ਭਿਆਨਕ ਕੋਰੋਨਾ ਦੇ ਸਹਿਮ ਦੌਰਾਨ ਵੀ ਗੁਰੂ ਅਮਰ ਦਾਸ ਜੀ ਦਾ ਦਰ ਬੇਘਰ-ਮਰੀਜ਼ਾਂ ਲਈ ਖੁੱਲ੍ਹਾ

ਦਿਮਾਗੀ ਸੰਤੁਲਨ ਗੁਆ ਚੁੱਕੀ ਜਸਮੀਤ ਕੌਰ ਨੂੰ ਰਾਤ ਸਮੇਂ ਛੱਡਣ ਆਈ ਪੁਲਿਸ

– ਮਨਦੀਪ ਸਰੋਏ ਗੁੱਜਰਵਾਲ, ਫੋਨ: +91 97794-16542

ਲੁਧਿਆਣਾ (ਸਮਾਜ ਵੀਕਲੀ)- ਭਾਵੇਂ ਕਈ ਹਸਪਤਾਲਾਂ ਅਤੇ ਹੋਰ ਬਹੁਤ ਸਾਰੇ ਅਦਾਰਿਆਂ ਨੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਡਰਦਿਆਂ ਆਪਣੇ ਦਰ ਬੰਦ ਕਰ ਲਏ ਹਨ ਪਰ ਲੁਧਿਆਣਾ ਜ਼ਿਲੇ੍ਹ ਵਿੱਚ ਸਰਾਭਾ ਪਿੰਡ ਦੇ ਨਜ਼ਦੀਕ ਬਣੇ ਰਜਿ. ਚੈਰੀਟੇਬਲ “ਗੁਰੂ ਅਮਰ ਦਾਸ ਅਪਾਹਜ ਆਸ਼ਰਮ” ਦਾ ਦਰ ਬੇਘਰ-ਮਰੀਜ਼ਾਂ ਲਈ ਦਿਨ-ਰਾਤ ਖੁੱਲ੍ਹਾ ਰਹਿੰਦਾ ਹੈ। ਅਜਿਹੇ ਲਾਵਾਰਸ, ਬੇਘਰ ਮਰੀਜ਼ ਸ਼ਹਿਰਾਂ ਵਿੱਚੋਂ ਕਾਊਂਸਲਰਾਂ, ਪਿੰਡਾਂ ਵਿੱਚੋਂ ਪੰਚਾਇਤਾਂ, ਵੱਖ-ਵੱਖ ਸੰਸਥਾਵਾਂ, ਸਰਕਾਰੀ ਹਸਪਤਾਲਾਂ ਅਤੇ ਪੁਲੀਸ ਵੱਲੋਂ ਆਸ਼ਰਮ ਵਿੱਚ ਰਹਿਣ ਲਈ ਭੇਜੇ ਜਾਂਦੇ ਹਨ।

ਸਿਵਲ ਹਸਪਤਾਲ ਵੱਲੋਂ ਭੇਜੇ ਪਰਮੇਸ਼ਵਰ ਰਾਮ ਦੀ ਹਾਲਤ

ਇਹਨਾਂ ਬੇਘਰ-ਮਰੀਜ਼ਾਂ ਤੋਂ ਕੋਰੋਨਾਵਾਇਰਸ ਦੀ ਬਿਮਾਰੀ ਦਾ ਖਤਰਾ ਬੇਸ਼ੱਕ ਵਧੇਰੇ ਹੁੰਦਾ ਹੈ ਪਰ ਫਿਰ ਵੀ ਕਿਸੇ ਲਾਵਾਰਸ, ਬੇਘਰ-ਮਰੀਜ਼ ਨੂੰ ਆਸ਼ਰਮ ਵਿੱਚ ਦਾਖ਼ਲ ਕਰਨ ਤੋਂ ਇਨਕਾਰ ਨਹੀਂ ਕੀਤਾ ਜਾਂਦਾ। ਇੱਕ ਫੋਟੋ ਵਿੱਚ ਦਿਸ ਰਿਹਾ ਹੈ ਸੜਕਾਂ ਕੰਢੇ ਸੌਣ ਵਾਲਾ ਲਾਵਾਰਸ-ਮਰੀਜ਼ ਪਰਮੇਸ਼ਵਰ ਰਾਮ ਜੋ ਕਿ 16 ਅਪ੍ਰੈਲ ਨੂੰ ਸਿਵਲ ਹਸਪਤਾਲ ਲੁਧਿਆਣਾ ਵੱਲੋਂ ਆਸ਼ਰਮ ਵਿੱਚ ਰਹਿਣ ਲਈ ਭੇਜਿਆ ਗਿਆ। ਅਤੇ ਦੂਜੀ ਫੋਟੋ ਵਿੱਚ ਦੇਖ ਰਹੇ ਹੋ 11 ਅਪ੍ਰੈਲ ਨੂੰ ਰਾਤ ਦੇ ਬਾਰਾਂ ਵਜੇ ਜੋਧਾਂ ਪਿੰਡ ਕੋਲ ਸੜਕ ਤੇ ਇਕੱਲੀ ਬੈਠੀ ਦਿਮਾਗੀ ਸੰਤੁਲਨ ਗੁਆ ਚੁੱਕੀ ਜਸਮੀਤ ਕੌਰ ਨੂੰ ਆਸ਼ਰਮ ਵਿੱਚ ਛੱਡਣ ਆਈ ਪੁਲਿਸ ।

ਆਸ਼ਰਮ ਦੇ ਫਾਊਂਡਰ ਰਿਟ. ਪ੍ਰੋਫ਼ੈਸਰ ਡਾ. ਨੌਰੰਗ ਸਿੰਘ ਮਾਂਗਟ ਨੇ ਦੱਸਿਆ ਕਿ ਆਸ਼ਰਮ ਵਿੱਚ ਕੋਰੋਨਾ ਦੀ ਬਿਮਾਰੀ ਤੋਂ ਬਚਣ ਲਈ ਸਾਰੀਆਂ ਸੰਭਵ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਅਜੇ ਤੱਕ ਕਿਸੇ ਵੀ ਮਰੀਜ਼ ਵਿੱਚ ਅਜਿਹੇ ਲੱਛਣ ਨਜ਼ਰ ਨਹੀਂ ਆਏ। ਇਸ ਆਸ਼ਰਮ ਵਿੱਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਡੇਢ ਸੌ ਦੇ ਕਰੀਬ ਲਾਵਾਰਸ, ਬੇਘਰ, ਅਪਾਹਜ, ਨੇਤਰਹੀਣ, ਟੀ.ਬੀ. ਦੇ ਮਰੀਜ਼, ਅਧਰੰਗ ਦੀ ਬਿਮਾਰੀ ਨਾਲ ਪੀੜਤ ਅਤੇ ਦਿਮਾਗੀ ਸੰਤੁਲਨ ਗੁਆ ਚੁੱਕੇ ਲੋੜਵੰਦ ਰਹਿੰਦੇ ਹਨ। ਇਹਨਾਂ ਵਿੱਚੋਂ 75 ਦੇ ਕਰੀਬ ਪੂਰੀ ਹੋਸ਼-ਹਵਾਸ਼ ਨਾ ਹੋਣ ਕਾਰਨ ਆਪਣੇ ਵਾਰੇ ਕੁੱਝ ਵੀ ਦੱਸਣ ਤੋਂ ਅਸਮਰੱਥ ਹਨ ਅਤੇ ਮਲ-ਮੂਤਰ ਵੀ ਕੱਪੜਿਆਂ ਵਿੱਚ ਹੀ ਕਰਦੇ ਹਨ। ਇੱਕ ਸੌ ਪੰਦਰਾਂ ਮਰੀਜ਼ਾਂ ਨੂੰ ਰੋਜ਼ਾਨਾ ਦੁਆਈ ਦਿੱਤੀ ਜਾਂਦੀ ਹੈ। ਆਸ਼ਰਮ ਵਿੱਚ ਸਾਰੇ ਲੋੜਵੰਦਾਂ ਨੂੰ ਮੰਜਾ-ਬਿਸਤਰਾ, ਮੈਡੀਕਲ ਸਹਾਇਤਾ, ਭੋਜਨ, ਕੱਪੜੇ ਆਦਿ ਹਰ ਵਸਤੂ ਮੁਫ਼ਤ ਮਿਲਦੀ ਹੈ । ਕੋਈ ਵੀ ਫ਼ੀਸ ਜਾਂ ਖ਼ਰਚਾ ਨਹੀਂ ਲਿਆ ਜਾਂਦਾ। ਹਰ ਰੋਜ਼ ਡਾਕਟਰ ਮਰੀਜ਼ਾਂ ਨੂੰ ਚੈੱਕ ਕਰਦਾ ਹੈ । ਸਾਰਾ ਖਰਚਾ ਸੰਗਤਾਂ ਦੇ ਸਹਿਯੋਗ ਨਾਲ ਹੀ ਚਲਦਾ ਹੈ।

ਵਧੇਰੇ ਜਾਣਕਾਰੀ ਲਈ ਮੋਬਾਇਲ: 95018-42505, 95018-42506.

Previous articleUK Queen turns 94 amid lockdown
Next articleਦੁੱਬਈ ਦੀ ਸ਼ਹਿਜਾਦੀ ਹੇਂਦ ਅਲ ਕਾਸਿਮੀ ਦਾ ਬਿਆਨ ਮਨੁੱਖਤਾ ਪੱਖੀ – ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ