ਭਾਰਤ ਵੱਲੋਂ ਚੀਨੀ ਘੁਸਪੈਠ ਦੀ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ (ਸਮਾਜ ਵੀਕਲੀ) : ਪੂਰਬੀ ਲੱਦਾਖ ’ਚ ਟਕਰਾਅ ਦੀ ਤਾਜ਼ਾ ਘਟਨਾ ਤਹਿਤ ਚੀਨੀ ਫ਼ੌਜ ਨੇ ਭੜਕਾਊ ਕਾਰਵਾਈ ਕਰਦਿਆਂ ਪੈਂਗੌਂਗ ਝੀਲ ਇਲਾਕੇ ’ਚ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਸਥਿਤੀ ਬਦਲਣ ਦੀ ‘ਇਕਪਾਸੜ’ ਕੋਸ਼ਿਸ਼ ਕੀਤੀ। ਭਾਰਤ ਨਾਲ ਚੱਲ ਰਹੇ ਤਣਾਅ ਦਰਮਿਆਨ ਚੀਨ ਨੇ ਨਵਾਂ ਫਰੰਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਉਥੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਨਾਕਾਮ ਬਣਾ ਦਿੱਤਾ। ਥਲ ਸੈਨਾ ਦੇ ਤਰਜਮਾਨ ਕਰਨਲ ਅਮਨ ਆਨੰਦ ਨੇ ਅੱਜ ਦੱਸਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ   ਫ਼ੌਜੀ ਅਤੇ ਕੂਟਨੀਤਕ ਪੱਧਰ ’ਤੇ ਹੋਈ ਵਾਰਤਾ ਦੌਰਾਨ ਬਣੀ ਸਹਿਮਤੀ ਦੀ ‘ਉਲੰਘਣਾ’ ਕੀਤੀ।

ਸਰਕਾਰੀ ਸੂਤਰਾਂ ਨੇ ਕਿਹਾ ਕਿ ਵੱਡੀ ਗਿਣਤੀ ’ਚ ਚੀਨੀ ਫ਼ੌਜ ਪੈਂਗੌਂਗ ਝੀਲ ਦੇ ਦੱਖਣੀ ਕੰਢੇ ਵੱਲ ਅੱਗੇ ਵੱਧ ਰਹੀ ਸੀ ਤਾਂ ਜੋ ਇਲਾਕੇ ’ਤੇ ਕਬਜ਼ਾ ਕੀਤਾ ਜਾ ਸਕੇ ਪਰ ਭਾਰਤੀ ਫ਼ੌਜ ਨੇ ਤੁਰੰਤ ਉਥੇ ਭਾਰੀ ਤਾਇਨਾਤੀ ਕਰ ਕੇ ਉਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ। ਸੂਤਰਾਂ ਨੇ ਕਿਹਾ ਕਿ ਦੋਵੇਂ ਮੁਲਕਾਂ ਦੇ ਫ਼ੌਜੀਆਂ ਵਿਚਕਾਰ ਕੋਈ ਝੜਪ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੈਂਗੌਂਗ ਝੀਲ ਦੇ ਉੱਤਰੀ ਕੰਢੇ ’ਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ’ਚ ਟਕਰਾਅ ਹੁੰਦਾ ਰਿਹਾ ਹੈ ਪਰ ਦੱਖਣੀ ਕੰਢੇ ’ਤੇ ਪਹਿਲੀ ਵਾਰ ਅਜਿਹੀ ਘਟਨਾ ਵਾਪਰੀ ਹੈ।

ਜ਼ਿਕਰਯੋਗ ਹੈ ਕਿ ਗਲਵਾਨ ਘਾਟੀ ’ਚ 15 ਜੂਨ ਨੂੰ ਹੋਈਆਂ ਝੜਪਾਂ ਦੌਰਾਨ ਭਾਰਤ ਦੇ 20 ਫ਼ੌਜੀ ਸ਼ਹੀਦ ਹੋ ਗਏ ਸਨ ਜਦਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ ਪਰ ਉਸ ਨੇ ਜਨਤਕ ਤੌਰ ’ਤੇ ਕੋਈ ਵੇਰਵੇ ਨਹੀਂ ਦਿੱਤੇ ਸਨ। ਉਂਜ ਅਮਰੀਕੀ ਖੁਫ਼ੀਆ ਰਿਪੋਰਟ ਮੁਤਾਬਕ ਝੜਪ ਦੌਰਾਨ ਚੀਨ ਦੇ 35 ਫ਼ੌਜੀ ਮਾਰੇ ਗਏ ਸਨ।    ਹਾਲਾਤ ਸੁਖਾਵੇਂ ਬਣਾਉਣ ਲਈ ਦੋਵੇਂ ਮੁਲਕਾਂ ਦੇ ਬ੍ਰਿਗੇਡੀਅਰ ਪੱਧਰ ਦੀ ਚੁਸ਼ੂਲ ’ਚ ਬੈਠਕ ਹੋਈ। ਪਹਿਲਾਂ ਵੀ ਜਦੋਂ ਝੜਪ ਜਾਂ ਟਕਰਾਅ ਦਾ ਮਾਹੌਲ ਬਣਿਆ ਸੀ ਤਾਂ ਦੋਵੇਂ ਮੁਲਕਾਂ ਦੇ ਫ਼ੌਜ ਅਧਿਕਾਰੀ ਹਾਲਾਤ ਆਮ ਵਰਗੇ ਬਣਾਉਣ ਲਈ ਬੈਠਕ ਕਰਦੇ ਰਹੇ ਸਨ।

ਤਰਜਮਾਨ ਨੇ ਕਿਹਾ ਕਿ ਭਾਰਤੀ ਫ਼ੌਜ ਗੱਲਬਾਤ ਰਾਹੀਂ ਅਮਨ ਅਤੇ ਸ਼ਾਂਤੀ ਬਹਾਲ ਕਰਨ ਦੇ ਨਾਲ ਨਾਲ ਮੁਲਕ ਦੀ ਖੇਤਰੀ ਅਖੰਡਤਾ ਦੀ ਰਾਖੀ ਲਈ ਵੀ ਵਚਨਬੱਧ ਹੈ। ਸਰਕਾਰੀ ਸੂਤਰਾਂ ਨੇ ਕਿਹਾ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਅਤੇ ਤਿੰਨੋਂ ਸੇਵਾਵਾਂ ਦੇ ਮੁਖੀਆਂ ਨਾਲ ਚੀਨ ਦੀ ਕੋਸ਼ਿਸ਼ ਦੇ ਵੇਰਵੇ ਸਾਂਝੇ ਕੀਤੇ ਗਏ ਹਨ। ਉਧਰ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜਿਆਨ ਨੇ ਪੇਈਚਿੰਗ ’ਚ ਦਾਅਵਾ ਕੀਤਾ ਕਿ ਉਨ੍ਹਾਂ ਦੇ ਫ਼ੌਜੀ ਅਸਲ ਕੰਟਰੋਲ ਰੇਖਾ ਦਾ ਹਮੇਸ਼ਾ ਸਖ਼ਤੀ ਨਾਲ ਪਾਲਣ ਕਰਦੇ ਹਨ ਅਤੇ ਉਹ ਕਦੇ ਵੀ ਰੇਖਾ ਪਾਰ ਨਹੀਂ ਕਰਦੇ ਹਨ। ਉਸ ਨੇ ਕਿਹਾ ਕਿ ਸਰਹੱਦ ’ਤੇ ਤਾਇਨਾਤ ਦੋਵੇਂ ਮੁਲਕਾਂ ਦੇ ਫ਼ੌਜੀ ਅਧਿਕਾਰੀ ਮਸਲਿਆਂ ਬਾਰੇ ਇਕ-ਦੂਜੇ ਦੇ ਸੰਪਰਕ ’ਚ ਹਨ।

Previous articleJeremy Corbyn’s brother fined for anti-lockdown protest
Next articleਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦੇਹਾਂਤ