ਮਹਾਂਦੋਸ਼: ਜਾਂਚ ਬਾਰੇ ਟਰੰਪ ਵੱਲੋਂ ਫੋਨ ਕੀਤੇ ਜਾਣ ਦਾ ਖ਼ੁਲਾਸਾ

ਵਾਸ਼ਿੰਗਟਨ– ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਮਹਾਂਦੋਸ਼ਾਂ ਦੇ ਜਾਂਚਕਾਰਾਂ ਨੂੰ ਦੱਸਿਆ ਹੈ ਕਿ ਉਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਯੂਕਰੇਨ ’ਚ ਅਮਰੀਕੀ ਸਫ਼ੀਰ ਨੂੰ ਜਾਂਚ ਬਾਰੇ ਫੋਨ ’ਤੇ ਦੱਸਣ ਦੀ ਗੱਲ ਸੁਣੀ ਸੀ। ਯੂਕਰੇਨ ’ਚ ਅਮਰੀਕੀ ਸਫ਼ਾਰਤਖਾਨੇ ਦੇ ਸਿਆਸੀ ਕਾਊਂਸਿਲ ਡੇਵਿਡ ਹੋਮਜ਼ ਨੇ ਕਿਹਾ ਕਿ ਟਰੰਪ ਇੰਨੇ ਉੱਚੇ ਸੁਰ ’ਚ ਬੋਲ ਰਹੇ ਸਨ ਕਿ ਸਫ਼ੀਰ ਗੌਰਡਨ ਸੋਂਡਲੈਂਡ ਨੂੰ ਫੋਨ ਆਪਣੇ ਕੰਨ ਤੋਂ ਹਟਾਉਣਾ ਪਿਆ ਸੀ। ਹੋਮਜ਼ ਨੇ ਕਿਹਾ ਕਿ ਕੀਵ ਦੇ ਰੈਸਟੋਰੈਂਟ ’ਚ ਬੈਠੇ ਹੋਰ ਲੋਕਾਂ ਨੇ ਵੀ ਇਹ ਕਾਲ ਸੁਣੀ ਸੀ। ਜ਼ਿਕਰਯੋਗ ਹੈ ਕਿ ਟਰੰਪ ਨੇ ਯੂਕਰੇਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਵੋਲੋਡੀਮਾਈ ਜ਼ੇਲੇਨਸਕੀ ਨੂੰ ਫੋਨ ਕਰਕੇ ਕਿਹਾ ਸੀ ਕਿ ਉਹ ਡੈਮੋਕਰੈਟ ਅਤੇ 2020 ’ਚ ਆਪਣੇ ਵਿਰੋਧੀ ਜੋਏ ਬਿਡੇਨ ਖ਼ਿਲਾਫ਼ ਜਾਂਚ ਸ਼ੁਰੂ ਕਰਨ। ਇਕ ਵਿਅਕਤੀ ਦੀ ਸ਼ਿਕਾਇਤ ’ਤੇ ਟਰੰਪ ਖ਼ਿਲਾਫ਼ ਮਹਾਂਦੋਸ਼ ਸਬੰਧੀ ਜਾਂਚ ਆਰੰਭ ਹੋਈ ਹੈ। ਹੋਮਜ਼ ਅਤੇ ਇਕ ਹੋਰ ਵਿਅਕਤੀ ਦੇ ਬਿਆਨ ਨੂੰ ਘੋਖਿਆ ਗਿਆ ਹੈ। ਹੋਮਜ਼ ਦੀ ਕਾਨੂੰਨਸਾਜ਼ਾਂ ਮੂਹਰੇ ਕਰੀਬ ਸੱਤ ਘੰਟਿਆਂ ਤੱਕ ਗਵਾਹੀ ਹੋਈ। ਏਪੀ ਦੀ ਰਿਪੋਰਟ ਮੁਤਾਬਕ ਕੀਵ ’ਚ ਵਿਦੇਸ਼ ਸੇਵਾ ਦੇ ਅਧਿਕਾਰੀ ਸੂਰਿਆ ਜਯੰਤੀ ਨੇ ਵੀ ਟਰੰਪ ਦੀ ਫੋਨ ਕਾਲ ਸੁਣੀ ਸੀ।
ਹੋਮਸ ਨੇ ਜਾਂਚ ’ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ’ਚ ਉਸ ਨੂੰ ਪੇਸ਼ੀ ਲਈ ਨੋਟਿਸ ਜਾਰੀ ਕੀਤਾ ਗਿਆ। ਉਸ ਨੇ ਕਾਨੂੰਨਸਾਜ਼ਾਂ ਮੂਹਰੇ ਕਰੀਬ ਸੱਤ ਘੰਟਿਆਂ ਤੱਕ ਸਵਾਲਾਂ ਦੇ ਜਵਾਬ ਦਿੱਤੇ। ਉਸ ਨੂੰ ਅਹਿਮ ਗਵਾਹ ਮੰਨਿਆ ਜਾ ਰਿਹਾ ਹੈ ਕਿਉਂਕਿ ਉਸ ਨੇ ਟਰੰਪ ਨੂੰ ਖੁਦ ਸੁਣਿਆ ਸੀ।

Previous articleਕੇਂਦਰ ਦੀਆਂ ਯੋਜਨਾਵਾਂ ਨਾਲ ਗ਼ਰੀਬਾਂ ਨੂੰ ਲਾਭ ਮਿਲਿਆ: ਮਲਿਕ
Next articleਸ਼ਬਰੀਮਾਲਾ: ਭਗਵਾਨ ਅਯੱਪਾ ਦਾ ਮੰਦਰ ਦਰਸ਼ਨਾਂ ਲਈ ਖੁੱਲ੍ਹਿਆ