ਮਸੂਦ ਮਾਮਲਾ: ਯੂਐੱਨ ਮੈਂਬਰ ਮੁਲਕਾਂ ਨੇ ਦਿੱਤੀ ਚੀਨ ਨੂੰ ਚੇਤਾਵਨੀ

ਚੀਨ ਵੱਲੋਂ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਬਾਨੀ ਤੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਤਜਵੀਜ਼ ਦੇ ਰਾਹ ਵਿੱਚ ਚੌਥੀ ਵਾਰ ਅੜਿੱਕਾ ਢਾਹੁਣ ਤੋਂ ਨਾਰਾਜ਼ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੇ ਜ਼ਿੰਮੇਵਾਰ ਮੈਂਬਰ ਮੁਲਕਾਂ ਨੇ ਪੇਈਚਿੰਗ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਇਸੇ ਨੀਤੀ ’ਤੇ ਤੁਰਦਾ ਰਿਹਾ ਤਾਂ ਉਨ੍ਹਾਂ ਨੂੰ ‘ਕੋਈ ਹੋਰ ਕਾਰਵਾਈ’ ਕਰਨ ਲਈ ਮਜਬੂਰ ਹੋਣਾ ਪਏਗਾ। ਉਧਰ ਚੀਨ ਨੇ ਕਿਹਾ ਕਿ ਜੈਸ਼ ਮੁਖੀ ਖ਼ਿਲਾਫ਼ ਕਾਰਵਾਈ ਨੂੰ ਰੋਕਣ ਦਾ ਮੁੱਖ ਮਕਸਦ ਸਬੰਧਤ ਧਿਰਾਂ ਨੂੰ ਸੰਵਾਦ ਦੇ ਰਾਹ ਪਾ ਕੇ ਕੋਈ ਅਜਿਹਾ ਹੱਲ ਕੱਢਣਾ ਹੈ, ਜੋ ਸਾਰਿਆਂ ਨੂੰ ਸਵੀਕਾਰ ਹੋਵੇ। ਸੁਰੱਖਿਆ ਕੌਂਸਲ ਦੇ ਸੀਨੀਅਰ ਰਾਜਦੂਤਾਂ ਨੇ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਚੀਨ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, ‘ਜੇਕਰ ਚੀਨ ਇਸੇ ਤਰ੍ਹਾਂ ਮਸੂਦ ਮਾਮਲੇ ਵਿੱਚ ਰਾਹ ਦਾ ਰੋੜਾ ਬਣਦਾ ਰਿਹਾ ਤਾਂ ਯੂਐੱਨ ਸੁਰੱਖਿਆ ਕੌਂਸਲ ਦੇ ਜ਼ਿੰਮੇਵਾਰ ਮੈਂਬਰ ਮੁਲਕ ਕੋਈ ਹੋਰ ਕਾਰਵਾਈ ਕਰਨ ਲਈ ਮਜਬੂਰ ਹੋਣਗੇ।’ ਸੀਨੀਅਰ ਰਾਜਦੂਤਾਂ ਨੇ ਕਿਹਾ ਕਿ ਚੀਨ ਦੀ ਇਸ ਪੇਸ਼ਕਦਮੀ ਨਾਲ ਹੋਰ ਮੈਂਬਰ ਮੁਲਕ ਨਿਰਾਸ਼ ਹਨ। ਚੇਤੇ ਰਹੇ ਕਿ ਪਿਛਲੇ ਦਸ ਸਾਲ ਵਿੱਚ ਇਹ ਚੌਥਾ ਮੌਕਾ ਹੈ ਜਦੋਂ ਚੀਨ ਨੇ ਪਾਕਿਸਤਾਨ ਦੀ ਸੂਹੀਆ ਏਜੰਸੀ ਆਈਐਸਆਈ ਦੀ ਅੱਖਾਂ ਦੇ ਤਾਰੇ ਕਹੇ ਜਾਂਦੇ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਦੇ ਰਾਹ ਵਿੱਚ ਅੜਿੱਕਾ ਢਾਹਿਆ ਹੈ। ਜੈਸ਼ ਮੁਖੀ ਸੱਜਰੇ ਪੁਲਵਾਮਾ ਹਮਲੇ ਸਮੇਤ ਪਠਾਨਕੋਟ ਏਅਰਬੇਸ ’ਤੇ ਦਹਿਸ਼ਤੀ ਹਮਲੇ, ਉੜੀ ਹਮਲੇ ਤੇ 2001 ਵਿੱਚ ਸੰਸਦ ’ਤੇ ਹਮਲੇ ਜਿਹੇ ਕਈ ਅਪਰਾਧਾਂ ਦਾ ਮੁੱਖ ਸਾਜ਼ਿਸ਼ਘਾੜਾ ਹੈ। ਅਜ਼ਹਰ ਨੂੰ ਯੂਐਨ ਸੁਰੱਖਿਆ ਕੌਂਸਲ ਦੀ 1267 ਅਲਕਾਇਦਾ ਸੈਂਕਸ਼ਨਜ਼ ਕਮੇਟੀ ਤਹਿਤ ਆਲਮੀ ਦਹਿਸ਼ਤਗਰਦ ਐਲਾਨੇ ਜਾਣ ਸਬੰਧੀ ਮਤਾ ਫਰਾਂਸ, ਯੂਕੇ ਤੇ ਅਮਰੀਕਾ ਨੇ ਪੇਸ਼ ਕੀਤਾ ਸੀ। ਉਧਰ ਕਈ ਭਾਰਤੀ ਅਮਰੀਕੀ ਜਥੇਬੰਦੀਆਂ ਨੇ ਵੀ ਚੀਨ ਦੀ ਇਸ ਪੇਸ਼ਕਦਮੀ ਦਾ ਵਿਰੋਧ ਕੀਤਾ ਹੈ। ਇਸ ਦੌਰਾਨ ਚੀਨ ਦੇ ਤਰਜਮਾਨ ਲੂ ਕਾਂਗ ਨੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਸ ਕਾਰਵਾਈ ਨਾਲ ਸਬੰਧਤ ਮੁਲਕਾਂ ਨੂੰ ਸੰਵਾਦ ਵਿੱਚ ਮਦਦ ਮਿਲੇਗੀ ਤੇ ਖਿੱਤੇ ਵਿੱਚ ਅਮਨ ਤੇ ਸਥਿਰਤਾ ਆਏਗੀ। ਲੂ ਨੇ ਕਿਹਾ ਕਿ ਹਾਲ ਦੀ ਘੜੀ ਮਸੂਦ ਮਾਮਲੇ ਵਿੱਚ ਯੂਐੱਨ ਵਿੱਚ ਤਕਨੀਕੀ ਅਧਾਰ ’ਤੇ ਰੋਕ ਲਾਈ ਗਈ ਹੈ ਤੇ ਇਸ ਕਾਰਵਾਈ ਨਾਲ ਸਬੰਧਤ ਧਿਰਾਂ ਨੂੰ ਇਸ ਮੁੱਦੇ ਦੇ ਅਧਿਐਨ ਲਈ ਵਾਧੂ ਸਮਾਂ ਮਿਲੇਗਾ।

Previous articleਚੀਨ ਦੇ ਸ਼ੀ ਤੋਂ ਡਰਦੇ ਨੇ ਮੋਦੀ: ਰਾਹੁਲ
Next articleਮੁੰਬਈ ਵਿੱਚ ਰੇਲਵੇ ਪੁਲ ਡਿੱਗਿਆ; 6 ਮੌਤਾਂ