ਭਾਰਤ ਸ਼ਾਂਤੀ ਦਾ ਹਾਮੀ, ਪਰ ਢੁੱਕਵਾਂ ਜਵਾਬ ਦੇਣ ਦੇ ਸਮਰੱਥ: ਮੋਦੀ

 

ਨਵੀਂ ਦਿੱਲੀ (ਸਮਾਜਵੀਕਲੀ) :  ਲੱਦਾਖ ਦੀ ਗਲਵਾਨ ਵਾਦੀ ਵਿਚ ਭਾਰਤੀ ਤੇ ਚੀਨੀ ਸੈਨਾ ਵਿਚਾਲੇ ਹੋਏ ਹਿੰਸਕ ਟਕਰਾਅ ’ਤੇ ਪਹਿਲੀ ਪ੍ਰਤੀਕਿਰਿਆ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰ ਭੜਕਾਏ ਜਾਣ ’ਤੇ ਮੂੰਹ ਤੋੜਵਾਂ ਜਵਾਬ ਦੇਣ ਦੇ ਵੀ ਸਮਰੱਥ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫ਼ੌਜੀ ਜਵਾਨਾਂ ਦਾ ਬਲਿਦਾਨ ਬੇਕਾਰ ਨਹੀਂ ਜਾਵੇਗਾ। ਕਰੋਨਾਵਾਇਰਸ ਸੰਕਟ ਬਾਰੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਦੇ ਦੂਜੇ ਦਿਨ ਮੋਦੀ ਨੇ ਕਿਹਾ ਕਿ ਭਾਰਤ ‘ਆਪਣੀ ਅਖੰਡਤਾ ਤੇ ਖ਼ੁਦਮੁਖਤਿਆਰੀ’ ਨਾਲ ਕਦੇ ਸਮਝੌਤਾ ਨਹੀਂ ਕਰੇਗਾ।

ਮੁਲਕ ਆਪਣੇ ਆਤਮ ਸਨਮਾਨ ਤੇ ਜ਼ਮੀਨ ਦੇ ਹਰ ਇੰਚ ਦੀ ਰਾਖ਼ੀ ਪੂਰੇ ਜ਼ੋਰ ਨਾਲ ਕਰੇਗਾ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰਤੀਕਿਰਿਆ ਭਾਰਤੀ ਤੇ ਚੀਨੀ ਫ਼ੌਜ ਵਿਚਾਲੇ ਗਲਵਾਨ ਵਾਦੀ ’ਚ ਹੋਏ ਹਿੰਸਕ ਟਕਰਾਅ ਤੋਂ ਦੋ ਦਿਨ ਬਾਅਦ ਆਈ ਹੈ। ਮੋਦੀ ਨੇ ਕਿਹਾ ‘ਭਾਰਤ ਸ਼ਾਂਤੀ ਪਸੰਦ ਮੁਲਕ ਹੈ, ਅਸੀਂ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਦੋਸਤਾਨਾ ਢੰਗ ਨਾਲ ਨੇੜੇ ਹੋ ਕੇ ਕੰਮ ਕੀਤਾ ਹੈ ਤੇ ਆਪਸੀ ਸਹਿਯੋਗ ਨੂੰ ਪਹਿਲ ਦਿੱਤੀ ਹੈ। ਭਾਰਤ ਨੇ ਹਮੇਸ਼ਾ ਗੁਆਂਢੀਆਂ ਦਾ ਵਿਕਾਸ ਤੇ ਭਲਾਈ ਮੰਗੀ ਹੈ। ਅਸੀਂ ਕਿਸੇ ਨੂੰ ਕਦੇ ਨਹੀਂ ਉਕਸਾਇਆ, ਪਰ ਜੇ ਕੋਈ ਸਾਨੂੰ ਭੜਕਾਏਗਾ ਤਾਂ ਸਮਝੌਤਾ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਦ ਵੀ ਸਮਾਂ ਆਇਆ ਹੈ, ਅਸੀਂ ਆਪਣੀ ਤਾਕਤ ਤੇ ਸਮਰੱਥਾ ਸਾਬਿਤ ਕੀਤੀ ਹੈ।’ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹਾਦਰ ਜਵਾਨਾਂ ਨੇ ਮੁਲਕ ਦੀ ਰਾਖੀ ਕਰਦਿਆਂ ਵੱਡਾ ਬਲਿਦਾਨ ਦਿੱਤਾ ਹੈ। ਸਾਰਾ ਮੁਲਕ ਸ਼ਹੀਦਾਂ ਦੇ ਨਾਲ ਖੜ੍ਹਾ ਹੈ। ਵੀਡੀਓ ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲਿਆਂ ਨੇ ਸ਼ਹੀਦਾਂ ਦੇ ਸਨਮਾਨ ’ਚ ਦੋ ਮਿੰਟ ਦਾ ਮੌਨ ਵੀ ਧਾਰਿਆ। ਮੋਦੀ ਨੇ ਕਿਹਾ ਕਿ ਭਾਰਤ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਵਖ਼ਰੇਵਿਆਂ ਨੂੰ ਵਿਵਾਦ ਨਾ ਬਣਨ ਦਿੱਤਾ ਜਾਵੇ, ਪਰ ਮੁਲਕ ਦੀ ਅਖੰਡਤਾ ਤੇ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਹੋ ਸਕਦਾ। ਮੁਲਕ ਦੀ ਰਾਖੀ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ-ਭਰਮ ਨਹੀਂ ਹੋਣਾ ਚਾਹੀਦਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਦੇਸ਼ ਲਈ ਬਲਿਦਾਨ ਦੇਣ ਵਾਲੇ ਸ਼ਹੀਦਾਂ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ।

Previous articleਲੱਦਾਖ ਦੇ ਸ਼ਹੀਦਾਂ ’ਚ ਪੰਜਾਬ ਦੇ ਚਾਰ ਜਵਾਨ ਸ਼ਾਮਲ
Next articleਰਿਸ਼ਤੇ