ਮਾਂ! ਤੇਰੀ ਰੱਜੋ ਹੁਣ ਵੱਡੀ ਹੋ ਗਈ ਆ!!

(ਸਮਾਜਵੀਕਲੀ)

ਕੋਠੇ ਦੀ ਛੱਤ ਤੇ ਖੜੀ ਰੱਜੋ ਹਮੇਸ਼ਾਂ ਦੀ ਤਰ੍ਹਾਂ ਸ਼ਮਸਾਨ ਘਾਟ ਵੱਲ ਦੇਖਦੀ ਤੇ ਆਪਣੀ ਮਾਂ ਨੂੰ ਲੱਭਦੀ ਅੱਜ ਫਿਰ ਇੱਕਲੀ ਹੀ ਆਪਣੇ ਹੰਝੂ ਸਮੇਟ ਰਹੀ ਸੀ ਤੇ ਸੋਚ ਰਹੀ ਸੀ ਕਿ ਉਹ ਵਕਤ ਕਿੰਨਾ ਚੰਗਾ ਸੀ, ਜਦ ਮਾਂ ਹਰ ਦੁੱਖ-ਸੁੱਖ ਵਿਚ ਨਾਲ ਸੀ ਤੇ ਕੋਈ ਵੀ ਫ਼ਿਕਰ ਵਾਲੀ ਗੱਲ ਤੇ ਜੱਫੀ ਵਿਚ ਲੈ ਕੇ ਕਹਿ ਦਿੰਦੀ, “ਕਿਉਂ ਸੋਚਾਂ ਵਿਚ ਪਈ ਐਂ, ਮੈਂ ਹੈਗੀ ਆ ਹਜੇ, ਜਦ ਨਾ ਹੋਈ ਉਸ ਵਕਤ ਫ਼ਿਕਰ ਕਰੀਂ”, ਤੇ ਰੱਜੋ ਨੇ ਵੀ ਫਿਰ ਘੁੱਟ ਕਿ ਮਾਂ ਨੂੰ ਜੱਫੀ ਪਾਉਣੀ ਤੇ ਕਹਿ ਦੇਣਾ,”ਮੈਂ ਤੈਨੂੰ ਕਦੇ ਕਿਤੇ ਨਹੀਂ ਜਾਣ ਦੇਣਾ।”

ਪਰ ਰਮਜੋ ਨੂੰ ਕਿ ਪਤਾ ਸੀ ਕਿ ਮਾਂ ਤਾਂ ਸੱਚਮੁੱਚ ਹੀ ਉਸ ਨੂੰ ਛੱਡ ਕਿ ਚਲੀ ਜਾਵੇਗੀ। ਜਿਹੜਾ ਵਕਤ ਉਸਨੇ ਮਾਂ ਦੀ ਮਮਤਾ ਦੇ ਨਿੱਘ ‘ਚ ਗੁਜ਼ਾਰਨਾ ਸੀ। ਉਹ ਤਾਂ ਰੇਤ ਦੀ ਤਰ੍ਹਾਂ ਹੱਥਾਂ ਵਿੱਚੋਂ ਨਿਕਲ ਗਿਆ ਤੇ ਪਤਾ ਨਹੀਂ ਲੱਗਿਆ ਕਦੋਂ ਜਿੰਮੇਵਾਰੀਆਂ ਦਾ ਬੋਝ ਰੱਜੋ ਦੇ ਉੱਪਰ ਆ ਗਿਆ। ਸੱਭ ਨੂੰ ਸੰਭਾਲਦੀ-ਸੰਭਾਲਦੀ ਰੱਜੋ ਨੂੰ ਪਤਾ ਈ ਨਾ ਲੱਗਿਆ ਕਿ ਕਦੋਂ ਉਹ ਆਪਣਾ ਆਪ ਗਵਾ ਬੈਠੀ। ਲਾਡਾਂ ਨਾਲ ਪਲੀ  ਸੁੱਤੀ ਪਈ ਰਜੋ ਨੂੰ ਮਾਂ ਨੇ ਕਦੇ ਨਾ ਉਠਾਉਣਾ ਤੇ ਰੱਜੋ ਨੇ ਵੀ ਰਸੋਈ ਵਿਚ ਕਦੇ ਵੜ ਕੇ ਨਹੀਂ ਦੇਖਿਆ ਸੀ ।

ਪਰ ਅੱਜ ਉਸੇ ਰੱਜੋ ਨੂੰ ਰਾਤ ਨੂੰ ਸੌਣ ਲੱਗੀ ਨੂੰ ਅਗਲੀ ਸਵੇਰ ਦੇ ਕੰਮ ਦੀ ਫ਼ਿਕਰ ਪੈ ਜਾਂਦੀ ਐ। ਹੁਣ ਜਦ ਵੀ ਉਹ ਉਦਾਸ ਹੁੰਦੀ ਤਾਂ ਕੋਠੇ ਦੀ ਛੱਤ ਤੇ ਚੜ ਸ਼ਮਸਾਨ ਘਾਟ ਵੱਲ ਦੇਖਦੀ,ਕਿੰਨੇ ਹੀ ਗਵਾਚਿਆਂ ‘ਚੋਂ ਆਪਣੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੀ, ਹਜ਼ਾਰਾਂ ਹੀ ਸ਼ਿਕਵੇ ਮਨ ਅੰਦਰ ਸਮੇਟ ਘੰਟਿਆਂ ਬੱਧੀ ਉੱਥੇ ਹੀ ਖੜੀ ਰਹਿੰਦੀ ਤੇ ਯਾਦ ਕਰਦੀ ਮਾਂ ਦੀਆਂ ਉਹ ਗੱਲਾਂ ਜਦ ਮਾਂ ਨੇ ਕਹਿਣਾ “ਤੂੰ ਬੱਚਿਆਂ ਵਾਲੀਆਂ ਗੱਲਾਂ ਨਾ ਕਰਿਆ ਕਰ”, ਫਿਰ ਮਾਂ ਹਾਸੇ ‘ਚ ਕਹਿੰਦੀ “ਕਦੋਂ ਵੱਡੀ ਹੋਏਗੀ ਮੇਰੀ ਧੀ।” ਰੱਜੋ ਨੇ ਹੰਝੂ ਪੂੰਝਦਿਆਂ ਮਾਂ ਨੂੰ ਯਾਦ ਕਰਦੇ ਕਿਹਾ,”ਲੈ ਮਾਂ! ਤੇਰੀ ਰੱਜੋ ਤਾਂ ਬਹੁਤ ਵੱਡੀ ਹੋ ਗਈ।

ਇੰਨੀ ਵੱਡੀ…, ਕਿ ਤੇਰੇ ਘਰ ਨੂੰ ਸੰਭਾਲਦਿਆਂ- ਸੰਭਾਲਦਿਆਂ ਆਪਣਾ ਆਪ ਗਵਾ ਬੈਠੀ ਤੇ ਇਹ ਇੱਕ ਤੂੰ ਨਹੀਂ ਦੇਖਣਾ ਸੀ। ਵਕਤ ਬਹੁਤ ਅੱਗੇ ਨਿਕਲ ਗਿਆ, ਤੇਰੀ ਰੱਜੋ ਅੱਜ ਵੀ ਉੱਥੇ ਹੀ ਖੜੀ ਐ ਮਾਂ,ਤੇ ਅੱਜ ਵੀ ਮੈਨੂੰ ਚੇਤਾ ਆਉਂਦਾ ਤੇਰੇ ਉਨ੍ਹਾਂ ਬੋਲਾਂ ਦਾ, ਜਿਹੜੇ ਤੂੰ  ਜਾਂਦੀ ਵਾਰ ਕਹੇ ਸੀ।” ਦੇਖ ਰੱਜੋ, ਤੂੰ ਵੱਡੀ ਐਂ, ਵੀਰੇ ਦਾ ਖਿਆਲ ਰੱਖਣਾ ਤੂੰ। ਹਾਂ ਮਾਂ,ਰੱਜੋ ਨੇ ਵੀਰੇ ਦਾ ਖਿਆਲ ਰੱਖਿਆ ਪਰ ਤੇਰੀ ਰੱਜੋ ਦਾ ਖਿਆਲ ਕਿਸੇ ਨੇ ਨਾ ਰੱਖਿਆ!! ਵਕਤ ਬੀਤ ਰਿਹਾ ਮਾਂ ਪਰ ਤੇਰੀ ਮਮਤਾ ਦਾ ਵੇਗ ਕਦੇ ਨਹੀਂ ਘੱਟਦਾ। ਇੰਨਾਂ ਕਹਿੰਦਿਆਂ ਰੱਜੋ ਹਮੇਸ਼ਾ ਦੀ ਤਰ੍ਹਾਂ ਆਪਣਾ ਆਪ ਸਮੇਟਦੀ ਚਿਹਰੇ ਤੇ ਮੁਸਕਾਨ ਲੈ ਕੇ ਛੱਤ ਤੋਂ ਹੇਠਾਂ ਆ ਰਸੋਈ ‘ਚ ਕੰਮ ਕਰਨ ਲੱਗ ਗਈ ਤੇ ਮਨ ਹੀ ਮਨ ਆਪਣੇ ਫਰਜ਼ਾਂ ਦੀ ਉਧੇੜ ਬੁਣ ਵਿੱਚ ਕੰਮ ਲੱਗੀ ਰਹੀ।

ਹਰਮਨਜੋਤ ਕੌਰ ਗਿੱਲ
ਰਿਸਰਚ ਸਕਾਲਰ
ਪੰਜਾਬੀ ਯੂਨੀਵਰਸਿਟੀ ਪਟਿਆਲਾ।

Previous articleਮਹਾਮਾਰੀ ਦੀਆਂ ਚਿੰਤਾਵਾਂ ਦੇ ਵਿਚਾਲੇ ਯੂ.ਕੇ ਦੀ ਪੁਲਸ ਭੀੜ ”ਤੇ ਕਰੇਗੀ ਹੋਰ ਸਖਤੀ
Next articleਮੇਰਾ ਵੱਡਾ ਵੀਰ