ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਲੰਡਨ ਵਾਲਾ ਮਹਿਲ ਵਿਕਾਊ

ਲੰਡਨ (ਸਮਾਜ ਵੀਕਲੀ) : ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਅ ਦਲੀਪ ਸਿੰਘ ਦਾ ਇਥੇ ਬਣਿਆ ਮਹਿਲ ਵਿਕਣ ਲਈ ਤਿਆਰ ਹੈ। ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਦਲੀਪ ਸਿੰਘ ਸਿੱਖ ਰਾਜ ਦਾ ਆਖਰੀ ਮਹਾਰਾਜਾ ਸੀ। ਪੰਜਾਬ ਦੀ ਹਕੂਮਤ ਬ੍ਰਿਟਿਸ਼ ਰਾਜ ਅਧੀਨ ਆਉਣ ਮਗਰੋਂ ਦਲੀਪ ਸਿੰਘ ਨੂੰ ਇੰਗਲੈਂਡ ’ਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ।

ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ 1866 ’ਚ ਲੰਡਨ ’ਚ ਜਨਮ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਛੱਤਰ ਛਾਇਆ ਹੇਠ ਲੈ ਲਿਆ ਸੀ। ਕਈ ਸਾਲਾਂ ਬਾਅਦ ਉਸ ਨੇ ਕੋਵੈਂਟਰੀ ਦੇ 9ਵੇਂ ਅਰਲ ਦੀ ਧੀ ਲੇਡੀ ਐਨ ਕੋਵੈਂਟਰੀ ਨਾਲ ਵਿਆਹ ਕਰਵਾਇਆ ਸੀ ਜਿਸ ਮਗਰੋਂ ਬ੍ਰਿਟਿਸ਼ ਅਧਿਕਾਰੀਆਂ ਨੇ ਦੱਖਣ-ਪੱਛਮ ਕੇਨਸਿੰਗਟਨ ਦੇ ਦਿ ਲਿਟਿਲ ਬੋਲਟਨਜ਼ ਇਲਾਕੇ ’ਚ ਉਸ ਨੂੰ ਲੀਜ਼ ’ਤੇ ਮਹਿਲ ਦੇ ਦਿੱਤਾ ਸੀ।

ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ ਐੱਮਡੀ ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ। 1868 ’ਚ ਮਹਿਲ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਈਸਟ ਇੰਡੀਆ ਕੰਪਨੀ ਨੇ ਖ਼ਰੀਦ ਲਿਆ ਸੀ। ਕੰਪਨੀ ਨੇ ਇਹ ਮਹਿਲ ਦਲੀਪ ਸਿੰਘ ਦੇ ਪਰਿਵਾਰ ਨੂੰ ਕਾਲੀ ਮਿਰਚ ਦੇ ਬਦਲੇ ’ਚ ਲੀਜ਼ ’ਤੇ ਦੇ ਦਿੱਤਾ ਸੀ। ਸ਼ਾਹੀ ਪਰਿਵਾਰ ਕੋਲ ਵਿੰਬਲਡਨ ਅਤੇ ਰੋਇਹੈਂਪਟਨ ’ਚ ਵੀ ਸੰਪਤੀਆਂ ਸਨ। ਉਨ੍ਹਾਂ ਕੋਲ ਪੂਰਬੀ ਇੰਗਲੈਂਡ ਦੇ ਸਫੋਲਕ ’ਚ 17 ਹਜ਼ਾਰ ਏਕੜ ਰਕਬੇ ’ਚ ਮਹਿਲ ਐਲਵੇਡਨ ਹਾਲ ਵੀ ਸੀ।

Previous articleDelhi Cong passes resolution demanding Rahul Gandhi as party chief
Next articleNDA will fight Bihar Assembly polls under Nitish’s leadership: Nadda