ਭਾਰਤ ਵੱਲੋਂ ਭੂਟਾਨ ਨਾਲ ਸਹਿਯੋਗ ਲਈ ਸਮਝੌਤਿਆਂ ’ਤੇ ਦਸਤਖ਼ਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਟਾਨ ਦੇ ਦੌਰੇ ’ਤੇ;

ਹਮਰੁਤਬਾ ਸ਼ੇਰਿੰਗ ਨਾਲ ਕੀਤੀ ਮੁਲਾਕਾਤ; ‘ਰੂਪੇਅ’ ਕਾਰਡ ਲਾਂਚ ਕੀਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭੂਟਾਨ ਦੇ ਦੋ ਦਿਨਾ ਦੌਰੇ ’ਤੇ ਪੁੱਜ ਗਏ ਹਨ। ਉਨ੍ਹਾਂ ਭੂਟਾਨ ਦੇ ਰਾਜਾ ਜਿਗਮੇ ਖੇਸਰ ਨਮਗਯੇਲ ਨਾਲ ਮੁਲਾਕਾਤ ਕੀਤੀ। ਸ਼ਾਹੀ ਮਹਿਲ ਵਿਚ ਸ੍ਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਆਪਣੇ ਭੂਟਾਨੀ ਹਮਰੁਤਬਾ ਲੌਟੇ ਸ਼ੇਰਿੰਗ ਨਾਲ ਵੱਖ-ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ। ਇਸ ਮੌਕੇ ਵੱਖ-ਵੱਖ ਖੇਤਰਾਂ ਵਿਚ ਦੁਵੱਲੀ ਭਾਈਵਾਲੀ ਵਧਾਉਣ ਬਾਰੇ ਚਰਚਾ ਹੋਈ ਤੇ ਕਰੀਬ 10 ਸਮਝੌਤਾ ਪੱਤਰ ਸਹੀਬੰਦ ਕੀਤੇ ਗਏ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਵਿਚਾਲੇ ਆਰਥਿਕ ਤੇ ਸਭਿਆਚਾਰਕ ਸਬੰਧ ਹੋਰ ਮਜ਼ਬੂਤ ਕਰਨ ਦੀ ਵੱਡੀ ਸੰਭਾਵਨਾ ਹੈ ਤੇ ਮੁਲਾਕਾਤ ਕਾਫ਼ੀ ਸੁਖਾਵੇਂ ਮਾਹੌਲ ਵਿਚ ਵਿਸਤਾਰ ਵਿਚ ਹੋਈ ਹੈ। ਮੋਦੀ ਦੂਜੀ ਵਾਰ ਭੂਟਾਨ ਦੇ ਦੌਰੇ ’ਤੇ ਆਏ ਹਨ। ਆਪਣੇ ਪਹਿਲੇ ਕਾਰਜਕਾਲ ਵਿਚ ਵੀ ਉਨ੍ਹਾਂ ਇਸ ਮੁਲਕ ਦਾ ਦੌਰਾ ਕੀਤਾ ਸੀ। ਸ੍ਰੀ ਮੋਦੀ ਨੇ ਇਸ ਦੌਰਾਨ ਮੇਂਗਡੇਚੂ ਹਾਈਡਰੋ ਪਾਵਰ ਪਲਾਂਟ ਦਾ ਵੀ ਉਦਘਾਟਨ ਕੀਤਾ। ਭਾਰਤ-ਭੂਟਾਨ ਵੱਲੋਂ ਜਲ ਬਿਜਲੀ ਉਤਪਾਦਨ ਵਿਚ ਪੰਜ ਦਹਾਕਿਆਂ ਦੇ ਸਹਿਯੋਗ ਨੂੰ ਸਮਰਪਿਤ ਡਾਕ ਟਿਕਟਾਂ ਵੀ ਇਸ ਮੌਕੇ ਜਾਰੀ ਕੀਤੀਆਂ ਗਈਆਂ ਹਨ। ਦੋਵਾਂ ਮੁਲਕਾਂ ਦੇ ਵਫ਼ਦ ਵੱਲੋਂ ਮੁਲਾਕਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਹ ਦੂਜੀ ਵਾਰ ਭੂਟਾਨ ਆ ਕੇ ਬਹੁਤ ਖੁਸ਼ ਹਨ। ਦੋਵਾਂ ਮੁਲਕਾਂ ਨੇ ਪੁਲਾੜ ਖੋਜ, ਏਵੀਏਸ਼ਨ, ਸੂਚਨਾ ਤਕਨੀਕ, ਊਰਜਾ ਤੇ ਸਿੱਖਿਆ ਦੇ ਖੇਤਰ ਵਿਚ 10 ਸਮਝੌਤਾ ਪੱਤਰ ਸਹੀਬੰਦ ਕੀਤੇ। ਇਸ ਮੌਕੇ ਭੂਟਾਨ ਵਿਚ ‘ਰੂਪੇਅ’ ਕਾਰਡ ਵੀ ਲਾਂਚ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਤੇ ਸੈਰ-ਸਪਾਟਾ ਸਹਿਯੋਗ ਵਧੇਗਾ। ਦੱਸਣਯੋਗ ਹੈ ਕਿ ਸਾਰਕ ਕਰੰਸੀ ਸਵੈਪ ਫਰੇਮਵਰਕ ਤਹਿਤ ਭੂਟਾਨ ਲਈ ਸਵੈਪ ਸੀਮਾ ਵੀ ਵਧਾਈ ਗਈ ਹੈ।

Previous articleਗੈਂਗਸਟਰ ਸੁੱਖਪ੍ਰੀਤ ਬੁੱਢਾ ਰੋਮਾਨੀਆ ’ਚੋਂ ਗ੍ਰਿਫ਼ਤਾਰ
Next articleਸਲਾਮਤੀ ਕੌਂਸਲ ’ਚ ਪਾਕਿ ਤੇ ਚੀਨ ਦੇ ਯਤਨਾਂ ਨੂੰ ਝਟਕਾ