ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਬਣੇ ਊਧਵ ਠਾਕਰੇ, ਕਿਹਾ- ਕਿਸਾਨਾਂ ਦੇ ਹਿੱਤ ‘ਚ ਵੱਡੇ ਕਦਮ ਚੁੱਕਾਂਗੇ

ਮੁੰਬਈ : ਆਪਣੇ ਸੰਕਲਪ ਨੂੰ ਪੂਰਾ ਕਰਦੇ ਹੋਏ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਆਖਰਕਾਰ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ। ਉਹ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਹਨ। ਉਨ੍ਹਾਂ ਨਾਲ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੇ ਦੋ-ਦੋ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕੀ।

ਖਾਸ ਗੱਲ ਇਹ ਰਹੀ ਕਿ ਸੱਦੇ ਦੇ ਬਾਵਜੂਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸਮਾਗਮ ਵਿਚ ਨਹੀਂ ਪਹੁੰਚੇ। ਸਹੁੰ ਚੁੱਕ ਸਮਾਗਮ ਤੋਂ ਦੋ ਘੰਟੇ ਪਹਿਲੇ ਤਿੰਨਾਂ ਪਾਰਟੀਆਂ ਨੇ ਸਰਕਾਰ ਦਾ ਘੱਟੋ-ਘੱਟ ਸਾਂਝਾ ਪ੍ਰੋਗਰਾਮ ਜਾਰੀ ਕੀਤਾ। ਇਸ ਵਿਚ ਕਿਸਾਨਾਂ ਲਈ ਸੰਪੂਰਨ ਕਰਜ਼ਾ ਮਾਫ਼ੀ, ਨੌਕਰੀਆਂ ਵਿਚ ਸਥਾਨਕ ਲੋਕਾਂ ਨੂੰ 80 ਫੀਸਦ ਪਹਿਲ ਅਤੇ ਧਰਮ ਨਿਰਪੱਖ ਮੁੱਲਾਂ ‘ਤੇ ਦ੍ਰਿੜ ਰਹਿਣ ਦਾ ਵਾਅਦਾ ਕੀਤਾ ਗਿਆ ਹੈ।

1995 ਦਾ ਇਤਿਹਾਸ ਦੁਹਰਾਉਂਦੇ ਹੋਏ ਦਾਦਰ ਸਥਿਤ ਸ਼ਿਵਾਜੀ ਪਾਰਕ ਵਿਚ ਸ਼ਾਨਦਾਰ ਸਮਾਗਮ ਵਿਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਊਧਵ ਠਾਕਰੇ (59) ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮਹੂਰਤ ਅਨੁਸਾਰ ਊਧਵ ਨੇ ਸ਼ਾਮ 6.42 ਵਜੇ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਪਹਿਲਾਂ ਊਧਵ ਨੇ ਜਿੱਥੇ ਮੰਚ ‘ਤੇ ਰੱਖੀ ਛੱਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਨੂੰ ਨਮਨ ਕੀਤਾ ਉੱਥੇ ਸਹੁੰ ਚੁੱਕਣ ਤੋਂ ਬਾਅਦ ਜ਼ਮੀਨ ਨੂੰ ਮੱਥਾ ਟੇਕਦੇ ਹੋਏ ਜਨਤਾ ਨੂੰ ਵੀ ਪ੍ਰਣਾਮ ਕੀਤਾ।

ਇਸ ਸਹੁੰ ਚੁੱਕ ਸਮਾਗਮ ਦਾ ਮੰਚ ਉਨ੍ਹਾਂ ਦੇ ਪਿਤਾ ਸ਼ਿਵ ਸੈਨਾ ਸੰਸਥਾਪਕ ਬਾਲਾਸਾਹਬ ਠਾਕਰੇ ਦੀ ਯਾਦਗਾਰ ਤੋਂ ਚੰਦ ਕਦਮਾਂ ਦੀ ਦੂਰੀ ‘ਤੇ ਬਣਾਇਆ ਗਿਆ ਸੀ। 1995 ਵਿਚ ਪਹਿਲੀ ਵਾਰ ਬਣੀ ਸ਼ਿਵਸੈਨਾ-ਭਾਜਪਾ ਗਠਜੋੜ ਸਰਕਾਰ ਨੇ ਵੀ ਇਸੇ ਸ਼ਿਵਾਜੀ ਪਾਰਕ ਵਿਚ ਸਹੁੰ ਚੁੱਕੀ ਸੀ। ਉਦੋਂ ਮੁੱਖ ਮੰਤਰੀ ਦੇ ਰੂਪ ਵਿਚ ਸ਼ਿਵ ਸੈਨਾ ਦੇ ਮਨੋਹਰ ਜੋਸ਼ੀ ਅਤੇ ਉਪ ਮੁੱਖ ਮੰਤਰੀ ਦੇ ਰੂਪ ਵਿਚ ਭਾਜਪਾ ਦੇ ਗੋਪੀਨਾਥ ਮੁੰਡੇ ਨੂੰ ਸਹੁੰ ਚੁਕਾਈ ਗਈ ਸੀ।

Previous articleEC files FIRs against Yeddyurappa over ‘casteist’ speeches
Next articleThieves have a field day near Rashtrapati Bhavan