ਮਜੀਠਾ ਦੇ ਪਿੰਡ ਮਜਵਿੰਡ ਨਜ਼ਦੀਕ ਮੰਦਰ ਦੇ ਪੁਜਾਰੀ ਦੀ ਹੱਤਿਆ; ਹਮਲੇ ’ਚ ਪਤਨੀ ਤੇ ਨੌਕਰ ਜ਼ਖ਼ਮੀ

ਮਜੀਠਾ (ਸਮਾਜ ਵੀਕਲੀ) : ਪਿੰਡ ਮਜਵਿੰਡ ਨਜ਼ਦੀਕ ਬਟਾਲਾ ਰੋਡ ’ਤੇ ਮੰਦਰ ਸ੍ਰੀ ਬਾਵਾ ਲਾਲ ਦੇ ਪੁਜਾਰੀ ਨੂੰ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ। ਪਿੰਡ ਮਜਵਿੰਡ ਨਜ਼ਦੀਕ ਬਟਾਲਾ ਰੋਡ ’ਤੇ ਸਥਿਤ ਮੰਦਰ ਸ੍ਰੀ ਬਾਵਾ ਲਾਲ ਵਿਖੇ 10 ਦੇ ਕਰੀਬ ਅਣਪਛਾਤੇ ਵਿਅਕਤੀ ਲੁੱਟ ਦੇ ਇਰਾਦੇ ਨਾਲ ਕੰਧ ਟੱਪਕੇ ਮੰਦਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਮੰਦਰ ਦੇ ਪੁਜਾਰੀ ਮੋਹਨ ਸ਼ਾਮ ਲਾਲ ਭਾਰਦਵਾਜ ਪੁੱਤਰ ਸੋਹਣ ਲਾਲ ਭਾਰਦਵਾਜ ਕੋਲੋਂ ਨਕਦੀ ਤੇ ਹੋਰਕੀਮਤੀ ਸਾਮਾਨ ਦੀ ਮੰਗ ਕੀਤੀ।

ਪੁਜਾਰੀ ਵਲੋ ਇਨਕਾਰ ਕਰਨ ’ਤੇ ਲੁਟੇਰਿਆਂ ਨੇ ਪੁਜਾਰੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਵਲੋ ਪੁਜਾਰੀ ਦੀ ਪਤਨੀ ਸੱਤਿਆਵਤੀ ਤੇ ਉਨ੍ਹਾਂ ਦੇ ਨੌਕਰ ਕ੍ਰਿਸ਼ਨਾ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿਤਾ ਗਿਆ। ਲੁਟੇਰੇ ਮੰਦਰ ਦੀ ਗੋਲਕ, 60 ਹਜ਼ਾਰ ਰੁਪਏ ਤੇ ਹੋਰ ਕੀਮਤੀ ਸਾਮਾਨ ਲੈ ਕੇ ਫ਼ਰਾਰ ਹੋ ਗਏ। ਪੁਜਾਰੀ ਮੋਹਨ ਸ਼ਾਮ ਲਾਲ ਭਾਰਦਵਾਜ ਤੇ ਉਸ ਦੀ ਪਤਨੀ ਸੱਤਿਆਵਤੀ ਯੂਪੀ ਦੇ ਮੂਲ ਵਾਸੀ ਹਨ ਤੇ ਮੰਦਰ ਵਿੱਚ 20 ਸਾਲਾ ਤੋਂ ਸੇਵਾ ਕਰ ਰਹੇ ਸਨ। ਡੀਐੱਸਪੀ ਮਜੀਠਾ ਜੁਗੇਸ਼ਵਰ ਸਿੰਘ ਗੋਰਾਇਆਂ ਤੇ ਸਬੰਧਤ ਥਾਣਾ ਕੱਥੂਨੰਗਲ ਦੇ ਐੱਸਐੱਚਓ ਮੋਹਿਤ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲਿਆ।

Previous articleਖਾਸਾ ਰੇਲਵੇ ਸਟੇਸ਼ਨ ਤੋਂ ਛੇਤੀ ਸ਼ੁਰੂ ਹੋਵੇਗੀ ਮਾਲ ਦੀ ਢੋਆ-ਢੁਆਈ
Next articleਕਿਸਾਨਾਂ ਨੂੰ ਫ਼ਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ: ਬਾਦਲ