ਭਾਰਤ ਨੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਜਿੱਤਿਆ

ਡੇਰਾ ਬਾਬਾ ਨਾਨਕ– ਮੇਜ਼ਬਾਨ ਭਾਰਤ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਅੱਜ ਆਖ਼ਰੀ ਦਿਨ ਫਾਈਨਲ ਵਿੱਚ ਕੈਨੇਡਾ ਨੂੰ ਹਰਾ ਕੇ ਖ਼ਿਤਾਬ ਅਤੇ 25 ਲੱਖ ਰੁਪਏ ਦਾ ਇਨਾਮ ਆਪਣੇ ਨਾਮ ਕਰ ਲਿਆ। ਉਪ ਜੇਤੂ ਰਹੀ ਕੈਨੇਡਾ ਦੀ ਟੀਮ ਨੂੰ 15 ਲੱਖ ਰੁਪਏ ਮਿਲੇ। ਅਮਰੀਕਾ ਦੀ ਟੀਮ ਤੀਜੇ ਸਥਾਨ ’ਤੇ ਰਹੀ, ਜਿਸ ਨੇ ਦਸ ਲੱਖ ਰੁਪਏ ਦਾ ਨਗ਼ਦ ਇਨਾਮ ਹਾਸਲ ਕੀਤਾ। ਹਾਲਾਂਕਿ ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਨੂੰ ਵੀਜ਼ਾ ਨਾ ਮਿਲਣ ਕਾਰਨ ਟੀਮ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੀ।
ਇਤਿਹਾਸਕ ਨਗਰੀ ਡੇਰਾ ਬਾਬਾ ਨਾਨਕ ਦੇ ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਭਾਰਤੀ ਕਬੱਡੀ ਖਿਡਾਰੀਆਂ ਨੇ ਰਵਾਇਤੀ ਪ੍ਰਦਰਸ਼ਨ ਕੀਤਾ। ਸਰਹੱਦੀ ਪਿੰਡਾਂ ਦੇ ਲੋਕਾਂ ਲਈ ਇਹ ਟੂਰਨਾਮੈਂਟ ਪਹਿਲਾ ਮੌਕਾ ਸੀ, ਜਦੋਂ ਹੋਰਨਾਂ ਦੇਸ਼ਾਂ ਦੀਆਂ ਟੀਮਾਂ ਇੱਥੇ ਕਬੱਡੀ ਮੁਕਾਬਲੇ ਖੇਡ ਰਹੀਆਂ ਹੋਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡਣੇ ਸਨ, ਪਰ ਤਕਨੀਕੀ ਕਾਰਨਾਂ ਕਰਕੇ ਉਹ ਨਹੀਂ ਪਹੁੰਚ ਸਕੇ। ਇਸ ਲਈ ਇਹ ਰਸਮ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਸਾਂਝੇ ਤੌਰ ’ਤੇ ਨਿਭਾਈ। ਇਸ ਮੌਕੇ ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਣੇ ਕਈ ਕਾਂਗਰਸੀ ਲੀਡਰ ਮੌਜੂਦ ਸਨ। ਕੈਬਨਿਟ ਮੰਤਰੀ ਬਾਜਵਾ ਨੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਭਾਰਤ ਟੀਮ ਨੇ ਫਾਈਨਲ ਮੈਚ ਦੇ ਸ਼ੁਰੂ ਤੋਂ ਹੀ ਕੈਨੇਡਾ ’ਤੇ ਦਬਦਬਾ ਬਣਾ ਕੇ ਰੱਖਿਆ। ਉਸ ਨੇ ਪਹਿਲੇ ਅੱਧ ਤੱਕ ਕੈਨੇਡਾ ’ਤੇ 34-9 ਅੰਕਾਂ ਦੀ ਲੀਡ ਲਈ ਹੋਈ ਸੀ। ਮੇਜ਼ਬਾਨ ਟੀਮ ਦੇ ਖਿਡਾਰੀਆਂ ਨੇ ਰਵਾਇਤੀ ਖੇਡ ਵਿਖਾਈ ਅਤੇ ਕੈਨੇਡਾ ਦੀ ਇੱਕ ਨਾ ਚੱਲਣ ਦਿੱਤੀ। ਉਹ ਅੰਕ ਲੈਣ ਲਈ ਤਰਸ ਰਿਹਾ ਸੀ। ਮੈਚ ਦੇ ਤਿੰਨ ਕੁਆਰਟਰਾਂ ਵਿੱਚ ਮੇਜ਼ਬਾਨ ਟੀਮ ਨੇ ਕੈਨੇਡਾ ’ਤੇ ਲਗਾਤਾਰ ਲੀਡ ਬਣਾ ਕੇ ਰੱਖੀ। ਭਾਰਤ ਨੇ ਅਖ਼ੀਰ 64-19 ਅੰਕਾਂ ਦੇ ਵੱਡੇ ਫ਼ਰਕ ਨਾਲ ਮੈਚ ਅਤੇ ਖ਼ਿਤਾਬ ਜਿੱਤ ਲਿਆ।
ਇਸ ਤੋਂ ਪਹਿਲਾ ਅਮਰੀਕਾ ਅਤੇ ਇੰਗਲੈਂਡ ਵਿਚਾਲੇ ਤੀਜੇ ਸਥਾਨ ਦਾ ਪਲੇਅ-ਆਫ ਮੁਕਾਬਲਾ ਖੇਡਿਆ ਗਿਆ, ਜੋ ਕਾਫ਼ੀ ਫਸਵਾਂ ਰਿਹਾ। ਅਮਰੀਕਾ ਦੀ ਟੀਮ ਨੇ ਇਹ ਮੈਚ 7 ਅੰਕਾਂ ਨਾਲ ਜਿੱਤਿਆ। ਇੱਕ ਸਮੇਂ ਇਗਲੈਂਡ ਦੀ ਟੀਮ ਸਿਰਫ਼ ਤਿੰਨ ਅੰਕਾਂ ਨਾਲ ਪੱਛੜ ਰਹੀ ਸੀ, ਪਰ ਅਮਰੀਕਾ ਦੇ ਖਿਡਾਰੀਆਂ ਨੇ ਤੀਜੇ ਕੁਆਰਟਰ ਵਿੱਚ ਜ਼ੋਰਦਾਰ ਵਾਪਸੀ ਕੀਤੀ। ਉਸ ਨੇ ਇੰਗਲੈਂਡ ਨੂੰ 42-35 ਅੰਕਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਸੈਮੀਫਾਈਨਲ ਵਿੱਚ ਅਮਰੀਕਾ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਸੀ।
ਇਸ ਟੂਰਨਾਮੈਂਟ ਵਿੱਚ ਵਿਸ਼ਵ ਦੀਆਂ ਅੱਠ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਕੀਨੀਆ ਸ਼ਾਮਲ ਸਨ। ਟੂਰਨਾਮੈਂਟ ਦੀ ਸਮਾਪਤੀ ਮੌਕੇ ਨਾਮਵਰ ਗਾਇਕ ਜਸਬੀਰ ਜੱਸੀ, ਬਲਬੀਰ ਬੀਰਾ, ਗੁਰਲੇਜ਼ ਅਖ਼ਤਰ ਅਤੇ ਕੈਲੀ ਦੀ ਜੋੜੀ ਨੇ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।

Previous articleMinisters evading questions on job loss in Parliament
Next articleਦੱਖਣੀ ਏਸ਼ਿਆਈ ਖੇਡਾਂ: 174 ਸੋਨ ਤਗ਼ਮਿਆਂ ਨਾਲ ਚੋਟੀ ’ਤੇ ਰਿਹਾ ਭਾਰਤ