ਮਹਿਲਾ ਟੀ-20: ਭਾਰਤ ਦੀ ਵਿੰਡੀਜ਼ ’ਤੇ ਵੱਡੀ ਜਿੱਤ

ਫ਼ਿਰਕੀ ਗੇਂਦਬਾਜ਼ ਦੀਪਤੀ ਸ਼ਰਮਾ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਸ਼ੇਫਾਲੀ ਵਰਮਾ ਦੇ ਲਗਾਤਾਰ ਦੂਜੇ ਅਰਧ ਸੈਂਕੜੇ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਇੱਥੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟ ਇੰਡੀਜ਼ ਨੂੰ ਦਸ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। 15 ਸਾਲ ਦੀ ਸ਼ੇਫਾਲੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ ਅਤੇ 35 ਗੇਂਦਾਂ ਵਿਚ ਨਾਬਾਦ 69 ਦੌੜਾਂ ਬਣਾਈਆਂ। ਇਸ ਵਿਚ ਦੋ ਚੌਕੇ ਅਤੇ ਦੋ ਛੱਕੇ ਸ਼ਾਮਲ ਸਨ। ਦੂਜੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 30 ਦੌੜਾਂ ਬਣਾ ਕੇ ਨਾਬਾਦ ਰਹੀ। ਭਾਰਤ ਨੇ 10.3 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 104 ਦੌੜਾਂ ਬਣਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-0 ਦੀ ਲੀਡ ਬਣਾ ਲਈ। ਇਸ ਤੋਂ ਪਹਿਲਾਂ ਦੀਪਤੀ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ ਦਸ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਵੈਸਟ ਇੰਡੀਜ਼ ਨੂੰ ਸੱਤ ਵਿਕਟਾਂ ਦੇ ਨੁਕਸਾਨ ’ਤੇ 103 ਦੌੜਾਂ ਹੀ ਬਣਾਉਣ ਦਿੱਤੀਆਂ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸ਼ਿਖਾ ਪਾਂਡੇ ਨੇ ਸਟੈਸੀ-ਆਨ ਕਿੰਗ (ਸੱਤ ਦੌੜਾਂ) ਨੂੰ ਆਊਟ ਕਰਕੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਵਿਕਟਕੀਪਰ ਅਤੇ ਬੱਲੇਬਾਜ਼ ਸ਼ੈਮਾਇਨ ਕੈਂਪਬੈੱਲ (ਸਿਫ਼ਰ) ਵੀ ਆਉਣ ਸਾਰ ਪੈਵੇਲੀਅਨ ਪਰਤ ਗਈ। ਉਸ ਨੂੰ ਸਪਿੰਨਰ ਰਾਧਾ ਯਾਦਵ ਨੇ ਸਟੰਪ ਆਊਟ ਕਰਵਾਇਆ। ਸਲਾਮੀ ਬੱਲੇਬਾਜ਼ ਹੈਲੇ ਮੈਥਿਊਜ਼ (23 ਦੌੜਾਂ) ਅਤੇ ਚੈਡੀਨ ਨੇਸ਼ਨਜ਼ (32 ਦੌੜਾਂ) ਨੇ ਵੈਸਟ ਇੰਡੀਜ਼ ਲਈ ਭਾਈਵਾਲੀ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ 32 ਦੌੜਾਂ ਹੀ ਜੋੜ ਸਕੀਆਂ। ਪੂਜਾ ਵਸਤਰਾਕਰ ਨੇ ਮੈਥਿਊਜ਼ ਨੂੰ ਆਊਟ ਕਰਕੇ ਇਸ ਭਾਈਵਾਲੀ ਨੂੰ ਤੋੜਿਆ। ਇਸ ਮਗਰੋਂ ਦੀਪਤੀ ਨੇ ਦਬਦਬਾ ਬਣਾਇਆ, ਜਿਸਨੇ ਆਖ਼ਰੀ ਚਾਰ ਓਵਰਾਂ ਵਿੱਚ ਚਾਰ ਵਿਕਟਾਂ ਲਈਆਂ। ਨਤਾਸ਼ਾ ਮੈਕਲਿਨ (17 ਦੌੜਾਂ) ਦੋਹਰੇ ਅੰਕਾਂ ਤੱਕ ਪਹੁੰਚਣ ਵਾਲੀ ਤੀਜੀ ਕੈਰੇਬਿਆਈ ਬੱਲੇਬਾਜ਼ ਸੀ। ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਘੱਟ ਉਮਰ ਵਿੱਚ ਅਰਧ-ਸੈਂਕੜਾ ਬਣਾ ਕੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਣ ਵਾਲੀ ਸ਼ੇਫਾਲੀ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖੀ। ਤੀਜਾ ਟੀ-20 ਕੌਮਾਂਤਰੀ ਮੈਚ 14 ਨਵੰਬਰ ਨੂੰ ਗੁਆਨਾ ਦੇ ਪ੍ਰੋਵੀਡੈਂਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

Previous articleਥੀਮ ਤੋਂ ਹਾਰਿਆ ਫੈਡਰਰ, ਏਟੀਪੀ ਤੋਂ ਛੇਤੀ ਬਾਹਰ ਹੋਣ ਦਾ ਖ਼ਤਰਾ
Next articleਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਗੁਰੁ ਨਾਨਕਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਜਨਮ ਦਿਨ ਨੂੰ ਸਮਰਪਿਤ