ਭੂਟਾਨ ਦੇ ਨੌਜਵਾਨਾਂ ’ਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭੂਟਾਨ ਦੌਰੇ ਦੇ ਆਖ਼ਰੀ ਦਿਨ ਅੱਜ ਉੱਥੋਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭੂਟਾਨ ਦੇ ਵਿਦਿਆਰਥੀਆਂ ਵਿਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ ਹੈ ਜੋ ਕਿ ਭਵਿੱਖੀ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਭੂਟਾਨ ਦੀ ਵੱਕਾਰੀ ਸ਼ਾਹੀ ਯੂਨੀਵਰਸਿਟੀ ਵਿਚ ਸ੍ਰੀ ਮੋਦੀ ਨੇ ਮੁਲਕ ਦੇ ‘ਰੌਸ਼ਨ ਦਿਮਾਗ’ ਭੂਟਾਨੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੇ ਹਿਮਾਲਿਆ ਪਰਬਤਮਾਲਾ ਨਾਲ ਘਿਰੇ ਇਸ ਦੇਸ਼ ਨੂੰ ਉਚਾਈਆਂ ਵੱਲ ਲਿਜਾਣ ਲਈ ਪ੍ਰੇਰਿਆ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਅੱਗੇ ਕਈ ਚੁਣੌਤੀਆਂ ਹਨ। ਹਰ ਚੁਣੌਤੀ ਤੋਂ ਪਾਰ ਪਾਉਣ ਲਈ ਨੌਜਵਾਨਾਂ ਨੂੰ ਨਵੇਂ ਢੰਗ-ਤਰੀਕੇ ਇਜਾਦ ਕਰਨ ਦੀ ਲੋੜ ਹੈ ਤੇ ਅਜਿਹਾ ਕਰਨ ਸਮੇਂ ਉਹ ਖ਼ੁਦ ਨੂੰ ਕਿਸੇ ਹੱਦ ’ਚ ਨਾ ਬੰਨ੍ਹਣ। ਇਸ ਮੌਕੇ ਭੂਟਾਨ ਦੇ ਪ੍ਰਧਾਨ ਮੰਤਰੀ ਲੌਟੇ ਸ਼ੇਰਿੰਗ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਕੌਮੀ ਨਾਲੇਜ ਨੈੱਟਵਰਕ ਦਾ ਭੂਟਾਨ ਦੇ ‘ਡਰੱਕਆਰਈਐੱਨ’ ਨਾਲ ਰਾਬਤਾ ਹੈ। ਇਸ ਰਾਹੀਂ ’ਵਰਸਿਟੀਆਂ, ਖੋਜ ਸੰਸਥਾਵਾਂ, ਲਾਇਬਰੇਰੀਆਂ, ਸਿਹਤ ਤੇ ਖੇਤੀ ਸੈਕਟਰ ਜੁੜਿਆ ਹੋਇਆ ਹੈ। ਚੰਦਰਯਾਨ-2 ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭੂਟਾਨ ਨਾਲ ਪੁਲਾੜ ਖੇਤਰ ਵਿਚ ਭਾਰਤ ਸਹਿਯੋਗ ਕਰ ਰਿਹਾ ਹੈ ਤੇ ਭੂਟਾਨ ਦਾ ਜਲਦੀ ਹੀ ਆਪਣਾ ਸੈਟੇਲਾਈਟ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਬੁੱਧ ਦੀਆਂ ਸਿੱਖਿਆਵਾਂ ਤੇ ਇਨ੍ਹਾਂ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ। ਸ੍ਰੀ ਮੋਦੀ ਨੇ ਇਸੇ ਦੌਰਾਨ ਭੂਟਾਨ ਵਿਚ ਵਿਰੋਧੀ ਧਿਰ ਦੇ ਆਗੂ ਪੇਮਾ ਗਿਆਮਸ਼ੋ ਨਾਲ ਵੀ ਮੁਲਾਕਾਤ ਕੀਤੀ। 

Previous articleਲੁਧਿਆਣਾ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਨੇ ਤਬਾਹੀ ਮਚਾਈ
Next articleਹਿਮਾ ਦਾਸ ਤੇ ਮੁਹੰਮਦ ਅਨਸ ਨੇ ਸੋਨ ਤਗ਼ਮੇ ਜਿੱਤੇ