ਮਕਬੂਜ਼ਾ ਕਸ਼ਮੀਰ ਵਿੱਚ ਭੂਚਾਲ ਕਾਰਨ 26 ਮੌਤਾਂ; 300 ਜ਼ਖ਼ਮੀ

ਮਕਬੂਜ਼ਾ ਕਸ਼ਮੀਰ ਵਿੱਚ ਬਾਅਦ ਦੁਪਹਿਰ 5.8 ਤੀਬਰਤਾ ਦੇ ਆਏ ਭੂਚਾਲ ਕਾਰਨ ਘੱਟੋ ਘੱਟ 26 ਲੋਕਾਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਉੱਤਰੀ ਭਾਰਤ ਅਤੇ ਉੱਤਰੀ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਭੂੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਯੂਐੱਸ ਜਿਓਲੋਜੀਕਲ ਸਰਵੇ ਅਨੁਸਾਰ ਇਸ ਭੂਚਾਲ ਦਾ ਕੇਂਦਰ ਬਿੰਦੂ ਮਕਬੂਜ਼ਾ ਕਸ਼ਮੀਰ ਸਥਿਤ ਨਿਊ ਮੀਰਪੁਰ ਨੇੜੇ ਸੀ। ਮੀਰਪੁਰ ਪੁਲੀਸ ਦੇ ਡੀਆਈਜੀ ਸਰਦਾਰ ਗੁਲਫ਼ਰਾਜ਼ ਖ਼ਾਨ ਨੇ ਮੀਡੀਆ ਨੂੰ ਦੱਸਿਆ ਕਿ ਮੀਰਪੁਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਭੂਚਾਲ ਕਾਰਨ 26 ਮੌਤਾਂ ਹੋ ਗਈਆਂ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਡਿਪਟੀ ਕਮਿਸ਼ਨਰ ਰਾਜਾ ਕੇਸਰ ਨੇ ਦੱਸਿਆ ਕਿ ਮੀਰਪੁਰ ਵਿੱਚ ਭੂਚਾਲ ਕਾਰਨ ਕਈ ਘਰ ਢਹਿ ਗਏ ਹਨ। ਪਾਕਿਸਤਾਨ ਦੇ ਮੌਸਮ ਵਿਭਾਗ ਅਨੁਸਾਰ ਭੂਚਾਲ ਦੀ ਤੀਬਰਤਾ 5.8 ਸੀ ਜਦਕਿ ਵਿਗਿਆਨ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਕਿ ਭੂਚਾਲ ਦੀ ਤੀਬਰਤਾ 7.1 ਸੀ। ਖੇਤਰ ਵਿੱਚ ਸਥਿਤ ਮਸਜਿਦ ਦੇ ਕੁਝ ਹਿੱਸਾ ਵੀ ਡਿੱਗ ਗਏ ਹਨ। ਮਕਬੂਜ਼ਾ ਕਸ਼ਮੀਰ ਦੇ ਸਾਰੇ ਹਸਪਤਾਲਾਂ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਟੀਵੀ ਚੈਨਲਾਂ ’ਤੇ ਭੂਚਾਲ ਕਾਰਨ ਮੀਰਪੁਰ ਦੀਆਂ ਸੜਕਾਂ ’ਤੇ ਹਾਦਸਾਗ੍ਰਸਤ ਹੋਏ ਵਾਹਨ ਅਤੇ ਜ਼ਮੀਨ ਵਿੱਚ ਪਈਆਂ ਤਰੇੜਾਂ ਦਿਖਾਈਆਂ ਜਾ ਰਹੀਆਂ ਹਨ।
ਫੌਜ ਦੇ ਮੀਡੀਆ ਵਿੰਗ ਦੇ ਟਵੀਟ ਅਨੁਸਾਰ ਪਾਕਿਸਤਾਨ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮਕਬੂਜ਼ਾ ਕਸ਼ਮੀਰ ਵਿੱਚ ਭੂਚਾਲ ਪੀੜਤਾਂ ਨੂੰ ਬਚਾਉਣ ਲਈ ਸਿਵਲ ਪ੍ਰਸ਼ਾਸਨ ਨੂੰ ਤੁਰੰਤ ਰਾਹਤ ਕਾਰਜ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਫੌਜੀ ਜਵਾਨਾਂ ਅਤੇ ਮੈਡੀਕਲ ਟੀਮਾਂ ਨੂੰ ਮਕਬੂਜ਼ਾ ਕਸ਼ਮੀਰ ਭੇਜਿਆ ਗਿਆ ਹੈ। ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਚੇਅਰਮੈਨ ਲੈਫਟੀ. ਜਨਰਲ ਮੁਹੰਮਦ ਅਫ਼ਜ਼ਲ ਨੇ ਦੱਸਿਆ ਕਿ ਜ਼ਿਆਦਾਤਰ ਨੁਕਸਾਨ ਮੀਰਪੁਰ ਅਤੇ ਜੇਹਲਮ ਵਿੱਚ ਹੋਇਆ ਹੈ। ਪਾਕਿਸਤਾਨ ਦੇ ਪੇਸ਼ਾਵਰ, ਰਾਵਲਪਿੰਡੀ, ਲਾਹੌਰ, ਕੋਹਾਟ, ਚਾਰਸੱਦਾ, ਕਸੂਰ, ਗੁਜਰਾਤ, ਸਿਆਲਕੋਟ, ਮੁਲਤਾਨ ਅਤੇ ਐਬਟਾਬਾਦ ਆਦਿ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

Previous articleਮੁੱਖ ਮੰਤਰੀ ਨੇ ਦਬਾਅ ਹੇਠ ਬਾਦਲਾਂ ਨੂੰ ਮੁਆਫ਼ੀ ਦਿੱਤੀ: ਬਾਜਵਾ
Next articleਚਿਨਮਯਾਨੰਦ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ