ਮਕਬੂਜ਼ਾ ਕਸ਼ਮੀਰ ਦੀ ਹੋਂਦ ਲਈ ਨਹਿਰੂ ਜ਼ਿੰਮੇਵਾਰ: ਸ਼ਾਹ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਦੀ ਹੋਂਦ ਲਈ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਜੇ ਤਤਕਾਲੀ ਪ੍ਰਧਾਨ ਮੰਤਰੀ ਨੇ ਗੁਆਂਢੀ ਮੁਲਕ ਨਾਲ ਬੋਲੇੜੀ ਗੋਲੀਬੰਦੀ ਨਾ ਐਲਾਨੀ ਹੁੰਦੀ ਤਾਂ ਪੀਓਕੇ ਦੀ ਅੱਜ ਹੋਂਦ ਨਾ ਹੁੰਦੀ। ਕਸ਼ਮੀਰ ਦਾ ਭਾਰਤ ਨਾਲ ‘ਰਲੇਵਾਂ ਨਾ ਹੋਣ’ ਲਈ ਨਹਿਰੂ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਸਰਦਾਰ ਵੱਲਭਭਾਈ ਪਟੇਲ ਦੇ ਹੱਥ ਇਹ ਮਸਲਾ ਸੌਂਪਿਆ ਜਾਣਾ ਚਾਹੀਦਾ ਸੀ ਨਾ ਕਿ ਪ੍ਰਧਾਨ ਮੰਤਰੀ ਹੱਥ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਸ਼ਮੀਰ ’ਚੋਂ ਧਾਰਾ 370 ਹਟਾਉਣ ਦੀ ਦੱਬ ਕੇ ਹਮਾਇਤ ਕੀਤੀ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇ ਹੱਕ ’ਚ ਪ੍ਰਚਾਰ ਵੀ ਕੀਤਾ। ਸ਼ਾਹ ਨੇ ਕਿਹਾ ਹੁਣ ਮੁਲਕ ਨੂੰ ਰਾਸ਼ਟਰਵਾਦ ਤੇ ਵਿਕਾਸ ਦੇ ਪੰਧ ’ਤੇ ਮੋਹਰੀ ਬਣਾਉਣ ਦੀ ਵਾਰੀ ਹੈ। ਸ਼ਾਹ ਨੇ ਕਾਂਗਰਸ ਤੇ ਐੱਨਸੀਪੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਦੋਵੇਂ ਧਿਰਾਂ ‘ਬੇਸ਼ਰਮੀ ਨਾਲ’ ਧਾਰਾ 370 ਹਟਾਏ ਜਾਣ ਦਾ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਦੇਵੇਂਦਰ ਫੜਨਵੀਸ ਮੁੜ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣਨਗੇ। ਭਾਜਪਾ ਆਗੂ ਨੇ ਲੋਕਾਂ ਨੂੰ ਕਿਹਾ ਕਿ ਉਹ ਰਾਹੁਲ ਗਾਂਧੀ ਤੇ ਐੱਨਸੀਪੀ ਆਗੂ ਸ਼ਰਦ ਪਵਾਰ ਨੂੰ ਪੁੱਛਣ ਕਿ ਉਨ੍ਹਾਂ ਦੀ ਧਾਰਾ 370 ਬਾਰੇ ਕੀ ਰਾਇ ਹੈ। ਉਨ੍ਹਾਂ ਗੋਰੇਗਾਓਂ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਪਿਛਲੀਆਂ ਸੂਬਾ ਸਰਕਾਰਾਂ ਕੇਂਦਰ ਵੱਲੋਂ ਭੇਜੀ ਸਾਰੀ ਰਾਸ਼ੀ ਵਿਕਾਸ ਕਾਰਜਾਂ ਲਈ ਖ਼ਰਚ ਕਰਦੀਆਂ ਤਾਂ ਅੱਜ ਜੰਮੂ ਕਸ਼ਮੀਰ ’ਚ ‘ਘਰਾਂ ਦੀਆਂ ਛੱਤਾਂ ਸੋਨੇ ਦੀਆਂ ਹੁੰਦੀਆਂ।’

Previous articleਵਿਜੈਇੰਦਰ ਸਿੰਗਲਾ ਦੀ ਕੋਠੀ ਅੱਗੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ’ਤੇ ਲਾਠੀਚਾਰਜ
Next articleਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦ ਹਥਿਆਰਾਂ ਸਮੇਤ ਕਾਬੂ