ਮਮਤਾ ਵਲੋਂ ਸੋਨੀਆ ਨਾਲ ਮੀਟਿੰਗ ਦੇ ਬਾਈਕਾਟ ਦਾ ਐਲਾਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਵਿਧਾਨ ਸਭਾ ਵਿੱਚ ਐਲਾਨ ਕੀਤਾ ਕਿ ਉਹ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਜੇਐੱਨਯੂ ਹਿੰਸਾ ਅਤੇ ਸੀਏਏ ਦੇ ਮੁੱਦੇ ’ਤੇ 13 ਜਨਵਰੀ ਨੂੰ ਸੱਦੀ ਗਈ ਮੀਟਿੰਗ ਦਾ ਬਾਈਕਾਟ ਕਰਨਗੇ। ਇਨ੍ਹਾਂ ਮੁੱਦਿਆਂ ਬਾਰੇ ਵਿਰੋਧੀ ਧਿਰਾਂ ਦੀ ਪਹੁੰਚ ਸਹੀ ਨਾ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਐਲਾਨ ਕੀਤਾ, ‘‘ਜੇਕਰ ਲੋੜ ਪਈ, ਤਾਂ ਮੈਂ ਇਕੱਲੀ ਲੜਾਂਗੀ।’’
ਦੱਸਣਯੋਗ ਹੈ ਕਿ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਪੱਛਮੀ ਬੰਗਾਲ ਵਿੱਚ ਖੱਬੀਆਂ ਧਿਰਾਂ ਅਤੇ ਕਾਂਗਰਸ ਨਾਲ ਸਬੰਧਤ ਟਰੇਡ ਯੂਨੀਅਨਾਂ ਵਲੋਂ ਬੁੱਧਵਾਰ ਨੂੰ ‘ਲੋਕ ਵਿਰੋਧੀ’ ਨੀਤੀਆਂ ਖ਼ਿਲਾਫ਼ ਕੀਤੀ ਹੜਤਾਲ ਮੌਕੇ ਵਾਪਰੀਆਂ ਹਿੰਸਕ ਘਟਨਾਵਾਂ ਕਾਰਨ ਖ਼ਫ਼ਾ ਹੈ। ਅੱਜ ਵਿਰੋਧੀ ਧਿਰ ਵਲੋਂ ਸੀਏਏ ਵਿਰੁਧ ਮਤਾ ਪਾਸ ਕਰਨ ਲਈ ਦਬਾਅ ਪਾਏ ਜਾਣ ’ਤੇ ਬੈਨਰਜੀ ਨੇ ਸਦਨ ਵਿੱਚ ਐਲਾਨ ਕੀਤਾ, ‘‘ਮੈਂ ਨਵੀਂ ਦਿੱਲੀ ਵਿੱਚ ਸੋਨੀਆ ਗਾਂਧੀ ਵਲੋਂ 13 ਜਨਵਰੀ ਨੂੰ ਸੱਦੀ ਗਈ ਮੀਟਿੰਗ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਮੈਂ ਹਿੰਸਾ ਦਾ ਸਮਰਥਨ ਨਹੀਂ ਕਰਦੀ, ਜੋ ਕਿ ਬੀਤੇ ਦਿਨ (ਬੁੱਧਵਾਰ) ਖੱਬੀਆਂ ਧਿਰਾਂ ਤੇ ਕਾਂਗਰਸ ਨੇ ਪੱਛਮੀ ਬੰਗਾਲ ਵਿੱਚ ਫੈਲਾਈ। ਉਨ੍ਹਾਂ ਕਿਹਾ ਕਿ ਸਦਨ ਵਲੋਂ ਪਿਛਲੇ ਵਰ੍ਹੇ ਸਤੰਬਰ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨਆਰਸੀ) ਖ਼ਿਲਾਫ਼ ਮਤਾ ਪਾ ਦਿੱਤਾ ਗਿਆ ਸੀ ਅਤੇ ਹੁਣ ਦੁਬਾਰਾ ਮਤਾ ਪਾਉਣ ਦੀ ਕੋਈ ਲੋੜ ਨਹੀਂ ਹੈ। ਵਿਰੋਧੀ ਧਿਰ ਦੇ ਵਿਧਾਇਕਾਂ ਵਲੋਂ ਸੱਜਰੇ ਮਤੇ ਲਈ ਜ਼ੋਰ ਪਾਏ ਜਾਣ ’ਤੇ ਮਮਤਾ ਬੈਨਰਜੀ ਰੋਹ ਵਿੱਚ ਆ ਗਈ ਅਤੇ ਆਪਣੇ ਸਟੈਂਡ ਦਾ ਪੱਖ ਪੂਰਦਿਆਂ ਐਲਾਨ ਕੀਤਾ ਕਿ ਉਹ ਗਾਂਧੀ ਵਲੋਂ ਸੱਦੀ ਬੈਠਕ ਵਿੱਚ ਹਿੱਸਾ ਨਹੀਂ ਲਵੇਗੀ।
ਕਾਂਗਰਸ ਅਤੇ ਖੱਬੀ ਧਿਰ ਦੇ ਵਿਧਾਇਕਾਂ ’ਤੇ ਤਿੱਖਾ ਹਮਲਾ ਕਰਦਿਆਂ ਮਮਤਾ ਨੇ ਕਿਹਾ, ‘‘ਤੁਸੀਂ ਲੋਕ ਬੰਗਾਲ ਵਿੱਚ ਇੱਕ ਨੀਤੀ ਅਪਣਾਉਂਦੇ ਹੋ ਅਤੇ ਦਿੱਲੀ ਵਿੱਚ ਐਨ ਉਲਟ ਨੀਤੀ ਅਪਣਾਉਂਦੇ ਹੋ। ਮੈਂ ਤੁਹਾਡੇ ਸੰਗ ਨਹੀਂ ਰਲਣਾ ਚਾਹੁੰਦੀ। ਜੇਕਰ ਲੋੜ ਪਈ, ਤਾਂ ਮੈਂ ਇਕੱਲੀ ਲੜਾਂਗੀ।’’ ਬੈਨਰਜੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੀਏਏ ਅਤੇ ਐੱਨਆਰਸੀ ਵਿਰੁੱਧ ਆਪਣੇ ਰੋਸ ਪ੍ਰਦਰਸ਼ਨ ਜਾਰੀ ਰੱਖਣਗੇ ਪਰ ਇਨ੍ਹਾਂ ਮੁੱਦਿਆਂ ’ਤੇ ਸੂਬੇ ਵਿੱਚ ਕਿਸੇ ਤਰ੍ਹਾਂ ਦਾ ਬੰਦ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਬੰਗਾਲ ਵਿੱਚ ਹਿੰਸਾ ਅਤੇ ਬੰਦ ਨੂੰ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਦੀ ‘ਗੰਧਲੀ ਸਿਆਸਤ’ ਦਾ ਹਿੱਸਾ ਕਰਾਰ ਦਿੱਤਾ।
ਦੂਜੇ ਪਾਸੇ ਮੀਟਿੰਗ ਵਿੱਚ ਸ਼ਮੂਲੀਅਤ ਨਾ ਕਰਨ ਦੇ ਲਏ ਫ਼ੈਸਲੇ ’ਤੇ ਖੱਬੀਆਂ ਪਾਰਟੀਆਂ ਅਤੇ ਕਾਂਗਰਸ ਨੇ ਮਮਤਾ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਏ ਹਨ ਕਿ ਉਸ ਵੱਲੋਂ ਭਾਜਪਾ ਲੀਡਰਸ਼ਿਪ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੇ ਅਬਦੁੱਲ ਮਨਨ ਨੇ ਕਿਹਾ, ‘‘ਉਨ੍ਹਾਂ ਵਲੋਂ ਭਾਜਪਾ ਆਗੂਆਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਖ਼ੁਦ ਹੀ ਦੋਹਰੇ ਮਾਪਦੰਡ ਅਪਣਾ ਰਹੀ ਹੈ। ਉਹ ਭਗਵਾਂ ਪਾਰਟੀ ਦੀ ਲੀਡਰਸ਼ਿਪ ਨਾਲ ਆਪਣੇ ਸਬੰਧ ਚੰਗੇ ਰੱਖਣਾ ਚਾਹੁੰਦੀ ਹੈ, ਇਸੇ ਕਾਰਨ ਉਹ ਬੈਠਕ ਵਿੱਚ ਹਿੱਸਾ ਨਹੀਂ ਲੈ ਰਹੀ।’’ ਸੀਪੀਆਈ (ਐੱਮ) ਪੋਲਿਟਬਿਊਰੋ ਮੈਂਬਰ ਮੁਹੰਮਦ ਸਲੀਮ ਨੇ ਕਿਹਾ, ‘‘ਇਹ ਸਪੱਸ਼ਟ ਹੈ ਕਿ ਕੌਣ ਆਰਐੱਸਐੱਸ ਦੇ ਹੱਕ ਵਿੱਚ ਹੈ। ਉਨ੍ਹਾਂ (ਮਮਤਾ) ਦੀਆਂ ਕਾਰਵਾਈਆਂ ਕੇਵਲ ਦਿਖਾਵਾ ਹਨ।’’ ਇਸੇ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਇਸ ਰੌਲੇ-ਰੱਪੇ ਬਾਰੇ ਕਿਹਾ ਕਿ ਇਹ ਪਾਰਟੀਆਂ ਜ਼ਿਆਦਾ ਸਮਾਂ ਇਕੱਠੀਆਂ ਨਹੀਂ ਰਹਿ ਸਕਦੀਆਂ ਕਿਉਂਕਿ ਇਹ ਸਿਰਫ ਸੱਤਾ ਲਈ ਸਿਆਸਤ ਕਰਦੀਆਂ ਹਨ।

Previous articleHonduras detains 4 undocumented Iranians heading to US
Next article18 UN peacekeepers injured in Mali attack