ਮਜਬੂਰ ਨਹੀਂ ਮਜ਼ਬੂਤ ਸਰਕਾਰ ਦੇਵਾਂਗੇ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਮਜਬੂਰ ਨਹੀਂ, ਮਜ਼ਬੂਤ ਸਰਕਾਰ ਚੁਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਅਤਿਵਾਦ ਦਾ ਖ਼ਾਤਮਾ ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣਾ ਚਾਹੁੰਦੇ ਹਨ। ਮੋਦੀ ਨੇ ਆਪਣੇ 40 ਮਿੰਟਾਂ ਦੇ ਭਾਸ਼ਨ ਦੌਰਾਨ ਕਾਂਗਰਸੀ ਆਗੂ ਸੈਮ ਪਿਤਰੋਦਾ ਵੱਲੋਂ ਸਿੱਖ ਦੰਗਿਆਂ ਬਾਰੇ ਕੀਤੀ ਟਿੱਪਣੀ ‘ਹੂਆ ਤੋ ਹੂਆ’ ਦਾ ਵਾਰ-ਵਾਰ ਜ਼ਿਕਰ ਕੀਤਾ ਤੇ ਕਾਂਗਰਸ ’ਤੇ ਨਿਸ਼ਾਨਾ ਸਾਧਿਆ। ਪੂਰੇ ਭਾਸ਼ਨ ਦੌਰਾਨ ਮੋਦੀ, ਚੌਕੀਦਾਰ, ‘ਹੂਆ ਤੋ ਹੂਆ’ ਸ਼ਬਦ ਹੀ ਭਾਰੂ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਉਸ ਦੇ ਮਿਲਾਵਟੀ ਸਹਿਯੋਗੀਆਂ ਨੇ ਪੰਜ ਵਰ੍ਹੇ ਮੋਦੀ ਸਰਕਾਰ ਨੂੰ ਬਰਦਾਸ਼ਤ ਨਹੀਂ ਕੀਤਾ ਤੇ ਸਰਕਾਰ ਦੀਆਂ ਅਹਿਮ ਸਕੀਮਾਂ ਜਿਵੇਂ ਸਵੱਛ ਭਾਰਤ, ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਮੇਕਇਨ ਇੰਡੀਆ, ਡਿਜੀਟਲ ਇੰਡੀਆ ਨੂੰ ਗਲਤ ਢੰਗ ਨਾਲ ਹੀ ਪੇਸ਼ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ‘ਚੌਕੀਦਾਰ’ ਨੇ ਕਈ ਭਲਾਈ ਸਕੀਮਾਂ ਨਾਲ ਜੁੜੇ ਕਰੋੜਾਂ ਰੁਪਏ ਦੇ ਘੁਟਾਲੇ ਬੇਨਕਾਬ ਕੀਤੇ ਹਨ ਤੇ ਕਈ ਧੋਖੇਬਾਜ਼ਾਂ ਦੀਆਂ ਦੁਕਾਨਾਂ ਬੰਦ ਕੀਤੀਆਂ ਹਨ। ਮੋਦੀ ਨੇ ਦੋਸ਼ ਲਾਇਆ ਕਿ ਦੇਸ਼ ਦੀ ਭ੍ਰਿਸ਼ਟ ਲਾਬੀ ਉਨ੍ਹਾਂ ਨੂੰ ਬਦਨਾਮ ਕਰਨ ’ਤੇ ਤੁਲੀ ਹੈ। ਉਨ੍ਹਾਂ ਕਿਹਾ ਕਿ ਲੋਕ ਪਰਿਵਾਰ ਦੀ ਨਹੀਂ, ਵਿਕਾਸ ਦੀ ਸਰਕਾਰ ਸਿਰਜਣਗੇ। ਮੋਦੀ ਨੇ ਕਿਹਾ ਕਿ ਸਾਰਾ ਦੇਸ਼ ‘ਚੌਕੀਦਾਰ’ ਬਣ ਕੇ ਉਨ੍ਹਾਂ ਦੇ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਡੀਬੀਟੀ (ਡਾਇਰੈਕਟ ਬੈਨੀਫ਼ਿਟ ਟਰਾਂਸਫਰ) ਸਕੀਮ ਸ਼ੁਰੂ ਕੀਤੀ ਹੈ ਜਦਕਿ ਕਾਂਗਰਸ ਨੇ ‘ਡਾਇਰੈਕਟ ਵਿਚੋਲੀਆ ਟਰਾਂਸਫ਼ਰ’ ਸਕੀਮ ਚਲਾਈ। ਨਰਿੰਦਰ ਮੋਦੀ ਨੇ ਕਿਹਾ ਕਿ ਵਿਰੋਧੀ ਕਹਿੰਦੇ ਸਨ ਇਕ ਚਾਹ ਵੇਚਣ ਵਾਲਾ 21ਵੀਂ ਸਦੀ ’ਚ ਦੇਸ਼ ਕਿਵੇਂ ਚਲਾਏਗਾ ਪਰ ਉਨ੍ਹਾਂ ਦੀ ਸਰਕਾਰ ਨੇ ਸਰਜੀਕਲ ਸਟ੍ਰਾਈਕਾਂ ਤੋਂ ਲੈ ਕੇ ਪੁਲਾੜ ਤੱਕ ਅਹਿਮ ਪ੍ਰਾਪਤੀਆਂ ਕਰ ਕੇ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ। ਮੋਦੀ ਨੇ ਕ੍ਰਿਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਲ 2009 ਤੇ 2014 ਵਿਚ ਲੋਕ ਸਭਾ ਚੋਣਾਂ ਨਾਲ ਆਈਪੀਐਲ ਕਰਵਾਉਣ ਤੋਂ ਹੱਥ ਪਿਛਾਂਹ ਖਿੱਚ ਲਿਆ ਸੀ ਜਦਕਿ ‘ਚੌਕੀਦਾਰ’ ਨੇ ਚੋਣਾਂ ਦੇ ਨਾਲ ਹੀ ਆਈਪੀਐਲ ਕਰਵਾ ਕੇ ਨਵਾਂ ਮਾਅਰਕਾ ਮਾਰਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਦੇ ਰਾਜ ਦੌਰਾਨ ਵੀ ਹੁਣ ਵਾਲੀ ਅਫ਼ਸਰਸ਼ਾਹੀ ਹੀ ਸੀ ਪਰ ਜੋ ਕੁਝ ਉਨ੍ਹਾਂ ਕੀਤਾ, ਉਹ ਪਹਿਲਾਂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਿਤਰੋਦਾ ਨੂੰ ਮੁਆਫ਼ੀ ਮੰਗਣ ਲਈ ਤਾਂ ਕਹਿ ਰਹੇ ਹਨ ਪਰ ਅਹੁਦੇ ’ਤੇ ਬਰਕਰਾਰ ਰੱਖਣਗੇ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੈ ਟੰਡਨ, ਉਮੀਦਵਾਰ ਕਿਰਨ ਖੇਰ, ਹਰਿਆਣਾ ਦੇ ਖ਼ਜ਼ਾਨਾ ਮੰਤਰੀ ਕੈਪਟਨ ਅਭਿਮੰਨਿਊ, ਅਕਾਲੀ ਦਲ ਦੇ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਹਾਜ਼ਰ ਸਨ।

Previous articleਮੋਦੀ ਦਾ ਝੂਠ ਲੋਕਾਂ ਦੇ ਰਾਡਾਰ ’ਤੇ: ਪ੍ਰਿਯੰਕਾ
Next articleRain hits Delhi-NCR, likely to continue till Friday