂਡ ਕਨੈਕਸ਼ਨ ਵੀ ਇਹਨਾਂ ਦੀ ਬਦੌਲਤ ਚਾਲੂ ਹੋਏ ਸਨ।ਇਸ ਸਬੰਧੀ ਡਾਕਟਰ ਸਾਹਿਬ ਨੇ ਜੀ.ਐੱਮ.ਫ਼ਿਰੋਜ਼ਪੁਰ, ਸੀ.ਜੀ.ਐੱਮ.ਪੰਜਾਬ, ਕੇਂਦਰੀ ਸੰਚਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ। 1998 ਵਿੱਚ ਆਪਣੇ fgzv ਸੇਖਾਂ ਕਲ੍ਹਾਂ ਵਿੱਚ 200 ਦੇ ਕਰੀਬ ਲੈਂਡਲਾਈਨ ਟੈਲੀਫ਼ੋਨ ਵੀ ਚਾਲੂ ਕਰਵਾਏ ਸਨ।  ਫਿਰ ਜੇਕਰ ਕਿਸੇ ਗਰੀਬ ਪਰਿਵਾਰ ਦੇ ਮਾਪਿਆਂ ਦੇ ਲੜਕੀਆਂ ਦੇ ਵਿਆਹ ਦੀ ਗੱਲ ਹੋਵੇ ਤਾਂ ਇਹ ਆਪਣੇ ਐਨੀਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਰਿਵਾਰ ਦੀ ਪੂਰੀ ਮੱਦਦ ਕਰਦੇ ਹਨ ।ਫਿਰ ਜੇਕਰ ਕਿਸੇ ਪਰਿਵਾਰ ਦੇ ਸ਼ਗਨਸਕੀਮ ਦੇ ਪੈਸੇ ਨਹੀਂ ਆਏ ਤਾਂ ਉਹ ਖੁਦ ਚਿੱਠੀਆਂ ਲਿਖ ਕੇ ਸਬੰਧਤ ਅਦਾਰੇ ਨੂੰ ਪਾਉਂਦੇ ਹਨ , ਜਿਸ ਨਾਲ ਕੁਝ ਸਮੇਂ ਬਾਦ ਉਨ੍ਹਾਂ ਨੂੰ ਇਹ ਸਕੀਮ ਦੇ ਪੈਸੇ ਮਿਲ ਜਾਂਦੇ ਹਨ ।

ਪਿਛਲੇ ਸਮੇਂ ਤੋਂ ਕਰੋਨਾ ਬਿਮਾਰੀ ਤੋਂ ਡਰਦੇ ਕਈ ਸਮਾਜ ਸੇਵੀ  ਡਾਕਟਰ ਪਤਾ ਨਹੀਂ ਕਿਹੜੀਆਂ ਖੁੱਡਾਂ ਵਿੱਚ ਜਾ ਵੜ੍ਹ ਗਏ ਅਤੇ ਜੇ ਕਦੇ ਭੁੱਲ ਭੁਲੇਖੇ ਬਾਹਰ ਨਿਕਲਦੇ ਵੀ ਸਨ ਤਾਂ ਆਪਣੀ ਦੁਕਾਨ ‘ਤੇ ਮਰੀਜ਼ਾਂ ਤੋਂ ਇਉਂ ਡਰਦੇ ਸਨ ਜਿਵੇਂ ੳਪਰੀ ਬਲਾ ਵੇਖ ਲਈ ਹੋਵੇ । ਓਸ ਸਮੇਂ ਸਿਰਫ ਕੁਝ ਕੁ ਡਾਕਟਰ ਸਨ ਜਿੰਨ੍ਹਾਂ ਦੀ ਪੂਰੀ ਤਰ੍ਹਾਂ ਮੱਦਦ ਕੀਤੀ ਇਨ੍ਹਾਂ ਵਿੱਚ ਸਭ ਤੋਂ ਜਿਆਦਾ ਪਹਿਲ ਕਦਮੀ ਕਰਨ ਵਾਲੇ ਡਾਕਟਰ ਰਾਜਦੁਲਾਰ ਸਨ ।ਜਿਹੜੇ ਲਾੱਕਡਾਉੂਨ ਦੌਰਾਨ ਆਪਣੇ ਘਰ ਵਿੱਚ ਵੀ ਦਵਾਈ ਦਿੰਦੇ ਰਹੇ ਅਤੇ ਲੋਕਾਂ ਨੂੰ ਬਿਨ੍ਹਾਂ ਡਰ ਦੇ ਹੋਸਲੇਂ ਤੋਂ ਕੰਮ ਲੈਣ ਲਈ ਕਿਹਾ ਅਤੇ ਉਨ੍ਹਾਂ ਡਾਕਟਰਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਇਹ ਉਹੋ ਹੀ ਲੋਕ ਹਨ ਜਿੰਨ੍ਹਾਂ ਦੀ ਕਮਾਈ ਨਾਲ ਤੁਹਾਡੇ ਘਰ ਤੋਂ ਵੱਡੇ ਵੱਡੇ ਬੰਗਲੇ ਬਣੇ ਹਨ ।

ਡਾਕਟਰ ਰਾਜਦੁਲਾਰ ਸਿੰਘ ਕੁਦਰਤ ਨੂੰ ਵੀ ਬਹੁਤ ਪਿਆਰ ਕਰਦੇ ਹਨ।ਉਹਨਾ ਨੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ 1000 ਦੇ ਕਰੀਬ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਵਾਏ ਹਨ।ਜਿਨ੍ਹਾਂ ਵਿੱਚ 250 ਦੇ ਕਰੀਬ ਬੂਟੇ ਆਪਣੇ ਪਿੰਡ ਸੇਖਾ ਕਲ੍ਹਾਂ ਵਿੱਚ ਲਗਵਾਏ। ਇਹਨਾਂ ਬੂਟਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵੀ ਆਪ ਹੀ ਉਠਾ ਰਹੇ ਹਨ।ਹੁਣ ਤੱਕ ਡਾਕਟਰ ਰਾਜਦੁਲਾਰ ਸਿੰਘ ਨੂੰ ਅਨੇਕਾਂ ਸਮਾਜਸੇਵੀ ਸੰਸਥਾਵਾਂ,ਕਲੱਬਾਂ, ਧਾਰਮਿਕ ਸੰਸਥਾਵਾਂ,ਸਹਿਤ ਸਭਾਵਾਂ ਅਤੇ ਡਿਪਟੀ ਕਮਿਸ਼ਨਰ ਮੋਗਾ ਵਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਅਖੀਰ ਵਿੱਚ ਉਹ ਇੱਕ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ ਹੋਣ ਦੇ ਨਾਤੇ ਪੂਰੇ ਸਮਾਜ ਅਤੇ ਆਪਣੇ ਕਿੱਤੇ ਨਾਲ ਸਬੰਧਿਤ ਲੋਕਾਂ ਨੂੰ ਸੁਨੇਹਾਂ ਦਿੰਦੇ ਹਨ ਕਿ ਜੇਕਰ ਤੁਹਾਨੂੰ ਪ੍ਰਮਾਤਮਾ ਨੇ ਕਿਸੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਤਾਂ ਉਸਨੂੰ ਸਿਰਫ ਸੁਹਰਤ ਅਤੇ ਪੈਸਾ ਇੱਕਠਾ ਕਰਨ ਲਈ ਨਾ ਕਰੋ ਸਗੋਂ ਬਲਕਿ ਲੋਕਾਂ ਦੀਆਂ ਦੁਆਵਾਂ ਅਤੇ ਅਸੀਸਾਂ ਇੱਕਠੀਆਂ ਕਰਨ ਲਈ ਕਰੋਂ ਕਿਉਂ ਕਿ ਕਿਸੇ ਨੂੰ ਮਜ਼ਬੂਰ ਕਰਕੇ ਪੈਸਾ ਇੱਕਠਾ ਕੀਤਾ ਜਾ ਸਕਦਾ ਹੈ ਪਿਆਰ ਨਹੀਂ। ਸਮਾਜ ਸੇਵੀ ਸੰਸਥਾਵਾਂ ਆਪਣਾ ਕੰਮ ਸਾਰਥਕ ਰੂਪ ਵਿੱਚ ਕਰਨ ਨਾ ਕਿ ਅਖਬਾਰਾਂ ਦੀਆਂ ਸੁਰਖੀਆਂ ਦੇ ਕੇਂਦਰ ਬਿੰਦੂ ਬਣਨ ਲਈ ।

ਮੈ ਕਹਿੰਦਾ ਹਾਂ ਕਿ  ਪ੍ਰਮਾਤਮਾ ਕਰੇ ਇਸ ਮਾਨਵਤਾ ਲਈ ਮਣਾ-ਮੂੰਹੀ ਪਿਆਰ ਰੱਖਣ ਵਾਲੇ ਰੱਬ ਰੂਪ ਡਾਕਟਰ ਅਤੇ ਵਾਤਾਵਰਨ ਪ੍ਰੇਮੀ ਇਨਸਾਨ ਦੀ ਉਮਰ ਲੋਕ ਗੀਤਾਂ ਜਿੰਨ੍ਹੀ ਲੰਮੀ , ਸਿਦਕ ਅਤੇ ਹੌਸਲੇ ਦਾ ਖੁੱਲਾ ਆਸਮਾਨ ਅਤੇ ਗਰੀਬ ਅਤੇ ਮਜਲੂਮ ਲੋਕਾਂ ਲਈ ਮੋਹ ਪਿਆਰ ਦੇ ਝਰਨੇ ਏਦਾਂ ਹੀ ਵਹਿੰਦੇ ਰਹਿਣ।

ਮਗਦਾ ਰਹੀ ਵੇ ਸੂਰਜਾ , ਕੰਮੀਆਂ ਦੇ ਵਿਹੜੇ  ।

ਸਤਨਾਮ ਸਿੰਘ ਸ਼ਦੀਦ (ਸਮਾਲਸਰ)

ਮੋ. 97108 -60004     

Previous articleਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਾਹਿਤਕ ਸੱਥ ਮੈਲਬੌਰਨ ਦਾ ਗਠਨ ਹੋਇਆ
Next articleਗੁਰੂ ਨਾਨਕ ਪ੍ਰੈੱਸ ਕਲੱਬ ਦੁਆਰਾ ਵਿਧਾਇਕ ਨਵਤੇਜ ਸਿੰਘ ਚੀਮਾ ਸਨਮਾਨਿਤ