ਭਾਰਤ ਪੀੜਤ ਮੁਲਕਾਂ ਦੀ ਸੂਚੀ ’ਚ ਸੱਤਵੇਂ ਸਥਾਨ ’ਤੇ

ਇੱਕ ਦਿਨ ਅੰਦਰ ਰਿਕਾਰਡ 8392 ਕੇਸ ਤੇ 230 ਮੌਤਾਂ; ਮਰੀਜ਼ਾਂ ਦੀ ਗਿਣਤੀ 1.90 ਲੱਖ ਤੋਂ ਪਾਰ

ਨਵੀਂ ਦਿੱਲੀ (ਸਮਾਜਵੀਕਲੀ): ਇੱਕੋ ਦਿਨ ਵਿੱਚ ਰਿਕਾਰਡ 8392 ਸੱਜਰੇ ਕੇਸ ਸਾਹਮਣੇ ਆਉਣ ਨਾਲ ਦੇਸ਼ ’ਚ ਕਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 1,90,535 ਹੋ ਗਈ ਹੈ ਜਦਕਿ 230 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 5394 ਹੋ ਗਿਆ ਹੈ। ਭਾਰਤ ਹੁਣ ਦੁਨੀਆ ਦੇ ਸਭ ਤੋਂ ਵੱਧ ਪੀੜਤ ਮੁਲਕਾਂ ਦੀ ਸੂਚੀ ’ਚ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ। ਭਾਰਤ ਤੋਂ ਪਹਿਲਾਂ ਅਮਰੀਕਾ, ਬ੍ਰਾਜ਼ੀਲ, ਰੂਸ, ਬਰਤਾਨੀਆ, ਸਪੇਨ ਤੇ ਇਟਲੀ ਦਾ ਨੰਬਰ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ’ਚ ਕੋਵਿਡ-19 ਦੇ ਸਰਗਰਮ ਕੇਸ 93,322 ਹਨ ਜਦਕਿ 91,818 ਮਰੀਜ਼ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ’ਚ ਕਰੋਨਾ ਪੀੜਤਾਂ ਦੇ ਠੀਕ ਹੋਣ ਦੀ ਦਰ 48.19 ਫੀਸਦ ਹੋ ਗਈ ਹੈ। ਇਨ੍ਹਾਂ ਕੇਸਾਂ ’ਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਮੰਤਰਾਲੇ ਨੇ ਦੱਸਿਆ ਕਿ 230 ਮੌਤਾਂ ’ਚੋਂ ਸਭ ਤੋਂ ਵੱਧ 89 ਮੌਤਾਂ ਮਹਾਰਾਸ਼ਟਰ ’ਚ, 57 ਦਿੱਲੀ, 31 ਗੁਜਰਾਤ, 13 ਤਾਮਿਲ ਨਾਡੂ, 12 ਯੂਪੀ, 8 ਪੱਛਮੀ ਬੰਗਾਲ, 7 ਮੱਧ ਪ੍ਰਦੇਸ਼, 5 ਤਿਲੰਗਾਨਾ, ਤਿੰਨ ਕਰਨਾਟਕ, ਦੋ ਆਂਧਰਾ ਪ੍ਰਦੇਸ਼ ਤੇ 1-1 ਮੌਤ ਬਿਹਾਰ ਤੇ ਰਾਜਸਥਾਨ ’ਚ ਹੋਈ ਹੈ।

ਦੇਸ਼ ਵਿੱਚ ਕਰੋਨਾਵਾਇਰਸ ਕਾਰਨ ਹੁਣ ਤੱਕ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ (2286) ’ਚ ਹੋਈਆਂ ਹਨ। ਇਸ ਤੋਂ ਬਾਅਦ ਗੁਜਰਾਤ (1038), ਦਿੱਲੀ (473), ਮੱਧ ਪ੍ਰਦੇਸ਼ (350), ਪੱਛਮੀ ਬੰਗਾਲ (317), ਯੂਪੀ (213), ਰਾਜਸਥਾਨ (194), ਪੰਜਾਬ (45), ਜੰਮੂ ਕਸ਼ਮੀਰ (28), ਹਰਿਆਣਾ (20), ਹਿਮਾਚਲ ਪ੍ਰਦੇਸ਼ (5) ਤੇ ਚੰਡੀਗੜ੍ਹ (4) ਦਾ ਨੰਬਰ ਹੈ।

Previous article‘ਵਿਆਹ ਮਗਰੋਂ ਨਿੱਜਤਾ ਦਾ ਅਧਿਕਾਰ ਖ਼ਤਮ ਨਹੀਂ ਹੁੰਦਾ’
Next articleਪੰਜਾਬ ’ਚ ਕਰੋਨਾ ਪੀੜਤਾਂ ਦੀ ਗਿਣਤੀ 23 ਸੌ ਤੋਂ ਟੱਪੀ