ਮਲੇਸ਼ੀਆ ਵਿੱਚ ਕਿਸ਼ਨਗੜ੍ਹ ਦੇ ਨੌਜਵਾਨ ਦੀ ਮੌਤ

ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਕਰੀਬ ਅੱਠ ਮਹੀਨੇ ਪਹਿਲਾਂ ਪਿੰਡ ਕਿਸ਼ਨਗੜ੍ਹ (ਸੇਢਾ ਸਿੰਘ ਵਾਲਾ ) ਤੋਂ ਮਲੇਸ਼ੀਆ ਗਏ ਬਲਕਾਰ ਸਿੰਘ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਪਰਿਵਾਰ ਵਿੱਚ ਦੋ ਭਰਾਵਾਂ ‘ਚੋਂ ਛੋਟਾ ਬਲਕਾਰ ਸਿੰਘ (20) ਪਿਛਲੇ ਮਹੀਨੇ ਘਰ ਆਇਆ ਸੀ ਅਤੇ ਇੱਕ ਮਹੀਨਾ ਪਰਿਵਾਰ ਕੋਲ ਬਿਤਾ ਕੇ 9 ਮਾਰਚ ਨੂੰ ਹੀ ਵਾਪਸ ਮਲੇਸ਼ੀਆ ਗਿਆ ਸੀ। 11 ਮਾਰਚ ਨੂੰ ਉਸ ਦੀ ਲਾਸ਼ ਮਲੇਸ਼ੀਆ ਵਾਲੇ ਘਰ ਵਿੱਚ ਪੌੜੀਆਂ ਦੀ ਰੇਲਿੰਗ ਨਾਲ ਲਟਕਦੀ ਮਿਲੀ। ਬਲਕਾਰ ਦੀ ਮੌਤ ਦੀ ਖ਼ਬਰ ਮਿਲਦਿਆਂ ਪਰਿਵਾਰ ਤੇ ਪਿੰਡ ’ਚ ਮਾਤਮ ਛਾ ਗਿਆ ਹੈ। ਮ੍ਰਿਤਕ ਬਲਕਾਰ ਸਿੰਘ ਦੇ ਪਿਤਾ ਰਾਮਫਲ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 11 ਮਾਰਚ ਨੂੰ ਬਲਕਾਰ ਦੇ ਸਾਥੀਆਂ ਵੱਲੋਂ ਉਸ ਦੀ ਦੀ ਮੌਤ ਦੀ ਸੂਚਨਾ ਦਿੱਤੀ ਗਈ। ਇਹ ਘਟਨਾ ਕਿਵੇਂ ਵਾਪਰੀ ਇਸ ਦਾ ਹਾਲੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਨੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਨੌਜਵਾਨ ਦੀ ਮ੍ਰਿਤਕ ਦੇਹ ਵਿਦੇਸ਼ ਤੋਂ ਮੰਗਵਾਉਣ ਲਈ ਬੇਨਤੀ ਕੀਤੀ ਹੈ ਜਿਸ ਦੀ ਪਰਿਵਾਰ ਉਡੀਕ ਕਰ ਰਿਹਾ ਹੈ।

Previous articleਫ਼ਰੀਦਕੋਟ ਜ਼ਿਲ੍ਹੇ ਦੇ 18 ਆਬਕਾਰੀ ਗਰੁੱਪਾਂ ਲਈ 1759 ਅਰਜ਼ੀਆਂ ਦਾਖ਼ਲ
Next articleਸੜਕ ਹਾਦਸਿਆਂ ਨੇ ਲਈਆਂ ਚਾਰ ਵਿਅਕਤੀਆਂ ਦੀਆਂ ਜਾਨਾਂ