ਭਾਰਤ ਸ਼ਾਂਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਲਈ ਵਚਨਬੱਧ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਦੌਰਾਨ ਸੰਬੋਧਨ ਕਰਦਿਆਂ ਵੀਰਵਾਰ ਨੂੰ ਸ਼ਾਂਤ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਖੇਤਰ ਦੀ ਪ੍ਰਤੀਬੱਧਤਾ ਜ਼ਾਹਿਰ ਕੀਤੀ।
ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਟਵੀਟ ਕੀਤਾ, ‘‘ ਪ੍ਰਧਾਨ ਮੰਤਰੀ ਮੋਦੀ ਨੇ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿੱਚ ਸ਼ਾਂਤ, ਖੁੱਲ੍ਹੇ ਅਤੇ ਸੰਮਲਿਤ ਹਿੰਦ-ਪਾਕਿ ਖੇਤਰ, ਮਜ਼ਬੂਤ ਹੁੰਦੇ ਸਮੁੰਦਰੀ ਸਹਿਯੋਗ ਅਤੇ ਸੰਤੁਲਿਤ ਖੇਤਰੀ ਵਿਆਪਕ ਆਰਥਿਕ ਭਾਈਵਾਲੀ ਦਾ ਭਾਰਤੀ ਦਿ੍ਸ਼ਟੀਕੋਣ ਦੁਹਰਾਇਆ।’’ ਇਸ ਸਿਖਰ ਸੰਮੇਲਨ ਦੀ 2005 ਵਿੱਚ ਸ਼ੁਰੂਆਤ ਹੋਣ ਤੋਂ ਬਾਅਦ ਤੋਂ ਹੀ ਭਾਰਤ ਇਸ ਵਿੱਚ ਹਿੱਸਾ ਲੈ ਰਿਹਾ ਹੈ। ਭਾਰਤ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਰਾਜਨੀਤਕ, ਸੁਰੱਖਿਆ ਅਤੇ ਆਰਥਿਕ ਵਿਕਾਸ ਦੀ ਸਮੀਖਿਆ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਇਸ ਖਿੱਤੇ ਵਿੱਚ ਬਹੁਪੱਖੀ ਤਾਲਮੇਲ, ਆਰਥਿਕ ਅਤੇ ਸਭਿਆਚਾਰਕ ਸਬੰਧਾਂ ਦਾ ਵਿਸਥਾਰ ਕਰਨ ’ਤੇ ਜ਼ੋਰ ਦਿੰਦਾ ਰਿਹਾ ਹੈ। ਇਸ ਦੇ ਮੈਂਬਰ ਮੁਲਕਾਂ ਵਿੱਚ ਆਸੀਆਨ ਮੁਲਕ, ਬਰੁਨਈ, ਦਾਰੂਸਲਾਮ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਸਿੰਗਾਪੁਰ, ਥਾਈਲੈਂਡ, ਫਿਲਪੀਨਜ਼ ਅਤੇ ਵੀਅਤਨਾਮ ਤੋਂ
ਇਲਾਵਾ ਭਾਰਤ, ਚੀਨ, ਜਾਪਾਨ, ਦੱਖਣੀ ਕੋਰੀਆ, ਆਸਟਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਰੂਸ ਵੀ ਸ਼ਾਮਲ ਹਨ। ਖੇਤਰੀ ਵਿਆਪਕ ਆਰਥਿਕ ਭਾਈਵਾਲੀ ਆਸੀਆਨ ਮੁਲਕਾਂ ਅਤੇ ਛੇ ਮੁਲਕਾਂ (ਆਸਟਰੇਲੀਆ, ਚੀਨ, ਭਾਰਤ, ਜਾਪਾਨ, ਦੱਖਣੀ ਕੋਰੀਆ ਅਤੇ ਨਿਊਜ਼ੀਲੈਂਡ) ਵਿੱਚ ਤਜਵੀਜ਼ਤ ਮੁਕਤ ਵਪਾਰ ਸਮਝੌਤਾ ਹੈ, ਜਿਨ੍ਹਾਂ ਨਾਲ ਇਸ ਖਿੱਤੇ ਵਿੱਚ ਪਹਿਲਾਂ ਹੀ ਮੁਕਤ ਵਪਾਰ ਸਮਝੌਤਾ ਲਾਗੂ ਹੈ।

Previous articleਮਹਿਲਾ ਵਿਸ਼ਵ ਮੁੱਕੇਬਾਜ਼ੀ: ਮੇਰੀ ਕੌਮ ਸਣੇ ਕਈਆਂ ਨੂੰ ਪਹਿਲੇ ਗੇੜ ’ਚ ਮਿਲੀ ਬਾਈ
Next articleਰਾਫਾਲ ਮੁੱਦੇ ’ਤੇ ‘ਚੌਕੀਦਾਰ’ ਵਿਕ ਗਿਆ: ਰਾਹੁਲ