ਭਾਰਤ ਨੇ ਪਾਰੀ ਤੇ 130 ਦੌੜਾਂ ਨਾਲ ਇੰਦੌਰ ਟੈਸਟ ਜਿੱਤਿਆ

ਇੰਦੌਰ- ਤੇਜ਼ ਗੇਂਦਬਾਜ਼ਾਂ ਦੇ ਮੁੜ ਮਜ਼ਬੂਤ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਬੰਗਾਲਦੇਸ਼ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਤੀਜੇ ਦਿਨ ਹੀ ਪਾਰੀ ਅਤੇ 130 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਦੋ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਹਾਸਲ ਕਰ ਲਈ। ਭਾਰਤ ਨੇ ਸਵੇਰੇ ਆਪਣੀ ਪਹਿਲੀ ਪਾਰੀ ਛੇ ਵਿਕਟਾਂ ’ਤੇ 493 ਦੌੜਾਂ ’ਤੇ ਐਲਾਨ ਕੇ 343 ਦੌੜਾਂ ਦੀ ਵੱਡੀ ਲੀਡ ਹਾਸਲ ਕੀਤੀ ਸੀ।
ਪਹਿਲੀ ਪਾਰੀ ਵਿੱਚ ਸਿਰਫ਼ 150 ਦੌੜਾਂ ਦੇ ਸਕੋਰ ’ਤੇ ਢੇਰ ਹੋਣ ਵਾਲੀ ਬੰਗਲਾਦੇਸ਼ ਟੀਮ ਦੇ ਬੱਲੇਬਾਜ਼ੀ ਦੂਜੀ ਪਾਰੀ ਵਿੱਚ ਵੀ ਚੱਲ ਨਹੀਂ ਸਕੇ। ਪੂਰੀ ਟੀਮ ਤੀਜੇ ਦਿਨ ਤੀਜੇ ਸੈਸ਼ਨ ਵਿੱਚ 213 ਦੌੜਾਂ ’ਤੇ ਆਊਟ ਹੋ ਗਈ। ਹੁਣ ਦੋਵੇਂ ਟੀਮਾਂ 22 ਨਵੰਬਰ ਤੋਂ ਕੋਲਕਾਤਾ ਵਿੱਚ ਦੂਜਾ ਟੈਸਟ ਮੈਚ ਖੇਡਣਗੀਆਂ ਜੋ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਇਹ ਪਹਿਲਾ ਇਤਿਹਾਸਕ ਦਿਨ-ਰਾਤ ਟੈਸਟ ਮੈਚ ਹੋਵੇਗਾ। ਇਹ ਲੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਤਹਿਤ ਖੇਡੀ ਜਾ ਰਹੀ ਹੈ ਅਤੇ ਇਸ ਜਿੱਤ ਕਾਰਨ ਭਾਰਤ ਨੂੰ 60 ਅੰਕ ਮਿਲੇ। ਇਸ ਤਰ੍ਹਾਂ ਉਹ ਕੁੱਲ 300 ਅੰਕ ਪ੍ਰਾਪਤ ਕਰਕੇ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹੈ। ਭਾਰਤੀ ਜਿੱਤ ਦੇ ਨਾਇਕ ਉਸ ਦੇ ਤੇਜ਼ ਗੇਂਦਬਾਜ਼ ਅਤੇ ਸਲਾਮੀ ਬੱਲੇਬਾਜ਼ ਮਾਯੰਕ ਅਗਰਵਾਲ ਰਹੇ। ਮਯੰਕ ਨੂੰ 243 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਕਾਰਨ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।
ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ਲੈਣ ਵਾਲੇ ਮੁਹੰਮਦ ਸ਼ਮੀ ਨੇ ਦੂਜੀ ਪਾਰੀ ਵਿੱਚ ਲਾਜਵਾਬ ਪ੍ਰਦਰਸ਼ਨ ਕਰਦਿਆਂ 31 ਦੌੜਾਂ ਦੇ ਕੇ ਚਾਰ ਵਿਕਟਾਂ ਝਟਕਾਈਆਂ। ਉਸ ਦੇ ਸਾਥੀ ਤੇਜ਼ ਗੇਂਦਬਾਜ਼ਾਂ ਉਮੇਸ਼ ਯਾਦਵ (51 ਦੌੜਾਂ ਦੇ ਕੇ ਦੋ) ਅਤੇ ਇਸ਼ਾਂਤ ਸ਼ਰਮਾ (31 ਦੌੜਾਂ ਦੇ ਕੇ ਇੱਕ) ਨੇ ਉਸ ਦਾ ਚੰਗਾ ਸਾਥ ਦਿੱਤਾ। ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਵੀ 42 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਭਾਰਤ ਦੀ ਬੰਗਲਾਦੇਸ਼ ’ਤੇ ਇਹ ਦਸ ਮੈਚਾਂ ਵਿੱਚ ਅੱਠਵੀਂ ਜਿੱਤ ਹੈ।
ਵਿਰਾਟ ਕੋਹਲੀ ਦੀ ਅਗਵਾਈ ਵਿੱਚ ਭਾਰਤ ਨੇ ਦਸਵੀਂ ਵਾਰ ਪਾਰੀ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ, ਜੋ ਭਾਰਤੀ ਰਿਕਾਰਡ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਭਾਰਤ ਨੇ ਨੌਂ ਮੈਚ ਪਾਰੀ ਦੇ ਫ਼ਰਕ ਨਾਲ ਜਿੱਤੇ ਸਨ। ਬੰਗਲਾਦੇਸ਼ ਵੱਲੋਂ ਦੂਜੀ ਪਾਰੀ ਵਿੱਚ ਸਿਰਫ਼ ਮਾਹਿਰ ਮੁਸ਼ਫਿਕੁਰ ਰਹੀਮ ਹੀ ਕੁੱਝ ਸਮਾਂ ਜੂਝ ਸਕਿਆ। ਉਸ ਨੇ ਸ਼ੁਰੂ ਵਿੱਚ ਜੀਵਨਦਾਨ ਮਿਲਣ ਮਗਰੋਂ 150 ਗੇਂਦਾਂ ਦਾ ਸਾਹਮਣਾ ਕਰਦਿਆਂ 64 ਦੌੜਾਂ ਬਣਾਈਆਂ। ਮੁਸ਼ਫਿਕੁਰ ਨੇ ਲਿਟਨ ਦਾਸ (35 ਦੌੜਾਂ) ਨਾਲ ਛੇਵੀਂ ਵਿਕਟ ਲਈ 63 ਦੌੜਾਂ ਅਤੇ ਮੇਹਿਦੀ ਹਸਨ ਮੇਰਾਜ (38 ਦੌੜਾਂ) ਨਾਲ ਸੱਤਵੀਂ ਵਿਕਟ ਲਈ 59 ਦੌੜਾਂ ਦੀ ਭਾਈਵਾਲੀ ਕੀਤੀ।
ਬੰਗਲਾਦੇਸ਼ ਦੀ ਦੂਜੀ ਪਾਰੀ ਦੀ ਸ਼ੁਰੂਆਤ ਵੀ ਬਹੁਤ ਖ਼ਰਾਬ ਰਹੀ। ਉਮੇਸ਼ ਨੇ ਇਮਰੂਲ ਕਾਯਸ (ਛੇ ਦੌੜਾਂ) ਨੂੰ ਬੋਲਡ ਕੀਤਾ। ਕਾਯਸ ਸ਼ੁਰੂ ਤੋਂ ਹੀ ਸੰਘਰਸ਼ ਕਰਦਾ ਨਜ਼ਰ ਆਇਆ ਅਤੇ ਉਮੇਸ਼ ਨੇ ਛੇਤੀ ਹੀ ਉਸ ਦਾ ਲੈੱਗ ਸਟੰਪ ਵੀ ਉਖਾੜ ਦਿੱਤਾ। ਸ਼ਾਦਮਲ ਇਸਲਾਮ (ਛੇ ਦੌੜਾਂ) ਨੂੰ ਇਸ਼ਾਂਤ ਨੇ ਬਾਹਰ ਦਾ ਰਸਤਾ ਵਿਖਾਇਆ। ਬੰਗਲਾਦੇਸ਼ ਨੂੰ ਕਪਤਾਨ ਮੋਮਿਨੁਲ ਹੱਕ (ਸੱਤ ਦੌੜਾਂ) ਤੋਂ ਉਮੀਦ ਸੀ, ਪਰ ਉਹ ਸ਼ੁਰੂ ਤੋਂ ਪ੍ਰੇਸ਼ਾਨ ਜਾਪਿਆ। ਉਮੇਸ਼ ਦੀ ਗੇਂਦ ’ਤੇ ਡੀਆਰਐੱਸ ਲੈਣ ਕਾਰਨ ਮੋਮਿਨੁਲ ਨੂੰ ਖੇਡਣ ਦਾ ਇੱਕ ਹੋਰ ਮੌਕਾ ਮਿਲਿਆ, ਪਰ ਸ਼ਮੀ ਨੇ ਉਸ ਨੂੰ ਐੱਲਬੀਡਬਲਯੂ ਆਊਟ ਕਰ ਦਿੱਤਾ। ਸ਼ਮੀ ਨੇ ਇਸ ਮਗਰੋਂ ਮੁਹੰਮਦ ਮਿਥੁਨ (18 ਦੌੜਾਂ) ਨੂੰ ਪੈਵਿਲੀਅਨ ਭੇਜਿਆ। ਮੁਸ਼ਫਿਕੁਰ ਵੀ ਲੰਚ ਤੋਂ ਪਹਿਲਾਂ ਆਊਟ ਹੋ ਜਾਂਦਾ, ਪਰ ਰੋਹਿਤ ਸ਼ਰਮਾ ਨੇ ਸ਼ਮੀ ਦੀ ਗੇਂਦ ’ਤੇ ਦੂਜੀ ਸਲਿੱਪ ਵਿੱਚ ਉਸ ਦਾ ਸੌਖਾ ਕੈਚ ਛੱਡ ਦਿੱਤਾ। ਭਾਰਤ ਨੂੰ ਦੂਜੇ ਸੈਸ਼ਨ ਵਿੱਚ ਮਹਿਮੂਦੁੱਲ੍ਹਾ (15 ਦੌੜਾਂ) ਅਤੇ ਲਿਟਨ ਦੀ ਹੀ ਵਿਕਟ ਮਿਲੀ। ਲਿਟਨ ਅਤੇ ਮੁਸ਼ਫਿਕੁਰ ਨੇ ਲੰਚ ਮਗਰੋਂ ਸਪਿੰਨਰਾਂ ਨੂੰ ਚੰਗੀ ਤਰ੍ਹਾਂ ਖੇਡਿਆ।

Previous articleਸ਼ਬਰੀਮਾਲਾ: ਭਗਵਾਨ ਅਯੱਪਾ ਦਾ ਮੰਦਰ ਦਰਸ਼ਨਾਂ ਲਈ ਖੁੱਲ੍ਹਿਆ
Next articleਸੰਕਲਪ ਯਾਤਰਾ ’ਚ ਭਾਜਪਾ ਆਗੂਆਂ ਨੇ ਇਕ-ਦੂਜੇ ਦੇ ਥੱਪੜ ਮਾਰੇ