ਮਹਾਨ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਦਾ ਦੇਹਾਂਤ

ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਏ ਆਖਰੀ ਸਾਹ

ਐਸ.ਏ.ਐਸ.ਨਗਰ (ਮੁਹਾਲੀ) (ਸਮਾਜਵੀਕਲੀ) : ਭਾਰਤ ਦੇ ਮਹਾਨ ਹਾਕੀ ਖਿਡਾਰੀ, ਪਦਮਸ਼੍ਰੀ ਬਲਬੀਰ ਸਿੰਘ ਸੀਨੀਅਰ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਆਖਰੀ ਸਾਹ ਲਏ। 96 ਸਾਲਾ ਸੀਨੀਅਰ ਨੂੰ ਅੱਠ ਮਈ ਨੂੰ ਸਾਹ ਅਤੇ ਨਮੂਨੀਏ ਦੀ ਤਕਲੀਫ ਕਾਰਨ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ। ਉਨ੍ਹਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਸੀ।

ਉਨ੍ਹਾਂ ਨੂੰ ਇਲਾਜ ਦੌਰਾਨ ਦਿਲ ਦੇ ਤਿੰਨ ਦੌਰੇ ਪੈ ਚੁੱਕੇ ਸਨ ਤੇ ਦਿਮਾਗ ਵਿੱਚ ਖੂਨ ਦਾ ਧੱਬਾ ਬਣਨ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ ਸਨ। ਉਨ੍ਹਾਂ ਨੂੰ ਵੈਂਟੀਲੇਟਰ ਦੇ ਸਹਾਰੇ ਰੱਖਿਆ ਗਿਆ ਸੀ। ਸ੍ਰੀ ਸੀਨੀਅਰ ਨੇ ਭਾਰਤ ਨੂੰ ਹਾਕੀ ਵਿੱਚ ਲਗਾਤਾਰ ਤਿੰਨ ਵਾਰ ਉਲੰਪਿਕ ਵਿੱਚ ਸੋਨ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

1948 ਉਲੰਪਿਕ ਵਿੱਚ ਉਨ੍ਹਾਂ ਬਤੌਰ ਖਿਡਾਰੀ ਭਾਰਤ ਨੂੰ ਸੋਨ ਤਗਮਾ ਦਿਵਾਇਆ। 1952 ਉਲੰਪਿਕ ਵਿੱਚ ਉਨ੍ਹਾਂ ਉੱਪ ਕਪਤਾਨ ਵਜੋਂ ਭਾਰਤੀ ਟੀਮ ਨੂੰ ਗੋਲਡ ਮੈਡਲ ਜਿਤਾਇਆ ਅਤੇ 1956 ਉਲੰਪਿਕ ਵਿੱਚ ਉਨ੍ਹਾਂ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਦਿਆਂ ਭਾਰਤ ਦੀ ਝੋਲੀ ਲਗਾਤਾਰ ਤੀਜੀ ਵਾਰ ਗੋਲਡ ਮੈਡਲ ਪਵਾਇਆ।

ਉਨ੍ਹਾਂ ਦੀ ਮੌਤ ਨਾਲ ਸਮੁੱਚੇ ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਵੱਲੋਂ ਉਨ੍ਹਾਂ ਦੇ ਚੰਡੀਗੜ੍ਹ ਦੇ ਸੈਕਟਰ 36 ਵਿਚਲੇ ਨਿਵਾਸ ਸਥਾਨ ਉਤੇ ਲਿਜਾਇਆ ਗਿਆ ਹੈ।

Previous articleਗੁਰੂ ਰਵਿਦਾਸ ਦੇ ਸਰੂਪ ਦੀ ਬੇਅਦਬੀ ਵਿਰੁੱਧ ਪ੍ਰਦਰਸ਼ਨ
Next articleYogi govt completes skill mapping of 14.75 lakh migrants