ਮਾਂ ਬੋਲੀ ਨੂੰ ਸਮਰਪਿਤ ਕਵੀ ਦਰਬਾਰ ਦੇ ਨਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਇੱਕ ਦਿਨ ਮੇਰੀ ਮਾਂ ਬੋਲੀ
ਮੇਰੇ ਸੁਪਨੇ ਦੇ ਵਿੱਚ ਆਈ ।
ਮੈਥੋਂ ਬੁੱਝ ਨਾ ਹੋਈ ਉਸ ਨੇ
ਇੱਕ ਬੁਝਾਰਤ ਪਾਈ  ।
ਜਿਸ ਮਾਂ ਦੇ ਪੁੱਤਰਾਂ ਨੇ ਉਸ ਨੂੰ
ਅਪਣੇ ਦਿਲੋਂ ਭੁਲਾਇਆ  ।
ਮਤਰੇਈਆਂ ਮਾਵਾਂ ਨੂੰ ਦਿਲ ਦੇ
ਤਖ਼ਤਾਂ ਉੱਤੇ ਬਿਠਾਇਆ  ।
ਮਾਂ ਕੋਈ ਮਿਹਣਾਂ ਨਾ ਦੇਵੇ
ਫਿਰ ਵੀ ਦੇਣ ਸਫ਼ਾਈ  ।
ਇੱਕ ਦਿਨ ਮੇਰੀ ਮਾਂ ਬੋਲੀ ———-
ਜਿਸ ਦੇ ਪੁੱਤਰ ਅਪਣੀ ਮਾਂ ਨੂੰ
ਵੇਚ ਵੇਚ ਕੇ ਖਾਂਦੇ  ।
ਦੌਲਤ ਸ਼ੋਹਰਤ ਦੇ ਲਈ ਤਨ ਤੋਂ
ਕੱਪੜੇ ਲਾਹੀਂ ਜਾਂਦੇ  ।
ਜਿਹੜੀ ਕੁੱਤੇ ਖਾਣੀ ਕਰਦੇ
ਜਾਣੀਂ ਨਹੀਂ ਭੁਲਾਈ  ।
ਇੱਕ ਦਿਨ ਮੇਰੀ ਮਾਂ ਬੋਲੀ ———–
ਜਿਸ ਦੀ ਨਵੀਂ ਪਨੀਰੀ ਊੜਾ
ਅੈੜਾ ਲਿਖਣਾ ਭੁੱਲੀ  ।
ਅਪਣਾ ਭੁੱਲ ਕੇ ਪੱਛਮੀ
ਸੱਭਿਆਚਾਰਾਂ ਉੱਤੇ ਡੁੱਲੀ  ।
ਬੁੱਧੀਜੀਵੀ ਪੁੱਤ ਵੀ ਕਾਹਤੋਂ
ਲਿਖਦੇ ਨਹੀਂ ਸਚਾਈ  ।
ਰਾਤੀਂ ਮੇਰੀ ਮਾਂ ਬੋਲੀ —————
ਮਾਂ ਦਾ ਸੀਨਾ ਛਲਣੀਂ ਕਰ ਕੇ
ਦੱਸ ਕੀਹਨੇ ਸੁੱਖ ਪਾਇਆ  ।
ਬੀਤਿਆ ਵੇਲ਼ਾ ਹੱਥ ਨਈਂ ਆਉਂਦਾ
ਜਿਸ ਨੇ ਵਕਤ ਗੁਆਇਆ  ।
ਅਜੇ ਤਾਈਂ ਨਾ ਮਾਂ ਬੋਲੀ ਵਿੱਚ
ਕੀਤੀ ਗਈ ਪੜਾ੍ਈ  ।
ਰਾਤੀਂ ਮੇਰੀ ਮਾਂ ਬੋਲੀ —————
ਕਹਿੰਦੀ ਮੇਰੇ ਪੁੱਤਰਾਂ ਨੂੰ ਮੁੜ
‘ਕੱਠਿਆਂ ਹੋਣਾ ਪੈਣਾ  ।
ਮੰਗਿਆਂ ਤੋਂ ਹੱਕ ਨਈਂ ਮਿਲਦਾ
ਇਹ ਖੋਹ ਕੇ ਪੈਂਦਾ ਲੈਣਾ  ।
ਮਾਂ ਦੀ ਇੱਜ਼ਤ ਦੇ ਲਈ ‘ ਸ਼ਰਮਾ ‘
ਮਿਲ ਕੇ ਕਰੋ ਲੜਾਈ  ।
ਇੱਕ ਦਿਨ ਮੇਰੀ ਮਾਂ ਬੋਲੀ ————
                   ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ ਧੂਰੀ ( ਸੰਗਰੂਰ )
               9478408898
Previous article‘ਜੰਮੂ ਇਲਾਕੇ ਦੇ ਸਮੁੱਚੇ ਡੋਗਰੀ ਲੋਕ ਨਾਚ’
Next article*ਬੱਸ ਜੈ ਜੈ ਕਾਰ….*