ਭਾਰਤ ਵਿੱਚ ਕੋਰੋਨਾ ਦੀ ਮਹਾਂਮਾਰੀ ਬਰਸਾਤੀ ਮਹੀਨਿਆਂ ਵਿੱਚ ਸ਼ਿਖਰਾਂ ਤੇ ਹੋ ਸਕਦੀ ਹੈ। – ਚੌਹਾਨ

ਹੁਸ਼ਿਆਰਪੁਰ (ਸਮਾਜਵੀਕਲੀ)- ਅੱਤਿਆਚਾਰ ਵਿਰੋਧੀ ਫਰੰਟ ਦੀ ਟੀਮ ਨੇ ਚੇਅਰਮੈਨ ਸ਼੍ਰੀ ਭਗਵਾਨ ਸਿੰਘ ਚੌਹਾਨ ਦੀ ਅਗਵਾਈ ਵਿੱਚ ਅੱਜ ਫਿਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ ਚੁਰਾਸੀ ਵਿਧਾਨ ਸਭਾ ਹਲਕੇ ਦੇ ਨਸਰਾਲਾ ਸਰਕਲ ਦੇ ਪਿੰਡਾਂ ਵਿੱਚ ਮੁਫਤ ਫੇਸਮਾਸਕ ਵੰਡਣ ਦੇ ਸਿਲਸਿਲੇ ਨੂੰ ਜਾਰੀ ਰੱਖਿਆ। ਅੱਜ ਦੀ ਇਹ ਮੁਹਿੰਮ ਗੁੱਜਰਾਂ ਦੇ ਡੇਰਿਆਂ ਨੂੰ ਫੋਕਸ ਕਰਕੇ ਬਣਾਈ ਗਈ ਸੀ।

ਸ਼੍ਰੀ ਚੋਹਾਨ ਦੀ ਟੀਮ ਵਿੱਚ ਸਰਵਸ਼੍ਰੀ ਲੱਕੀ ਚੰਦਨ ਜ਼ਿਲਾ ਪ੍ਰਧਾਨ, ਹਰਵਿੰਦਰ ਹੀਰਾ, ਜੱਸਲ ਖਨੂਰੀਆ, ਗੁਰਪ੍ਰੀਤ ਟੋਨੀ, ਜੀਵਾ, ਗੋਪੀ, ਹੈਪੀ ਕਲੇਰ ਅਤੇ ਰਵੀ ਕੁਮਾਰ ਵਿਰਦੀ ਵੀ ਸ਼ਾਮਲ ਸਨ ।

ਸ਼੍ਰੀ ਚੌਹਾਨ ਨੇ ਮੌਜੂਦ ਲੋਕਾਂ ਨੂੰ ਜਾਗਰੂਕ ਵੀ ਕੀਤਾ ਕਿ ਮਾਸਕ ਨੂੰ ਵਰਤਣ ਤੋਂ ਬਾਅਦ ਹਰ ਵਾਰ ਸਾਬਣ ਨਾਲ ਧੋਣਾ ਜਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਘਰ ਵਿੱਚ ਮਾਸਕ ਪਹਿਨਣ ਦੀ ਕੋਈ ਲੋੜ ਨਹੀਂ ਹੈ, ਘਰ ਵਿੱਚ ਮਾਸਕ ਉਹੀ ਪਹਿਨੇ ਜਿਸ ਨੂੰ ਖੰਘ, ਨਜ਼ਲੇ ਜਾਂ ਛਿੱਕਾਂ ਦੀ ਸ਼ਿਕਾਇਤ ਹੋਵੇ।

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਜੁਲਾਈ ਅਤੇ ਅਗਸਤ ਦੇ ਬਰਸਾਤ ਵਾਲੇ ਮਹੀਨਿਆਂ ਵਿੱਚ ਕੋਰੋਨਾ ਦੀ ਮਹਾਂਮਾਰੀ ਦਾ ਸ਼ਿਖਰ ਹੋਣ ਦੀ ਸੰਭਾਵਨਾ ਹੈ।

ਸ਼੍ਰੀ ਚੌਹਾਨ ਨੇ ਸਰਕਾਰ ਦੀ ਵੀ ਆਲੋਚਨਾ ਕੀਤੀ ਕਿ ਲੋਕਾਂ ਨੂੰ 10 ਰੁਪਏ ਦਾ ਮਾਸਕ ਮੁਫ਼ਤ ਵਿੱਚ ਦੇਣ ਦੀ ਬਜਾਏ ਸਰਕਾਰ ਮਾਸਕ ਨਾ ਪਾਉਣ ਵਾਲੇ ਗਰੀਬਾਂ ਨੂੰ 500 ਰੁਪਏ ਦਾ ਜੁਰਮਾਨਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ 10 ਜੂਨ ਨੂੰ ਪੂਰੇ ਪੰਜਾਬ ਵਿੱਚ ਮਾਸਕ ਨਾਂ ਪਹਿਨਣ ਵਾਲੇ 4600 ਲੋਕਾਂ ਦੇ ਚਾਲਾਨ ਕੱਟੇ ਗਏ।

Previous articleਯੂਪੀ: ਅਧਿਆਪਕ ਭਰਤੀ ਪ੍ਰੀਖਿਆ ਦਾ ‘ਟੌਪਰ’ ਭਾਰਤ ਦੇ ਰਾਸ਼ਟਰਪਤੀ ਤੋਂ ਅਣਜਾਣ
Next articleਨੀਰਵ ਤੇ ਚੋਕਸੀ ਦੇ 1350 ਕਰੋੜ ਦੇ ਹੀਰੇ-ਮੋਤੀ ਜ਼ਬਤ