ਭੁੱਖਣ-ਭਾਣੇ ਪਰਵਾਸੀ ਮਜ਼ਦੂਰ ਘਰਾਂ ਨੂੰ ਹਿਜਰਤ ਕਰਨ ਲਈ ਮਜਬੂਰ

ਨਵੀਂ ਦਿੱਲੀ  (ਸਮਾਜਵੀਕਲੀ)  – ਨਵੀਂ ਦਿੱਲੀ ਦੇ ਉੱਤਰੀ ਨੀਮ ਸ਼ਹਿਰੀ ਇਲਾਕੇ ’ਚ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਦਯਾਰਾਮ ਤੇ ਉਸ ਦੀ ਪਤਨੀ ਗਿਆਨਵਤੀ ਨੇ ਰੋਟੀ-ਪਾਣੀ ਤੋਂ ਮੁਥਾਜ ਹੋਣ ਮਗਰੋਂ ਆਪਣੇ ਪੰਜ ਸਾਲਾ ਪੁੱਤਰ ਸ਼ਿਵਮ ਨੂੰ ਲੈ ਕੇ 300 ਮੀਲ ਦੂਰ ਆਪਣੇ ਜੱਦੀ ਘਰ ਜਾਣ ਲਈ ਚਾਲੇ ਪਾ ਦਿੱਤੇ।

ਉਸ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਇੱਕ ਵਾਰ ਘਰ ਪਹੁੰਚਣ ਤੋਂ ਬਾਅਦ ਉਹ ਕੀ ਕਰੇਗਾ। ਦਯਾਰਾਮ ਦੀ ਤਰ੍ਹਾਂ ਅਜਿਹੇ ਹਜ਼ਾਰਾਂ ਪਰਿਵਾਰ ਹਨ ਜੋ ਪੈਦਲ ਹੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਦੂਜੇ ਦਿਨ ਦਯਾਰਾਮ ਤੇ ਉਸ ਦੇ ਪਰਿਵਾਰ ਨਾਲ ਸਬੰਧਤ 50 ਹੋਰ ਮੈਂਬਰ ਕੌਮੀ ਰਾਜਧਾਨੀ ਦੇ ਸੁੰਨੇ ਪਏ ਐਕਸਪ੍ਰੈੱਸਵੇਅ ’ਤੇ ਪਹੁੰਚ ਗਏ ਹਨ।

ਪਰਿਵਾਰ ਭੁੱਖਾ-ਤਿਹਾਇਆ ਤੇ ਥੱਕਿਆ ਹੋਇਆ ਹੈ ਅਤੇ ਪੁਲੀਸ ਵੀ ਦੂਰ ਨਹੀਂ ਹੈ। ਉਹ ਆਰਾਮ ਕਰਨਾ ਚਾਹੁੰਦੇ ਹਨ ਪਰ ਪੁਲੀਸ ਉਨ੍ਹਾਂ ਨੂੰ ਆਪਸ ’ਚ ਦੂਰੀ ਬਣਾ ਕੇ ਚੱਲਦੇ ਰਹਿਣ ਨੂੰ ਕਹਿ ਰਹੀ ਹੈ। ਦਯਾਰਾਮ ਘਰ ਰਹਿ ਰਹੇ ਦੂਜੇ ਸੱਤ ਸਾਲਾ ਪੁੱਤਰ ਮੰਗਲ ਕੋਲ ਪਹੁੰਚਣਾ ਚਾਹੁੰਦਾ ਹੈ।

ਮੱਧ ਪ੍ਰਦੇਸ਼ ਦੇ ਸੁੱਕੇ ਬੁੰਦੇਲਖੰਡ ਇਲਾਕੇ ’ਚ ਦਯਾਰਾਮ ਦਾ ਜੱਦੀ ਪਿੰਡ ਹੈ। ਉਸ ਵਰਗੇ ਹਜ਼ਾਰਾਂ ਕਿਰਤੀ ਸੈਂਕੜੇ ਕਿਲੋਮੀਟਰ ਦੂਰ ਆਪਣੇ ਘਰਾਂ ’ਚ ਪਰਿਵਾਰ ਛੱਡ ਕੇ ਕੰਮ ਦੀ ਭਾਲ ’ਚ ਕਈ ਸਾਲ ਪਹਿਲਾਂ ਆਏ ਸਨ ਪਰ ਕਰੋਨਵਾਇਰਸ ਮਹਾਮਾਰੀ ਨੇ ਉਨ੍ਹਾਂ ਨੂੰ ਕੱਖੋਂ ਹੌਲੇ ਕਰ ਦਿੱਤਾ ਹੈ।

ਸਰਕਾਰ ਵੱਲੋਂ ਕਰੋਨਾਵਾਇਰਸ ਦੇ ਖਾਤਮੇ ਲਈ ਲੌਕਡਾਊਨ ਨੂੰ ਸਹੀ ਤਾਂ ਦੱਸਿਆ ਜਾ ਰਿਹਾ ਹੈ ਪਰ ਦਯਾਰਾਮ ਵਰਗੇ ਮਜ਼ਦੂਰ ਪਰਿਵਾਰਾਂ ਨੂੰ ਬਿਮਾਰੀ ਤੋਂ ਪਹਿਲਾਂ ਭੁੱਖ ਨਾਲ ਮਰਨ ਦਾ ਡਰ ਵੀ ਨਾਲੋਂ-ਨਾਲ ਖੜ੍ਹਾ ਹੈ। ਦਯਾਰਾਮ ਨੇ ਕਿਹਾ ਕਿ ਉਹ ਸਮੇਂ ਦਾ ਗੇੜ ਪੁੱਠਾ ਕਰਨਾ ਚਾਹੁੰਦਾ ਹੈ ਜਦੋਂ ਲੋਕ ਛੋਟੇ ਪਿੰਡਾਂ ’ਚ ਰਹਿੰਦੇ ਸੀ ਤੇ ਇੱਕ-ਦੂਜੇ ਦਾ ਖਿਆਲ ਰੱਖਦੇ ਸੀ।

Previous articleNGT raises concern over COVID-19 bio-medical waste disposal
Next article‘ਮਮਤਾ ਸਰਕਾਰ ਨਹੀਂ ਕਰ ਰਹੀ ਸਹਿਯੋਗ’