” ਮਲਵਈ ਗਿੱਧੇ ਦੀ ਸ਼ਾਨ :-ਦਲਬਾਰ ਸਿੰਘ “

(ਸਮਾਜ ਵੀਕਲੀ)

“ਹੱਸਣ ਕੁੱਦਣ ਮਨ ਕਾ ਚਾਉ। ਇਹ ਵਾਕ ਉਨ੍ਹਾਂ ਜ਼ਿੰਦਾਦਿਲ ਲੋਕਾਂ ਵਾਸਤੇ ਐਨ ਢੁਕਵੇਂ ਹਨ ਜਿਨ੍ਹਾਂ ਨੇ ਬਚਪਨ ਤੋਂ ਆਪਣੀ ਉੱਮਰ ਦੇ ਤੀਜੇ ਹਿੱਸੇ ਨੂੰ ਵੀ ਹੱਸ ਖੇਡ, ਨੱਚ ਕੁੱਦ ਕੇ ,ਭੰਗੜੇ ਪਾ ਪਾ ਜਿੰਦਗੀ ਦੇ ਇਸ ਘੋੜੇ ਨੂੰ ਭਜਾਉਣਾ ਹੈ। ਦਰਮਿਆਨੇ ਕੱਦ ਪਰ ਵੱਡੇ ਇਰਾਦਿਆਂ ਵਾਲਾ ਦਲਬਾਰ ਸਿੰਘ ਪਿੰਡ ਚੱਠੇ ਸੇਖਵਾਂ ਦਾ ਜੰਮਪਲ ਹੈ।ਪਿਤਾ ਸਰਦਾਰ ਬਖ਼ਸ਼ੀ ਸਿੰਘ ਅਤੇ ਮਾਤਾ ਗੁਰਦਿਆਲ ਕੌਰ ਦੇ ਘਰ 18 ਜੂਨ 1950 ਨੂੰ ਜਨਮ ਲੈਣ ਵਾਲਾ ਇਹ ਬਾਲਕ ਵੱਡਾ ਹੋਕੇ ਆਪਣੇ ਮਾਪਿਆਂ,ਪਿੰਡ ਅਤੇ ਦੇਸ਼ ਦਾ ਨਾਮ ਦੇਸ਼ਾਂ ਵਿਦੇਸ਼ਾਂ ਵਿੱਚ ਐਨਾ ਰੌਸ਼ਨ ਕਰੇਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਬਚਪਨ ਤੋਂ ਜਵਾਨੀ ਤੱਕ ਹੀ ਆਰਥਿਕ ਖੁਸ਼ਹਾਲੀ ਤੋਂ ਅਤਿ ਦੀ ਆਰਥਿਕ ਮੰਦਹਾਲੀ ਦੇ ਕੌੜੇ ਅਨੁਭਵ ਪ੍ਰਾਪਤ ਹੋ ਗਿਆ ਸੀ।

10ਵੀਂ ਪਹਿਲੇ ਦਰਜੇ ਵਿੱਚ ਪਾਸ ਕਰਨ ਤੋਂ ਬਾਅਦ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚੋਂ ਨਾਨ ਮੈਡੀਕਲ ਤੇ ਮੈਡੀਕਲ ਦਾ ਦਾਖਲਾ ਤੇ ਥਾਪਰ ਕਾਲਜ ਪਟਿਆਲਾ ਤੋਂ ਇੰਜੀਨਿਅਰਿੰਗ ਦਾ ਡਿਪਲੋਮਾ ਵਿੱਚ ਹੀ ਛੱਡਣਾ ਪਿਆ। ਆਖਿਰ ਘੱਟ ਖਰਚ ਵਾਲੇ ਕੋਰਸ ਜੇ.ਬੀ. ਟੀ ਵਿੱਚ ਦਾਖਲਾ ਲਿਆ,ਜਦਕਿ ਉਸਤੋਂ ਘੱਟ ਨੰਬਰਾਂ ਵਾਲੇ ਦੋਸਤ ਬਾਕੀ ਕਾਲਜਾਂ ਵਿੱਚ ਦਾਖਲਾ ਲੈ ਚੁੱਕੇ ਸਨ।1969 ਦੌਰਾਨ ਪਰਿਵਾਰ ਦੀ ਆਰਥਿਕ ਮੰਦਹਾਲੀ ਦੇ ਚੱਲਦਿਆਂ ਖੇਤਾਂ ਵਿੱਚ ਹਾਲੀ ਵੱਜੋਂ ਕੰਮ ਕਰਨਾ ।ਤੇ ਬਲਦਾਂ ਨਾਲ ਦੁਪਹਿਰ ਤੱਕ ਇੱਕ ਕਿੱਲਾ ਵਾਹ ਦੇਣਾਂ।ਦੁਪਹਿਰ ਵੇਲ਼ੇ ਜਦੋਂ ਬਾਕੀ ਸਾਰੇ ਆਰਾਮ ਕਰ ਰਹੇ ਹੁੰਦੇ ਤਾਂ ਦਲਬਾਰ ਸਿੰਘ ਆਪਣੀ ਗਿਆਨੀ ਮਾਸਟਰ ਦੇ ਕੋਰਸ ਦੀ ਕਿਤਾਬ ਪੜ੍ਹਨ ਲੱਗ ਜਾਂਦਾ।1970 ਵਿੱਚ ਹਲ਼ ਵਾਹੁੰਦੇ ਹੀ ਪਾਸ ਕੀਤੀ ਗਿਆਨੀ ਮਾਸਟਰੀ ਸਦਕਾ ਹੀ 1971 ਵਿੱਚ ਦਲਬਾਰ ਸਿੰਘ ਆਰਜੀ ਮਾਸਟਰ ਲੱਗ ਗਿਆ।

ਆਰਜੀ ਮਾਸਟਰੀ ਦੇ ਨਾਲ ਨਾਲ ਦਲਬਾਰ ਸਿੰਘ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇBA ਕਰਕੇ ਕਾਲਜੀਏਟ ਦੋਸਤਾਂ ਨਾਲ ਜਾ ਰਲਿਆ।1975 ਵਿੱਚ J.B.T ਅਧਿਆਪਕ ਵੱਜੋਂ ਪੱਕੀ ਨਿਯੁਕਤੀ ਹੋਣ ਉਪਰੰਤ MA ਪੰਜਾਬੀ ਵੀ ਦੂਜੇ ਦਰਜੇ ਵਿਚ ਪਾਸ ਕੀਤੇ ਦਲਬਾਰ ਸਿੰਘ ਦਾ ਇਰਾਦਾ ਤਾਂ Ph.D ਕਰਨ ਦਾ ਸੀ ।ਪਰ ਪੰਜਾਬ ਸਰਕਾਰ ਵੱਲੋਂ ਸਕੂਲੀ ਅਧਿਆਪਕਾਂ ਦੇ ਵਿੱਦਿਅਕ ਯੋਗਤਾ ਵਧਾਉਣ ਉੱਪਰ ਪਬੰਦੀ ਲਗਾ ਦਿੱਤੀ ਗਈ ਸੀ।ਪਰ ਸਾਹਿਤਕ ਅਤੇ ਸਭਿਆਚਾਰਕ ਸ਼ੌਂਕ ਰੱਖਣ ਵਾਲੇ ਦਲਬਾਰ ਸਿੰਘ ਨੂੰ ਸਮਾਂ ਮਿਲ ਗਿਆ ਅਤੇ ਪਿੰਡ ਦੇ ਹੀ ਸਤਿਪਾਲ ਸ਼ਰਮਾ ਨਾਲ ਗਿਆਨੀ ਦੀ ਪੜ੍ਹਾਈ ਕਰਦੇ ਸਮੇਂ ਦੋਸਤੀ ਪੈ ਗਈ।ਦੋਵਾਂ ਦੇ ਆਪਸੀ ਸ਼ੌਂਕ ਵੀ ਮਿਲਦੇ ਸਨ।1976 ਵਿੱਚ ਪਿੰਡ ਦੀ ਗਿੱਧਾ ਪਾਰਟੀ ਵਿੱਚ ਸ਼ਾਮਿਲ ਹੋ ਗਏ।ਅਤੇ ਇਸ ਲੋਕ ਨਾਚ ਦਾ ਮੰਡੀਕਰਨ ਕੀਤਾ। ਇਸ ਗਿੱਧਾ ਪਾਰਟੀ ਦੀ ਮਾਲਵੇ ਦੇ ਮੇਲਿਆਂ ਵਿੱਚ ਪਹਿਲਾਂ ਹੀ ਬਹੁਤ ਪ੍ਰਸਿੱਧੀ ਸੀ।ਕਿਉਂਕਿ ਇਹ ਲੋਕ ਆਪਣੀ ਕਲਾਂ ਵਿੱਚ ਪੂਰੇ ਨਿਪੁੰਨ ਸਨ ।

ਮਰਦਾਂ ਦੇ ਗਿੱਧੇ ਦੀ ਇਸ ਕਲਾ ਨੂੰ ਮੁੜ ਸੁਰਜੀਤ ਕਰਨ ਅਤੇ ਸਿਖ਼ਰਾਂ ਤੱਕ ਲਿਜਾਣ ਲਈ ਦਲਬਾਰ ਸਿੰਘ ਅਤੇ ਸਤਿਪਾਲ ਸ਼ਰਮਾ ਦਾ ਅਹਿਮ ਰੋਲ ਹੈ।1987 ਵਿੱਚ ਸਤਿਪਾਲ ਸ਼ਰਮਾ ਦੇ ਦਿਹਾਂਤ ਮਗਰੋਂ ਪਿੰਡ ਦੀ ਇਸ ਗਿੱਧਾ ਪਾਰਟੀ ਦੀ ਅਗਵਾਈ ਕਰਕੇ ਦਲਬਾਰ ਸਿੰਘ ਨੇਂ ਮਰਦਾਂ ਦੇ ਗਿੱਧੇ ਦੇ ਇਸ ਲੋਕ ਨਾਚ ਨੂੰ ਪੂਰੇ ਭਾਰਤ ਵਿੱਚ ਮਾਨਤਾ ਦਵਾਈ।ਪਿੰਡ ਦੇ ਸਾਧਾਰਨ ਕਲਾਕਾਰਾਂ ਨੂੰ ਇੱਕ ਅਹਿਮ ਪਹਿਚਾਣ ਦਵਾਕੇ ਪੂਰੇ ਭਾਰਤ ਨੂੰ ਜਾਣੂ ਕਰਵਾਇਆ।ਇੱਕ ਲੇਖਕ,ਪ੍ਰਬੰਧਕ,ਮੰਚ ਪੇਸ਼ਕਾਰੀਆਂ ਦੇ ਨਿਰਦੇਸ਼ਾਂ ਦੇ ਨਾਲ ਸਰੰਗੀ,ਤੂੰਬਾ,ਬੁਘਧੂ ਆਦਿ ਵਰਗੇ ਜਟਿਲ ਸਾਜ ਸਿੱਖਕੇ ਇੱਕ ਕਲਾਕਾਰ ਵੱਜੋਂ ਆਪ ਵੀ ਗਿੱਧੇ ਵਿੱਚ ਭਾਗ ਲੈ। ਇਸ ਲੋਕ ਨਾਚ ਨੂੰ ਗਵਾਰੂ ਤੱਤਾਂ ਤੋਂ ਮੁਕਤ ਕਰਕੇ ਬੜੇ ਸੂਖਮ ਟੱਚ ਦਿੱਤੇ।

ਨਵੰਬਰ 1985 ਵਿੱਚ ਸਤਿਪਾਲ ਸ਼ਰਮਾ ਦਲਬਾਰ ਸਿੰਘ ਦੀ ਅਗਵਾਈ ਵਾਲੇ ਮਰਦਾਂ ਦੇ ਇਸ ਗਿੱਧੇ ਨੇ ਉੱਤਰ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੀ ਸਥਾਪਨਾ ਮੌਕੇ ਭਾਗ ਲਿਆ। ਸੱਭਿਆਚਾਰਕ ਕੇਂਦਰ ਨੇ ਇਸ ਲੋਕ ਨਾਚ ਨੂੰ ‘ਮਲਵਈ ਗਿੱਧਾ’ ਦੀ ਸੰਗਿਆ ਦੇ ਦਿੱਤੀ ਅਤੇ ਅਖਬਾਰਾਂ ਨੇ ‘ਬਾਬਿਆਂ ਦਾ ਗਿੱਧਾ’ ਨਾਮ ਦਿੱਤਾ। ਜਦਕਿ 1 ਨਵੰਬਰ ਤੋਂ ਪਹਿਲਾਂ ਇਹ ਮੁੰਡਿਆਂ ਦਾ ਗਿੱਧਾ,ਬਾਬਿਆਂ ਦਾ ਗਿੱਧਾ ਵੱਜੋ ਜਾਣਿਆ ਜਾਂਦਾ ਸੀ।ਨਵੇਂ ਨਾਵਾਂ ਨੇ ਇਸ ਦਾ ਸਬੰਧ ਵਿਰਸੇ ਨਾਲੋਂ ਤੋੜ ਦਿੱਤਾ। ਦਲਬਾਰ ਸਿੰਘ ਦੇ ਮਨ ਨੇ ਇਸ ਵਿਸ਼ੇ ਦੀਆਂ ਜੜ੍ਹਾਂ ਦੀ ਖੋਜ ਕਰਨ ਸਬੰਧੀ ਮਨ ਬਣਾਇਆ।ਉਸਨੇ ਇਸ ਸਬੰਧੀ ਆਪਣੇ ਵਿਚਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਾਬਕਾ ਵਾਈਸ ਚਾਂਸਲਰ ਅਤੇ ਉਸ ਸਮੇਂ ਦੇ ਪੰਜਾਬੀ ਦੇ ਪ੍ਰੋਫੈਸਰ ਡਾ. ਸਤੀਸ਼ ਕੁਮਾਰ ਵਰਮਾ ਨਾਲ ਸਾਂਝੇ ਕੀਤੇ।

ਸਤੀਸ਼ ਕੁਮਾਰ ਨੇ ਦਲਬਾਰ ਸਿੰਘ ਨੂੰ ਥੀਏਟਰ ਵਿਭਾਗ ਦੇ ਮੁਖੀ ਡਾ ਕਮਲੇਸ਼ ਉੱਪਲ ਨੂੰ ਮਿਲਵਾਇਆ ।ਇਸ ਤਰ੍ਹਾਂ ਡਾ. ਕਮਲੇਸ਼ ਉੱਪਲ ਦੀ ਨਿਗਰਾਨੀਂ ਵਿਚ ‘ਮਰਦਾਂ ਦੇ ਗਿੱਧੇ ਵਿੱਚ ਨਾਟਕੀ ਪੇਸ਼ਕਾਰੀ’ ਵਿਸ਼ੇ ‘ਤੇ ਥੀਸਿਸ ਲਿਖਕੇ ਦਲਬਾਰ ਸਿੰਘ ਨੇ ਆਪਣੀ M.Phil ਦੀ ਡਿਗਰੀ ਹਾਸਿਲ ਕੀਤੀ ।ਡਾ. ਕਮਲੇਸ਼ ਉੱਪਲ ਨੇ ਦਲਬਾਰ ਸਿੰਘ ਬਾਰੇ ਇੱਕ ਜਗ੍ਹਾ ਲਿਖਿਆ ਹੈ ਕਿ ਮੇਰੇ ਅਧਿਆਪਕੀ ਕਾਲ ਦੌਰਾਨ ਮੇਰੀ ਨਿਗਰਾਨੀ ਹੇਠ ਖ਼ੋਜ ਕਰਨ ਵਾਲ਼ੇ ਖੋਜਾਰਥੀਆਂ ਵਿੱਚੋ ਦਲਬਾਰ ਸਿੰਘ ਅਜਿਹਾ ਪਹਿਲਾ ਇਨਸਾਨ ਸੀ ਜਿਸਦੀ ਖ਼ੋਜ ਉੱਪਰ ਮੈਂ ਮਾਣ ਮਹਿਸੂਸ ਕਰਦੀ ਹਾਂ।ਦਲਬਾਰ ਸਿੰਘ ਦੇ ਥੀਸਿਸ ਦਾ ਮੁਲਾਂਕਣ ਕਰਨ ਉਪਰੰਤ ਭੇਜੀ ਮੁਲਾਂਕਣ ਰਿਪੋਰਟ ਵਿੱਚ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਜੀ ਦੀ ਜਦੋਂ ਮੈਂ ਇਹ ਟਿੱਪਣੀ ਪੜ੍ਹੀ ਕਿ ਥੀਸਿਸ ਪ੍ਰਕਾਸ਼ਿਤ ਕਰਨ ਯੋਗ ਹੈ,ਯੂਨੀਵਰਸਿਟੀ ਜੇ ਚਾਹੇ ਤਾਂ ਇਸਨੂੰ ਪ੍ਰਕਾਸ਼ਿਤ ਕਰ ਸਕਦੀ ਹੈ।

ਤਾਂ ਮੇਰਾ ਸਿਰ ਮਾਣ ਨਾਲ ਉੱਚਾ ਹੋ ਗਿਆ।ਅਮਲੋਂ ਹੀ ਇੱਕ ਅਣਗੌਲੇ ਵਿਸ਼ੇ ਮਰਦਾਂ ਦੇ ਗਿੱਧੇ ਸਬੰਧੀ ਦਲਬਾਰ ਸਿੰਘ ਦਾ ਖ਼ੋਜ ਕਾਰਜ ਇੱਕ ਵਿਲੱਖਣ ,ਨਿਵੇਕਲਾ ਅਤੇ ਮੌਲਿਕ ਕਿਸਮ ਦਾ ਖ਼ੋਜ ਕਾਰਜ ਹੈ ।ਜਿਸਦੀ ਪਹਿਲਾਂ ਕੋਈ ਮਿਸਾਲ ਨਹੀਂ ਮਿਲਦੀ।ਇਸ ਖੋਜ ਕਾਰਜ ਦੀ ਮਹੱਤਤਾ ਨੂੰ ਸਮਝਦੇ ਹੋਏ ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਸ਼੍ਰੀ ਕੇਵਲ ਧਾਲੀਵਾਲ ਜੀ ਨੇ ਅਕਾਦਮੀ ਵੱਲੋਂ ਰਾਵੀ ਪ੍ਰਕਾਸ਼ਨ ਅੰਮ੍ਰਿਤਸਰ ਵੱਲੋਂ ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਵਾਇਆ ਜਿਸ ਵਿੱਚ ਦਲਬਾਰ ਸਿੰਘ ਦੀਆਂ ‘ਆਈ ਮੇਲਣ ਗਿੱਧੇ ਦੇ ਵਿੱਚ’ ਅਤੇ ‘ਬੋਲੀਆਂ ਨਣਦ ਭਰਜਾਈਂਆਂ’ ਦੋ ਬੋਲੀਆਂ ਦੇ ਸੰਗ੍ਰਹਿ ਹਨ।ਦਲਬਾਰ ਸਿੰਘ ਨੇ ਆਪ ਵੀ ਬਹੁਤ ਸਾਰੀਆਂ ਬੋਲੀਆਂ ਦੀ ਰਚਨਾ ਕੀਤੀ ਹੈ ਜੋ ਕਿ ਹੇਠ ਲਿਖੀਆਂ ਹਨ-

“ਅਜੇ ਤੱਕ ਨਾਂ ਆਈ ਗਿੱਧੇ ਵਿੱਚ
ਕਰਦੇ ਲੋਕ ਵਿਚਾਰਾਂ,
ਭਾਗਾਂ ਵਾਲੀਆਂ ਨੱਚਣ ਮੇਲਣੇ
ਗਿੱਧੇ ਵਿੱਚ ਮੁਟਿਆਰਾਂ,
ਕਦਰਾਂ ਵਾਲੇ ਕਦਰ ਜਾਣਦੇ
ਕੀ ਮੂਰਖ ਨੂੰ ਸਾਰਾਂ,
ਭੇਡਾਂ ਚਾਰਦੀਆਂ
ਬੇਕਦਰਿਆਂ ਦੀਆਂ ਨਾਰਾਂ…..”

“ਫਿਰਦੀ ਮੇਲਣ ਘੱਗਰਾ ਭਾਲਦੀ
ਘੱਗਰਾ ਕੋਈ ਨਾਂ ਥਿਆਵੇ,
ਘੱਗਰਾ ਥਿਆ ਗਿਆ ਨਾਲਾ ਹੈ ਨਹੀਂ
ਨਾਲ਼ੇ ਥਾਂ ਕੀ ਪਾਵੇ,
ਨਾਲਾ ਥਿਆ ਗਿਆ ਪੋਰੀ ਲੈਕੇ
ਬੈਠੀ ਨਾਲਾ ਪਾਵੇ,
ਦੋ ਪਲ ਸਬਰ ਕਰੋ
ਸੱਪਣੀ ਮੇਲ੍ਹ ਦੀ ਆਵੇ…”

“ਗਿੱਧਾ ਪਾਈਂ ਨੱਚਕੇ ਮੁੰਡਿਆਂ
ਛੱਡੀ ਨਾਂ ਕੋਈ ਖ਼ਾਮੀ,
ਨੱਚਣਾ ਕੁੱਦਣਾ ਚਾਅ ਹੈ ਮਨ ਦਾ
ਸਤਿਗੁਰ ਭਰਦੇ ਹਾਮੀ,
ਜੇ ਨਾ ਮੇਲ੍ਹਣ ਆਈ ਗਿੱਧੇ ਵਿੱਚ
ਹੋ ਜੂਗੀ ਬਦਨਾਮੀ,
ਗਿੱਧਾ ਤਾਂ ਪਾਈਏ
ਜੇ ਨੱਚੇ ਮੁੰਡੇ ਦੀ ਮਾਮੀ…. ਆਦਿ

ਦਲਬਾਰ ਸਿੰਘ ਦੀਆਂ ਸਵੈ ਰਚਨਾਵਾਂ ਹਨ।ਇਨ੍ਹਾਂ ਬੋਲੀਆਂ ਦੇ ਸੰਗ੍ਰਹਿ ਵਿੱਚ ਉਨ੍ਹਾਂ ਦੇ ਸਵਰਗੀ ਸਾਥੀ ਸਤਿਪਾਲ ਸ਼ਰਮਾ ਦੀਆਂ ਲਿਖੀਆਂ ਬੋਲੀਆਂ ਵੀ ਸ਼ਾਮਿਲ ਸਨ ਜਿਨ੍ਹਾਂ ਵਿਚ ..

“ਬਦਲ ਗਏ ਨੇ ਰੰਗ ਸਮੇਂ ਦੇ
ਆਇਆ ਬੁਰਾ ਜ਼ਮਾਨਾ,
ਸਾਡੇ ਨਾਲ ਨਾ ਧੋਖਾ ਕਰ ਤੂੰ
ਉਏ ਬੇਸਮਝਾ ਨਦਾਨਾਂ,
ਕੀ ਤੈਨੂੰ ਭੀੜ ਪਈ
ਮਰਦੋਂ ਬਣੇ ਜਨਾਨਾਂ,
ਕੀ ਤੈਨੂੰ ਭੀੜ ਪਈ…”

“ਲਾਹਕੇ ਘੁੰਡ ਤੂੰ ਦੇਖ ਮੇਲਣੇ
ਅਸੀਂ ਹਾਂ ਤੇਰੇ ਹਾਣੀ,
ਜਾਂ ਘੁੰਡ ਕੱਢਦੀ ਬਹੁਤੀ ਸੋਹਣੀ
ਜਾਂ ਘੁੰਡ ਕੱਢਦੀ ਕਾਣੀ,
ਤੂੰ ਤਾਂ ਮੈਨੂੰ ਦਿਸੇ ਸ਼ੁਕੀਨਣ
ਘੁੰਡ ‘ਚੋਂ ਅੱਖ ਪਛਾਣੀ,
ਚੱਕ ਦੇ ਘੁੰਡ ਪਰੀਏ
ਤੂੰ ਗਿੱਧਿਆਂ ਦੀ ਰਾਂਣੀ….” ਆਦਿ।

ਦਲਬਾਰ ਸਿੰਘ ਦਾ ਗਿੱਧੇ ਦੀ ਸ਼ੈਲੀ ਵਿੱਚ ਬੋਲੀਆਂ ਵਿੱਚ ਲਿਖਿਆ ਨਾਟਕ ‘ਦੁੱਲ੍ਹਾ ਭੱਟੀ’ ਦਿੱਲ੍ਹੀ ਯੂਨੀਵਰਸਿਟੀ ਦੇ ਅੰਡਰ ਗਰੈਜੂਏਟ ਕੋਰਸ ਦੀ ਪੁਸਤਕ ‘ਲੋਕ ਨਾਟਕੀ ਨਾਟ ਰੂਪ’ ਵਿੱਚ ਸ਼ਾਮਿਲ ਹੈ।ਦਲਬਾਰ ਸਿੰਘ ਸਬੰਧੀ ਦਿੱਲ੍ਹੀ ਯੂਨੀਵਰਸਿਟੀ ਦੇ ਇੱਕ ਖੋਜਾਰਥੀ ਨੇ ਐੱਮ ਫ਼ਿਲ ਦੀ ਡਿਗਰੀ ਵੀ ਹਾਸਿਲ ਕੀਤੀ ਹੈ।ਇਸਤੋਂ ਇਲਾਵਾ ਦਲਬਾਰ ਸਿੰਘ ਨੇ ‘ਬੋਲੀਆਂ ਚਾਰੇ ਸਾਹਿਬਜ਼ਾਦੇ’ ‘ਬੋਲੀਆਂ ਵਿੱਚ ਕਿੱਸਾ’ ਵੀ ਲਿਖਿਆ ਹੈ ਜੋ ਅਜੇ ਅਪ੍ਰਕਾਸ਼ਿਤ ਹੈ।ਦਲਬਾਰ ਸਿੰਘ ਨੇ ਮੰਚ ਦੀ ਲੋੜ ਅਨੁਸਾਰ ਹਰ ਤਰ੍ਹਾਂ ਦੀਆਂ ਬੋਲੀਆਂ ਦੀ ਰਚਨਾ ਕੀਤੀ ਹੈ।

ਇਸ ਸਮੇਂ ਦਲਬਾਰ ਸਿੰਘ ਇਪਟਾ ਪੰਜਾਬ ਦੀ ਕਾਰਜਕਰਨੀ ਵਿੱਚ ਮੀਤ ਪ੍ਰਧਾਨ ਵੱਜੋਂ ਕੰਮ ਕਰ ਰਿਹਾ ਹੈ।ਅਤੇ ਇਪਟਾ ਦੀਆਂ ਨੈਸ਼ਨਲ ਕਾਨਫ਼ਰੰਸਾਂ ਵਿੱਚ ਬਤੌਰ ਡੈਲੀਗੇਟ ਭਾਗ ਲੈ ਚੁੱਕਾ ਹੈ।ਦਲਬਾਰ ਸਿੰਘ ਮਾਲਵਾ ਸਭਿਆਚਾਰਕ ਮੰਚ ਚੱਠੇ ਸੇਖਵਾਂ,
ਅਤੇ ਮਾਲਵੇ ਦੇ ਲੋਕ ਕਲਾਕਾਰਾਂ ਦੀ ਸੰਸਥਾ ‘ਪੰਜਾਬੀ ਲੋਕ ਕਲਾਕਾਰ ਪੰਚਾਇਤ’ ਦਾ ਵੀ ਪ੍ਰਧਾਨ ਹੈ। ਉਹ ਪੰਜਾਬੀ ਸਾਹਿਤ ਅਕਾਦਮੀ ਅਤੇ ਕੇਂਦਰੀ ਪੰਜਾਬ ਲੇਖਕ ਸਭਾ ਦਾ ਵੀ ਆਜੀਵਨ ਮੈਂਬਰ ਹੈ।

ਦਲਬਾਰ ਸਿੰਘਦੇ ਕੀਤੇ ਕੰਮਾਂ ਅਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਪੰਜਾਬੀ ਯੂਨੀਵਰਿਸਟੀ ਪਟਿਆਲਾ ਨੇ ਮਲਵਈ ਗਿੱਧੇ ਨੂੰ ਲੋਕ ਮੇਲਿਆਂ ਅਤੇ ਯੁਵਕ ਮੇਲਿਆਂ ਵਿੱਚ ਸ਼ਾਮਿਲ ਕੀਤਾ ਹੈ।ਦਲਬਾਰ ਸਿੰਘ ਦੀ ਅਗਵਾਈ ਵਿੱਚ ਮਰਦਾਂ ਦਾ ਗਿੱਧਾ ਦਿੱਲ੍ਹੀ ਗਣਤੰਤਰ ਦਿਵਸ ਮੌਕੇ ਪੇਸ਼ ਕੀਤਾ ਜਾ ਚੁੱਕਾ ਹੈ।ਉੱਤਰੀ ਖ਼ੇਤਰ ਸਭਿਆਚਾਰਕ ਕੇਂਦਰ ਪਟਿਆਲਾ ,ਸਭਿਆਚਾਰ ਵਿਭਾਗ ਪੰਜਾਬ ਅਤੇ ਇਪਟਾ ਦੀਆਂ ਸਟੇਜਾਂ ਰਾਹੀਂ ਮਰਦਾਂ ਦਾ ਗਿੱਧਾ ਜਿੱਥੇ ਰਾਸ਼ਟਰੀ ਪੱਧਰ ਉੱਤੇ ਪੇਸ਼ ਕੀਤਾ ਜਾ ਚੁੱਕਾ ਹੈ ਉੱਥੇ ਹੀ ਪੰਜਾਬ ਦੇ ਦੂਰ ਦੁਰਾਡੇ ਦੇ ਪਿੰਡਾਂ ਖਾਸ ਕਰਕੇ ਮਾਲਵੇ ਦੇ ਪਿੰਡਾਂ ਵਿੱਚ ਨਿੱਜੀ ਸਮਾਗਮਾਂ ਵਿੱਚ ਵੀ ਪੇਸ਼ ਕੀਤਾ ਜਾਣ ਲੱਗ ਪਿਆ ਹੈ।

ਦਲਬਾਰ ਸਿੰਘ 1976 ਤੋਂ ਇਸ ਕਲਾ ਨਾਲ ਜੁੜਿਆ ਹੈ,ਉਸਨੇ ਆਪਣੀ ਜਿੰਦਗੀ ਦੇ 45 ਸਾਲ ਇਸ ਲੋਕ ਨਾਚ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਕੀਤੇ ਹਨ।ਉਹ ਰੰਗ ਭੂਮੀ ਅਤੇ ਰੰਗ ਮੰਚ ਉੱਪਰ ਪੇਸ਼ਕਾਰੀਆਂ ਕਰਨ ਨੂੰ ਪੂਰਨ ਤੌਰ ‘ਤੇ ਸਮਰਥ ਹੈ।ਉਸਨੇ ਲੋਕ ਨਾਚ ਵਿਚਲੇ ਲੋਕ ਤੱਤਾਂ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ ਹੈ।ਉਸਨੇ ਅਨੇਕਾਂ ਲੇਖ ਮਰਦਾਂ ਦੇ ਗਿੱਧੇ ਸਬੰਧੀ,ਅਤੇ ਇਸਦੇ ਕਲਾਕਾਰਾਂ ਸਬੰਧੀ ਦੇਸ਼ ਵਿਦੇਸ਼ ਦੇ ਪ੍ਰਸਿੱਧ ਅਖ਼ਬਾਰਾਂ,ਰਸਾਲਿਆਂ ,ਮੈਗਜ਼ੀਨਾਂ ਵਿੱਚ ਛਪਵਾਏ ਹਨ।ਅੱਜ ਕੱਲ੍ਹ ਉਹ ‘ਮਾਲਵਾ’ ਸਬੰਧੀ ਅਤੇ ‘ਮਰਦਾਂ ਦੇ ਗਿੱਧੇ ਦੀਆਂ ਯਾਦਾਂ ਸਬੰਧੀ’ ਪੁਸਤਕਾਂ ਦਾ ਸੰਪਾਦਨ ਕਰ ਰਿਹਾ ਹੈ।ਮਰਦਾਂ ਦੇ ਗਿੱਧੇ ਸਬੰਧੀ ਉਸ ਕੋਲ ਵਿਸ਼ਾਲ ਜਾਣਕਾਰੀ ਅਤੇ ਲੰਮਾ ਅਨੁਭਵ ਹੈ।ਦਲਬਾਰ ਸਿੰਘ ਨੂੰ ਜੇ ਮਰਦਾਂ ਦੇ ਗਿੱਧੇ ਦੀ ਅਥਾਰਟੀ,ਪ੍ਰਿੰਸੀਪਲ ਅਤੇ ਚੱਠੇ ਸੇਖਵਾਂ ਨੂੰ ਮਰਦਾਂ ਦੇ ਗਿੱਧੇ ਦਾ ਸਕੂਲ ਕਾਲਜ,ਯੂਨੀਵਰਸਟੀ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।

 

 

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ:- 9814880392

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਰੀਲੇ ਗਾਇਕ ਨਛੱਤਰ ਗਿੱਲ ਨੇ ਕੀਤੀ “ਤੇਰੇ ਬਾਰੇ” ਟਰੈਕ ਵਿਚ ਦਿਲ ਦੀ ਗੱਲ
Next articleਜਹਿਰੀਲੀ ਸ਼ਰਾਬ ਦਾ ਵੱਧ ਰਿਹਾ ਪ੍ਰਕੋਪ