ਭਾਰਤ ਨੇ ਪਹਿਲਾ ਟੀ20 ਮੈਚ ਜਿੱਤਿਆ

ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਪੰਜ ਵਿਕਟਾਂ ’ਤੇ 207 ਦੌੜਾਂ ਬਣਾਈਆਂ। ਇਸ ਦੇ ਜਵਾਬ ’ਚ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀ ਨਾਬਾਦ 94 ਦੌੜਾਂ ਦੀ ਬਦੌਲਤ 18.4 ਓਵਰਾਂ ’ਚ ਚਾਰ ਵਿਕਟਾਂ ’ਤੇ 209 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਅੱਠ ਦੌੜਾਂ, ਕੇ ਰਾਹੁਲ ਨੇ 62 ਦੌੜਾਂ ਤੇ ਰਿਸ਼ਭ ਪੰਤ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਸ਼ਿਮਰੋਨ ਹੈਟਮਾਇਰ ਦੀ ਅਗਵਾਈ ਵਿੱਚ ਸਿਖ਼ਰਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਵਧੀਆ ਯੋਗਦਾਨ ਨਾਲ ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਅੱਜ ਇੱਥੇ ਪੰਜ ਵਿਕਟਾਂ ’ਤੇ 207 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ। ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੇ ਹਮਲਾਵਰ ਰੁਖ਼ ਅਪਣਾਈ ਰੱਖਿਆ। ਇਵਿਨ ਲੂਈਸ ਨੇ 17 ਗੇਂਦਾਂ ’ਤੇ 40 ਦੌੜਾਂ ਦੀ ਪਾਰੀ ਖੇਡੀ। ਬਰੈਂਡਨ ਕਿੰਗ ਨੇ 31 ਦੌੜਾਂ ਦਾ ਯੋਗਦਾਨ ਦਿੱਤਾ ਜਦੋਂਕਿ ਹੈਟਮਾਇਰ (56 ਦੌੜਾਂ) ਅਤੇ ਕਪਤਾਨ ਕੀਰੇਨ ਪੋਲਾਰਡ (37 ਦੌੜਾਂ) ਵੀ ਪੂਰੇ ਰੰਗ ’ਚ ਦਿਖਿਆ। ਕੈਰੇਬਿਆਈ ਬੱਲੇਬਾਜ਼ਾਂ ਨੂੰ ਜੀਵਨਦਾਨ ਵੀ ਮਿਲਿਆ ਜਿਸ ਦਾ ਉਨ੍ਹਾਂ ਨੇ ਪੂਰਾ ਫਾਇਦਾ ਉਠਾਇਆ। ਟੀਚੇ ਦਾ ਪਿੱਛਾ ਕਰਨ ’ਚ ਭਾਰਤ ਦੇ ਚੰਗੇ ਰਿਕਾਰਡ ਤੇ ਬਾਅਦ ’ਚ ਗੇਂਦਬਾਜ਼ੀ ਕਰਦੇ ਹੋਏ ਤਰੇਲ ਦੇ ਪ੍ਰਭਾਵ ਨੂੰ ਦੇਖਦੇ ਹੋਏ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਫਿਲਡਿੰਗ ਕਰਨ ਦਾ ਫ਼ੈਸਲਾ ਲਿਆ। ਦੀਪਕ ਚਾਹਰ ਨੇ ਪਾਰੀ ਦੇ ਦੂਜੇ ਓਵਰ ’ਚ ਹੀ ਲੈਂਡਲ ਸਿਮਨਜ਼ ਨੂੰ ਪਹਿਲੀ ਸਲਿੱਪ ’ਚ ਰੋਹਿਤ ਸ਼ਰਮਾ ਦੇ ਹੱਥੋਂ ਕੈਚ ਕਰਵਾ ਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਭਾਰਤ ਖ਼ਿਲਾਫ਼ ਇਸ ਤੋਂ ਪਹਿਲਾਂ ਦੋ ਸੈਂਕੜੇ ਲਾਉਣ ਵਾਲਾ ਲੂਈਸ ਹਮਲਾਵਰ ਰੁਖ਼ ’ਚ ਦਿਖ ਰਿਹਾ ਸੀ। ਗੇਂਦਬਾਜ਼ੀ ਦਾ ਆਗਾਜ਼ ਕਰਨ ਵਾਲੇ ਵਾਸ਼ਿੰਗਟਨ ਸੁੰਦਰ ਦਾ ਸਵਾਗਤ ਉਸ ਨੇ ਚੌਕੇ ਤੇ ਛੱਕਿਆਂ ਨਾਲ ਕੀਤਾ ਸੀ। ਚਾਹਰ ਨੇ ਆਪਣੇ ਦੂਜੇ ਓਵਰ ’ਚ ਸ਼ਾਰਟ ਪਿੱਚ ਗੇਂਦ ਕਰਨ ਦਾ ਖ਼ਮਿਆਜ਼ਾ ਭੁਗਤਿਆ ਤੇ ਲੂਈਸ ਅਤੇ ਕਿੰਗ ਦੋਹਾਂ ਨੇ ਉਸ ਦੀਆਂ ਗੇਂਦਾਂ ’ਤੇ ਛੱਕੇ ਮਾਰੇ। ਲੂਈਸ ਨੇ ਭੁਬਨੇਸ਼ਵਰ ਕੁਮਾਰ ਦਾ ਸਵਾਗਤ ਵੀ ਛੱਕੇ ਨਾਲ ਕੀਤਾ ਜਿਸ ਨਾਲ ਪੰਜਵੇਂ ਓਵਰ ’ਚ ਹੀ ਟੀਮ ਦਾ ਸਕੋਰ 50 ਦੌੜਾਂ ਤੋਂ ਪਾਰ ਪਹੁੰਚ ਗਿਆ। ਸੁੰਦਰ ਪਾਸਾ ਬਦਲ ਕੇ ਗੇਂਦਬਾਜ਼ੀ ਲਈ ਆਇਆ ਤੇ ਉਹ ਲੂਈਸ ਨੂੰ ਚਕਮਾ ਦੇ ਕੇ ਐਲਬੀਡਬਲਿਊ ਕਰਨ ’ਚ ਸਫ਼ਲ ਰਿਹਾ ਜਿਸ ਨੇ ਆਪਣੀ ਪਾਰੀ ’ਚ ਤਿੰਨ ਚੌਕੇ ਤੇ ਚਾਰ ਛੱਕੇ ਮਾਰੇ। ਕਿੰਗ ਤੇ ਹੈਟਮਾਇਰ ਨੇ ਹਾਲਾਂਕਿ ਹਮਲਾਵਰ ਰੁਖ਼ ਬਰਕਰਾਰ ਰੱਖਿਆ। ਹੈਟਮਾਇਰ ਨੇ ਕੁਝ ਅਸਮਾਨ ਨੂੰ ਚੁੰਮਦੇ ਛੱਕੇ ਵੀ ਮਾਰੇ। ਇਨ੍ਹਾਂ ’ਚੋਂ ਯੁਜ਼ਵੇਂਦਰ ਚਹਿਲ ਦੀ ਗੁਗਲੀ ’ਤੇ ਮਾਰਿਆ ਛੱਕਾ ਦੇਖਣਯੋਗ ਸੀ। ਜਡੇਜਾ ਨੇ ਕਿੰਗ ਨੂੰ ਸਟੰਪ ਆਊਟ ਕਰਵਾ ਕੇ ਭਾਰਤ ਨੂੰ ਤੀਜੀ ਸਫ਼ਲਤਾ ਦਿਵਾਈ ਪਰ ਹੁਣ ਪੋਲਾਰਡ ਕਰੀਜ਼ ’ਤੇ ਸੀ ਜਿਸ ਨੇ ਸ਼ਿਵਮ ਦੂਬੇ ਦੀ ਮੱਧਮ ਰਫ਼ਤਾਰ ਦੀ ਸ਼ਾਰਟ ਪਿੱਚ ਗੇਂਦ ਦਾ ਪੂਰਾ ਮਜ਼ਾ ਲਿਆ। ਹੈਟਮਾਇਰ ਨੂੰ ਭਾਰਤੀ ਸਪਿੰਨਰ ਪ੍ਰੇਸ਼ਾਨ ਨਹੀਂ ਕਰ ਸਕੇ। ਉਸ ਨੇ ਚਹਿਲ ਦੀ ਗੇਂਦ ’ਤੇ ਛੱਕਾ ਮਾਰ ਕੇ ਟੀ-20 ਕੌਮਾਂਤਰੀ ਕ੍ਰਿਕਟ ’ਚ ਆਪਣਾ ਪਹਿਲਾ ਅਰਧਸੈਂਕੜਾ ਪੂਰਾ ਕੀਤਾ। ਇਸ ਵਿਚਾਲੇ ਸੁੰਦਰ ਨੇ ਦੋ ਵਾਰ ਉਸ ਦਾ ਕੈਚ ਵੀ ਛੱਡਿਆ। ਰੋਹਿਤ ਨੇ ਵੀ ਪੋਲਾਰਡ ਨੂੰ ਜੀਵਨਦਾਨ ਦਿੱਤਾ ਅਤੇ ਗੇਂਦ ਛੇ ਦੌੜਾਂ ਲਈ ਗਈ। ਹਾਲਾਂਕਿ ਇਨ੍ਹਾਂ ਦੋਹਾਂ ਦੀਆਂ ਪਾਰੀਆਂ ਦਾ ਅੰਤ ਚਹਿਲ ਨੇ ਹੀ ਕੀਤਾ ਜਿਸ ਨੇ 36 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਰੋਹਿਤ ਨੇ ਵੀ 18ਵੇਂ ਓਵਰ ’ਚ ਡੀਪ ਬੈਕਵਰਡ ਸਕੁਐਰ ’ਤੇ ਹੈਟਮਾਇਰ ਦਾ ਕੈਚ ਫੜਿਆ। ਇਸ ਤੋਂ ਬਾਅਦ ਚਹਿਲ ਨੇ ਪੋਲਾਰਡ ਦੇ ਲੈੱਗ ਸਟੰਪ ਉਖਾੜ ਦਿੱਤੇ ਜਿਸ ਨਾਲ ਵੈਸਟਇੰਡੀਜ਼ ਦੀ 200 ਦੌੜਾਂ ਪਾਰ ਕਰਨ ਦੀ ਆਸ ਘੱਟ ਦਿਖ ਰਹੀ ਸੀ ਪਰ ਜੈਸਨ ਹੋਲਡਰ ਨੇ 24 ਤੇ ਦਿਨੇਸ਼ ਰਾਮਦੀਨ ਨੇ 11 ਦੌੜਾਂ ਦੀਆਂ ਨਾਬਾਦ ਪਾਰੀਆਂ ਖੇਡ ਕੇ ਟੀਮ ਨੂੰ 200 ਦੌੜਾਂ ਤੋਂ ਪਾਰ ਪਹੁੰਚਾਇਆ।

Previous articleਅਸੀਂ ਅਪਰਾਧੀ ਨਹੀਂ ਹਾਂ: ਫ਼ਾਰੂਕ ਅਬਦੁੱਲਾ
Next articleਆਸਟਰੇਲੀਆ ਨੇ ਸ੍ਰੀਲੰਕਾ ਨੂੰ 50-36 ਨਾਲ ਹਰਾਇਆ