ਮਲੋਟ ਕਾਂਡ , ਗੁੰਡਾ ਬਰਾਂਡ

ਇਲਤੀ ਬਾਬਾ

(ਸਮਾਜ ਵੀਕਲੀ)

ਹੁਣ ਵਿਚਲੀ ਗੱਲ ਤਾਂ ਸਭ ਨੂੰ ਸਮਝ ਆਉਦੀ ਹੈ ਕਿ ਅੱਖਾਂ ਕਿਸ ਦੀਆਂ ਦੁੱਖ ਰਹੀਆਂ ਤੇ ਲਾਲੀ ਕਿਸ ਦੀਆਂ ਅੱਖਾਂ ਵਿੱਚ ਨਜ਼ਰ ਆਉਂਦੀ ਹੈ? ਮਸਲਾ ਤਾਂ ਕਿਸਾਨੀ ਅੰਦੋਲਨ ਹੈ ਜਿਹੜਾ ਭਾਜਪਾ ਸਰਕਾਰ ਦੇ ਗਲੇ ਦੀ ਹੱਡੀ ਬਣ ਗਿਆ ਹੈ। ਬੰਗਾਲ ਦੇ ਵਿੱਚ ਬੰਗਾਲੀ ਲੋਕਾਂ ਨੇ ਭਾਜਪਾ ਵਾਲਿਆਂ ਨੂੰ ਵਾਹਣੀ ਪਾਇਆ ਹੋਇਆ ਹੈ । ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ । ਭਾਜਪਾ ਦੇ ਵੱਡੇ ਆਗੂਆਂ ਦਾ ਖੂਨ ਹੀ ਨਹੀਂ ਸਗੋਂ ਸਾਹ ਵੀ ਸੁਕਣ ਲੱਗ ਗਿਆ । ਇਸੇ ਕਰਕੇ ਪ੍ਰਧਾਨ ਸੇਵਕ ਕਮਲੀਆਂ ਤੇ ਰਮਲੀਆਂ ਮਾਰਦਾ ਹੈ। ਕੱਲ੍ਹ ਤੇ ਉਸ ਦਾ ਜਹਾਜ਼ ਵੀ ਬੰਗਾਲ ਦੀ ਧਰਤੀ ‘ਤੇ ਉਤਰਨ ਨਹੀਂ ਦਿੱਤਾ । ਇਧਰ ਕਿਸਾਨੀ ਅੰਦੋਲਨ ਨੇ ਨੱਕ ਵਿੱਚ ਦਮ ਕੀਤਾ ਪਿਆ।

ਕੱਲ੍ਹ ਮਲੋਟ ਕਾਂਡ ਦਾ ਅਸਲੀ ਸੱਚ ਵੀ ਸਾਹਮਣੇ ਆ ਗਿਆ । ਸੱਚ ਕੀ ਹੈ ਇਹ ਤੁਸੀਂ ਵੀ ਜਾਣਦੇ ਹੋ ਬਾਬਾ ਇਲਤੀ ਪਰ ਤੁਸੀਂ ਬਾਬੇ ਨਾਲ ਵਰਤੀ ਘਟਨਾ ਸੁਣੋ। ਸਕੂਲ ਦੀ ਪੜ੍ਹਾਈ ਦੌਰਾਨ ਬਾਬੇ ਦੀਆਂ ਇਲਤਾਂ ਤੋਂ ਤੰਗ ਆ ਕੇ ਉਸ ਦਿਨ ਇਲਤੀ ਨੂੰ ਛੁੱਟੀ ਦੇ ਦਿੱਤੀ ਜਿਸ ਦਿਨ ਸਕੂਲ ਦੇ ਵਿੱਚ ਬੀ. ਈ.ਓ. ਨੇ ਆਉਣਾ ਸੀ। ਸਕੂਲ ਦੁਲਹਨ ਵਾਂਗੂੰ ਸਜਾਇਆ ਗਿਆ ਜਿਉ ਹੀ ਬੀ.ਈ.ਓ.ਸਾਹਿਬ ਪੁਜਿਆ ਇਲਤੀ ਵੀ ਚਾਹ ਦਾ ਡੋਲੂ ਲੈ ਕੇ ਆ ਗਿਆ । ਬਸ ਫੇਰ ਮਾਸਟਰਾਂ ਦੀ ਹਾਲਤ ਕੈਪਟਨ ਵਰਗੀ ਹੋ ਗਈ। ਸਕੂਲ ਚ ਮਾਸਟਰਾਂ ਦੇ ਮੂਹਰੇ ਬੀ.ਈ.ਓ. ਤੇ ਕੈਪਟਨ ਦੇ ਮੂਹਰੇ ਈ.ਡੀ..। ਫਸੇ ਕੀ ਕਰਨ , ਕੀ ਨਾ ਕਰਨ. ਜਿਵੇਂ ਕਹਿੰਦੇ ਹੁੰਦੇ ਆ ਕਿ “ਜਾਨੋੰ ਮਾਰਨ ਨਾਲੋਂ ਡਰਾਇਆ ਚੰਗਾ ਹੁੰਦਾ।

ਬੀ.ਈ.ਓ.ਸਾਹਿਬ ਚਾਹ ਦਾ ਡੋਲੂ ਵੇਖ ਕੇ ਸਮਝ ਗਿਆ ਪਰ ਬੋਲਿਆ ਕੁੱਝ ਨਾ। ਮਾਸਟਰਾਂ ਦੇ ਮੂੰਹ ‘ ਆਈ ਤਰੇਲੀ ਜਰੂਰ ਦੇਖ ਗਿਆ । ਬੀ.ਈ.ਓ. ਸਾਹਿਬ ਦੇ ਸਟਾਫ ਨੇ ਸਕੂਲ ਦੇ ਰਜਿਸਟਰ ਦੇਖੇ। ਬੀ.ਈ.ਓ.ਸਾਹਿਬ ਨੇ ਬੱਚਿਆਂ ਦੇ ਨਾਲ ਸਵਾਲ ਸ਼ੁਰੂ ਕੀਤੇ। ਬਸ ਦੇ ਜਵਾਬ ਸਹੀ ਹੋਣ ਕਰਕੇ ਮਾਸਟਰ ਖੁਸ਼ ਸਨ। ਜਿਵੇਂ ਕੈਪਟਨ ਸਾਹਿਬ ਓਨਾ ਚਿਰ ਖੁਸ਼ ਹਨ ਜਦੋਂ ਤੱਕ ਈ.ਡੀ.ਕੋਈ ਕਾਰਵਾਈ ਨੀ ਕਰਦੀ ਪਰ ਡਰ ਜਰੂਰ ਬਣਿਆ ਹੋਇਆ । ਕਿਸਾਨ ਅੰਦੋਲਨ ਦੀ ਹਮਾਇਤ ਕਰਨੀ ਉਨ੍ਹਾਂ ਨੂੰ ਪੁੱਠੀ ਪਈ ਹੋਈ ਹੈ।

ਬੀ.ਈ.ਓ.ਨੇ ਇਕ ਲੋਕ ਬੋਲੀ ਪਾ ਕੇ ਉਸਦੇ ਅਰਥ ਪੁੱਛੇ ਤਾਂ ਇਲਤੀ ਜਿਹੜਾ ਹੁਣ ਤੱਕ ਚੁਪ ਬੈਠਾ ਸੀ ਉਠ ਕੇ ਬੋਲਿਆ । ਮਾਸਟਰਾਂ ਦੇ ਸਾਹ ਸੁੱਕ ਗਏ। ਹੁਣ ਚੰਗੀ ਭਲੀ ਬਣੀ ਇੱਜਤ ਰੋਲੂਗਾ। ਮਾਸਟਰ ਤਾਂ ਪਹਿਲਾਂ ਹੀ ਉਸ ਨੂੰ ਘੂਰ ਕੇ ਬੈਠਣ ਲਈ ਬਿਨਾਂ ਬੋਲੇ ਆਖਦੇ ਸੀ। ਇਸੇ ਤਰ੍ਹਾਂ ਗ੍ਰਹਿ ਮੰਤਰੀ ਨੇ ਦਿੱਲੀ ਸੱਦ ਕੇ ਕੈਪਟਨ ਨੂੰ ਸਮਝਾਇਆ ਸੀ ਕਿ ਕੈਪਟਨ ਸਾਹਿਬ ਕਿਸਾਨਾਂ ਦੀ ਕੀਤੀ ਹਮਾਇਤ ਮਹਿੰਗੀ ਪੈ ਸਕਦੀ ਹੈ.ਕੁੱਝ ਕਰੋ ਕਿਸਾਨਾਂ ਦਾ?”

ਕੈਪਟਨ ਕੋਲ ਤੇ ਤਾਕਤ ਸੀ ਉਸ ਨੇ ਸਕੂਲ ਖੋਲ੍ਹ ਦਿੱਤੇ। ਬਈ ਦਿੱਲੀ ਬੈਠੇ ਜਵਾਕਾਂ ਦੇ ਕਰਕੇ ਕਿਸਾਨ ਵਾਪਸ ਆ ਜਾਣਗੇ। ਪਰ ਗੱਲ ਨਾ ਬਣੀ । ਉਧਰ ਬਾਦਲਾਂ ਦੀ ਸੰਘੀ ਨੱਪੀ। ਸੁਖਬੀਰ ਨੇ ਆਪਣੇ ਤੇ ਹਮਲਾ ਕਰਵਾਇਆ । ਪਰ ਗੱਲ ਨਾ ਬਣੀ। ਕਿਸਾਨ ਅੰਦੋਲਨ ਅੱਗੇ ਵਧਿਆ । ਪਰ ਗੱਲ ਤੇ ਸਕੂਲ ਵਿੱਚ ਇਲਤੀ ਨੇ ਬਣਾ ਦਿੱਤੀ । ਜਿਉ ਹੀ ਬੀ.ਈ.ਓ. ਨੇ ਪੁੱਛਿਆ ਕਿ ” ਅੱਖ ਮੇਰੇ ਯਾਰ ਦੀ ਦੁਖੇ ਲਾਲੀ ਮੇਰਿਆਂ ਨੈਣਾਂ ਵਿਚ ਰੜਕੇ ।” ਇਲਤੀ ਹੋ ਗਿਆ ਸ਼ੁਰੂ।

” ਜੀ ਜਿਵੇਂ ਮੀਂਹ ਪਹਾੜਾਂ ‘ਤੇ ਪੈਦਾ ਤੇ ਹੜ੍ਹ ਪੰਜਾਬ ਵਿੱਚ ਆ ਜਾਂਦੇ ਅ।”

” ਸਾਬਸ਼ੇ ” ਬੀ.ਈ.ਓ.ਤੋਂ ਪਹਿਲਾਂ ਹੈਡ ਟੀਚਰ ਬੋਲਿਆ । ” ਜੀ….ਜਿਵੇਂ ਹੁਣ ਬੋਲ ਮੈਂ ਰਿਹਾ ਤੇ ਲੱਤਾਂ ਮਾਸਟਰ ਜੀਆਂ ਦੀਆਂ ਕੰਬੀ ਜਾਂਦੀਆਂ ਹਨ..ਬਸ ੀੁਸੇ ਤਰ੍ਹਾਂ ਇਹ ਲੋਕ ਬੋਲੀ ਹੈ!”
ਇਲਤੀ ਦਾ ਤੇ ਪਤਾ ਸੀ ਕਿ ਉਸਦੀ ਸ਼ਾਮਤ ਡੀ.ਈ.ਓ.ਦੇ ਜਾਣ ਤੋਂ ਬਾਅਦ ਆਉਣੀ ਹੈ ਪਰ ਕੈਪਟਨ ਦੀ ਸ਼ਾਮਤ ਕਿਸਾਨ ਅੰਦੋਲਨ ਦੌਰਾਨ ਹੀ ਆਈ ਪਈ ਹੈ।

” ਮਰਦੀ ਨੇ ਅੱਕ ਚੱਬਿਆ ਨੀ ਹਾਰ ਕੇ ਜੇਠ ਨਾਲ ਲਾਈਆਂ ।”

ਹੁਣ ਕੁਟਾਪਾ ਤਾਂ ਭਾਜਪਾ ਦੇ ਨੇਤਾ ਦਾ ਕਰਵਾਇਆ , ਸਗੋਂ ਹੋਇਆ ਪਰ ਜਾਨ ਕਸੂਤੀ ਕੈਪਟਨ ਸਾਹਿਬ ਦੀ ਫਸ ਗਈ ਅੈ!
ਹੁਣ ਇਕ ਪਾਸੇ ਈ.ਡੀ.ਦਾ ਭੂਤ ਹੈ ਦੂਜੇ ਪਾਸੇ ਸ਼ਾਂਤਮਈ ਅੰਦੋਲਨ ਲੜ੍ਹਾਈ ਲੜਦੇ ਕਿਸਾਨ ਹਨ। ਫੇਰ ਭਾਜਪਾ ਦੇ ਵਿਧਾਇਕ ਨੂੰ ਸ਼ਗਨ ਕੌਣ ਪਾ ਗਿਆ ?

ਗੱਲ ਤੇ ਸੋਚਣ ਵਾਲੀ ਹੈ ਪਰ ਸੋਚੇ ਕੌਣ ਜਿਵੇਂ ਅੱਤਵਾਦ ਵੇਲੇ ਲੋਕਾਂ ਨੇ ਤੇ ਪੁਲਿਸ ਨੇ ਆਪਣੀਆਂ ਨਿੱਜੀ ਕਿੱੜਾਂ ਕੱਢੀਆਂ ਤੇ ਖਾੜਕੂਆਂ ਦੇ ਖਾਤੇ ਪੈ ਗਈਆਂ ਜਾਂ ਪਾ ਦਿੱਤੀਆਂ । ਹੁਣ ਸੋਚਿਆ ਤੇ ਇਹੋ ਸੀ ਕਿ ਭਾਜਪਾ ਦੇ ਵਿਧਾਇਕ ਦੀ ਕੁੱਟਮਾਰ ਕਰੋ ਤੇ ਖਿਸਕੋ ਪਰ ਵਿਧਾਇਕ ਨੇ ਸਾਰੀ ਪੋਲ ਹੀ ਖੋਲ ਦਿੱਤੀ । ਕਾਂਗਰਸ ਦੀ ਹਾਲਤ ਮਿਰਾਸੀ ਵਰਗੀ ਬਣ ਗਈ ਹੈ। ” ਮਰਾਸੀ ਨੇ ਰੱਖੇ ਰੋਜ਼ੇ ਦਿਨ ਵੱਡੇ ਹੋਏ।”

ਹੁਣ ਦੱਸੋ ਇਲਤੀ ਕੀ ਕਰੇ?

ਹੁਣ ਜਿਹਨਾਂ ਨੇ ਇਹ ਸ਼ਗਨ ਪਾਇਆ ਹੁਣ ਡੋਲੀ ਵੀ ਤੋਰਨੀ ਪਊਗੀ। ਪਰ ਕੀ ਯਾਰ ਦੀ ਅੱਖ ਦਾ?

ਵਿਚਾਰਾ ਰਾਸ਼ਟਰੀ ਪ੍ਰਧਾਨ ਸੇਵਕ ਹੁਣ ਵਾੜ ਵਿੱਚ ਫਸੇ ਬਿੱਲੇ ਵਰਗੀ ਹਾਲਤ ਵਿੱਚ ਦਿਨ ਕੱਟ ਰਿਹਾ ਤੇ ਚੂੜੀਆਂ ਪੰਜਾਬ ਸਰਕਾਰ ਦੇ ਸਿਪਾਹਸਲਾਰ ਤੇ ਬਾਦਲਕਿਆਂ ਦੀਆਂ ਕਸੀ ਜਾ ਰਿਹਾ ਹੈ। ਜਿਵੇਂ ਅੰਨ੍ਹੇ ਬੰਦੇ ਬੋਲ ਤੋਂ ਪਛਾਣ ਆ ਜਾਂਦੀ ਹੈ ਹੁਣ ਕਾਂਗਰਸ ਦੇ ਬਰਾਂਡ ਦੀ ਚਰਚਾ ਗਲੀ ਗਲੀ ਹੈ। ਪਹਿਲਾਂ ਪੰਜਾਬ ਦੇ ਮਜੀਠੀਆ ਰੰਗ ਮਸ਼ਹੂਰ ਸੀ ਹੁਣ ਕਿਹੜਾ ਬਰਾਂਡ ਚੱਲਦਾ ਹੈ ?

ਇਲਤੀ ਦੀਆਂ ਬੁਝਾਰਤਾਂ ਇਲਤੀ ਜਾਣੇ ਪਰ ਸਕੂਲ ਦੇ ਨਿਆਣੇ ਨੀ ਜਾਂਦੇ । ਸਕੂਲ ਬੰਦ, ਠੇਕੇ ਤੇ ਸਿਨਮੇ ਖੁੱਲ੍ਹੇ, ਜੇ ਲੱਗ ਲੌਕਡਾਊਨ ਤਾਂ ਬੰਦ ਚੁੱਲੇ। ਫੇਰ ਹੋਣਗੇ ਹੱਲੇ ਗੁਲੇ।

ਲਾਹਣਤ ਹੈ ਕੁਰਸੀ ਦੇ ਭੁੱਖੜ ਅਲੀ ਬਾਬਾ ਚਾਲੀ ਚੋਰਾਂ ਨੂੰ ਤੇ ਚੌਰਿਆਂ ਨੂੰ । ਪਰ ਕਿਸਾਨ ਅੰਦੋਲਨ ਤਾਂ ਮਸਤ ਹਾਥੀ ਵਾਂਗ ਅੱਗੇ ਵੱਧ ਰਿਹਾ ਹੈ। ਫੇਰ ਇਹ ਨਵਾਂ ਬਰਾਂ ਕਿਹੜਾ ਚੱਲ ਪਿਆ ਹੈ? ਨੰਗੇ ਕਰਕੇ ਕੁੱਟਣ ਵਾਲਾ। ਜਿਵੇ ਕਹਿੰਦੇ ਹੁੰਦੇ ਸੀ ” ਜਿਹੋ ਜਿਹੇ ਕੁੱਜੇ ਓਹੋ ਜਿਹੇ ਆਲੇ, ਜਿਹੋ ਜਿਹੇ ਜੀਜੇ ਓਹੋ ਜਿਹੇ ਸਾਲੇ, ਕਰਗੇ ਘਾਲੇਮਾਲੇ…ਪਰ ਕੌਣ ਆਖੇ ਰਾਣੀਏ ਅੱਗਾ ਢਕ “!

ਇਲਤੀ ਬਾਬਾ
ਇੰਦਰਲੋਕ
ਨਰਕਸਥਾਨ
PP No.
9464370823

Previous article*ਚੇਚਕ ਬਨਾਮ ਮਾਤਾ*
Next articleਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼, ਆਪਸੀ ਭਾਈਚਾਰਾ ਤੇ ਪਿਆਰ ਮੁਹੱਬਤਾਂ ਨੂੰ ਦਰਸਾਉਂਦੇ ਸੁਨੇਹੇ ਦਿੰਦੇ ਗੀਤਾਂ ਦਾ ਰਚੇਤਾ ਗੀਤਕਾਰ ਸੁਖਦੇਵ ਸਿੰਘ