ਮਹਾਰਾਜਾ ਰਣਜੀਤ ਸਿੰਘ ਐਵਾਰਡਜ਼ ਲਈ 60 ਤੋਂ ਵੱਧ ਖਿਡਾਰੀਆਂ ਦੀ ਸਿਫਾਰਸ਼: ਰਾਣਾ ਸੋਢੀ

ਪੰਜਾਬ ਨੂੰ ਖੇਡ ਅਖਾੜੇ ਵਿੱਚ ਮੁੜ ਨੰਬਰ ਇਕ ਸੂਬਾ ਬਣਾਉਣ ਨਾਲ ਖਿਡਾਰੀਆਂ ਲਈ ਚੰਗਾ ਮਾਹੌਲ ਸਿਰਜਣ ਦੇ ਟੀਚੇ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰ ਰਹੀ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਨਵੀਂ ਖੇਡ ਨੀਤੀ ਲਾਗੂ ਕੀਤੀ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਐਵਾਰਡਜ਼ ਸ਼ੁਰੂ ਕੀਤੇ ਗਏ ਹਨ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਭਵਨ ਵਿੱਚ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਸਕਰੀਨਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਹ ਐਵਾਰਡ ਦੇਣ ਸਬੰਧੀ ਸਾਲ 2011-16 ਦਾ ਬੈਕਲਾਗ ਜਲਦੀ ਪੂਰਾ ਕਰ ਦਿੱਤਾ ਜਾਵੇਗਾ ਅਤੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਸਣੇ 60 ਤੋਂ ਵੱਧ ਖਿਡਾਰੀਆਂ ਦੇ ਨਾਵਾਂ ਦੀ ਸਿਫ਼ਾਰਸ਼ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਕੀਤੀ ਗਈ ਹੈ। ਇਹ ਨਾਂ ਛੇਤੀ ਹੀ ਮੁੱਖ ਮੰਤਰੀ ਦੀ ਅਗਵਾਈ ਵਾਲੀ ਉੱਚ ਕਮੇਟੀ ਨੂੰ ਭੇਜੇ ਜਾਣਗੇ, ਜੋ ਅੰਤਿਮ ਫ਼ੈਸਲਾ ਲਵੇਗੀ। ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਨਾਲ ਸਬੰਧਤ ਜਿਨ੍ਹਾਂ ਖਿਡਾਰੀਆਂ ਨੂੰ 2011, 2012, 2013, 2014 ਤੇ 2015 ਵਿੱਚ ਪਦਮ ਸ੍ਰੀ, ਅਰਜੁਨਾ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਮਿਲਿਆ ਹੈ, ਉਹ ਮਹਾਰਾਜਾ ਰਣਜੀਤ ਸਿੰਘ ਐਵਾਰਡ ਪ੍ਰਾਪਤ ਕਰਨ ਲਈ ਸਿੱਧੇ ਤੌਰ ’ਤੇ ਯੋਗ ਹੋਣਗੇ। ਇਨ੍ਹਾਂ ਖਿਡਾਰੀਆਂ ਨੂੰ ਸੂਬਾ ਪੱਧਰੀ ਸਮਾਰੋਹ ਵਿੱਚ ਜਲਦੀ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਖੇਡਾਂ ਤੇ ਯੁਵਕ ਮਾਮਲੇ ਦੇ ਪ੍ਰਮੁੱਖ ਸਕੱਤਰ ਸੰਜੈ ਕੁਮਾਰ, ਡਾਇਰੈਕਟਰ ਖੇਡਾਂ ਅੰਮ੍ਰਿਤ ਕੌਰ ਗਿੱਲ ਆਿਦ ਹਾਜ਼ਰ ਸਨ।

Previous articleਕਿਸਾਨੀ ਸੰਘਰਸ਼: ਧਰਨਾਕਾਰੀਆਂ ’ਤੇ ਕਾਰ ਚੜ੍ਹਾਈ; ਦੋ ਕਿਸਾਨ ਫੱਟੜ
Next articleਕੈਨੇਡੀ ਦੀ ਪਤਨੀ ਵੱਲੋਂ ਲਿਖਿਆ ਪੱਤਰ ਹੋਵੇਗਾ ਨਿਲਾਮ