ਮਨਪ੍ਰੀਤ ਨੂੰ ਮੰਤਰੀ-ਮੰਡਲ ’ਚੋਂ ਬਾਹਰ ਕੱਢਿਆ ਜਾਵੇ: ਟੀਨੂੰ

ਜਲੰਧਰ-  ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਦਾ ਬਜਟ ‘420 ਦਸਤਾਵੇਜ਼’ ਹੈ। ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ’ਤੇ ਦੋਸ਼ ਲਾਇਆ ਕਿ ਦਲਿਤਾਂ ਦਾ ਅਸਲ ਦੁਸ਼ਮਣ ਪੰਜਾਬ ਦਾ ਵਿੱਤ ਮੰਤਰੀ ਹੈ, ਜਿਸ ਦੀ ਨਲਾਇਕੀ ਕਾਰਨ ਪੋਸਟ ਮੈਟ੍ਰਿਕ ਵਿਦਿਆਰਥੀਆਂ ਦੇ 2500 ਕਰੋੜ ਰੁਪਏ ਦਾ ਹਿਸਾਬ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਦੋਸ਼ ਲਾਇਆ ਕਿ ਦਲਿਤਾਂ ਦੇ ਮਸਲਿਆਂ ਬਾਰੇ ਸਰਕਾਰ ਤੋਂ ਕੀਤੀ ਜਾ ਰਹੀ ਜਵਾਬਦੇਹੀ ’ਤੇ ਵਿੱਤ ਮੰਤਰੀ ਏਨਾ ਭੜਕ ਉੱਠੇ ਸਨ ਕਿ ਉਨ੍ਹਾਂ ਨੇ ਵਿਧਾਨ ਸਭਾ ਦੀ ਮਾਣ-ਮਰਿਆਦਾ ਦਾ ਵੀ ਕੋਈ ਖਿਆਲ ਨਹੀਂ ਕੀਤਾ। ਉਨ੍ਹਾਂ ਸਪੀਕਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਦੇ ਅੰਦਰ ਦੀ ਵੀਡੀਓ ਤੇ ਆਡੀਓ ਤੁਰੰਤ ਸੀਲ ਕੀਤੀ ਜਾਵੇ ਅਤੇ ਸਾਂਝੀ ਕਮੇਟੀ ਬਣਾ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੇ ਕਾਂਗਰਸੀ ਵਿਧਾਇਕਾਂ ਵੱਲੋਂ ਵਿਧਾਨ ਸਭਾ ਅੰਦਰ ਕੀਤੀ ਗਈ ਗੁੰਡਾਗਰਦੀ ਦੀ ਜਾਂਚ ਕਰਵਾਈ ਜਾਵੇ। ਪਵਨ ਕੁਮਾਰ ਟੀਨੂੰ ਨੇ ਪੰਜਾਬ ਵਿਧਾਨ ਸਭਾ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੇ ਗਏ ਦੁਰਵਿਵਹਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਮੰਤਰੀ ਮੰਡਲ ’ਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦਲਿਤ ਵਿਦਿਆਰਥੀਆਂ ਦੇ ਹੱਕਾਂ ਦੀ ਲੜਾਈ ਲੜੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ, ਬਲਜੀਤ ਸਿੰਘ ਨੀਲਾਮਹਿਲ ਸਮੇਤ ਹੋਰ ਆਗੂ ਹਾਜ਼ਰ ਸਨ।

Previous articleEgypt reopens Djoser pyramid after 14 years
Next articleਵਕੀਲਾਂ ਨੇ ਕਚਹਿਰੀ ਕੰਪਲੈਕਸ ਜਾਣ ਵਾਲੇ ਰਾਹ ਠੱਪ ਕੀਤੇ