ਭਾਰਤ ਨਾਲ ਵਖ਼ਰੇਵੇਂ ਦੂਰ ਕਰਨ ਲਈ ਚੀਨ ਤਿਆਰ

ਪੇਈਚਿੰਗ (ਸਮਾਜ ਵੀਕਲੀ) : ਚੀਨ ਨੇ ਅੱਜ ਕਿਹਾ ਹੈ ਕਿ ਉਹ ਭਾਰਤ ਨਾਲ ਆਪਸੀ ਰਾਜਨੀਤਕ ਭਰੋਸਾ ਮਜ਼ਬੂਤ ਕਰਨ ਦੇ ਲਈ ਕੰਮ ਕਰਨ ਨੂੰ ਤਿਆਰ ਹੈ। ਇਸ ਦੇ ਨਾਲ ਹੀ ਵਖ਼ਰੇਵਿਆਂ ਨੂੰ ਦੂਰ ਕਰਨ ਲਈ ਵੀ ਯਤਨ ਕੀਤੇ ਜਾਣਗੇ ਅਤੇ ਦੁਵੱਲੇ ਰਿਸ਼ਤਿਆਂ ਨੂੰ ਵਿਕਸਿਤ ਕਰਨ ਲਈ ਲੰਮੇ ਸਮੇਂ ਲਈ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਅਨ ਨੇ ਪੱਛਮੀ ਮੀਡੀਆ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਪ੍ਰਗਟਾਏ ਹਨ। ਮੀਡੀਆ ਨੇ ਜਦ ਉਨ੍ਹਾਂ ਤੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਪ੍ਰਤੀਕਿਰਿਆ ਬਾਰੇ ਚੀਨ ਦਾ ਪੱਖ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ‘ਅਸੀਂ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਸੁਣਿਆ ਹੈ।

ਅਸੀਂ ਨੇੜਲੇ ਗੁਆਂਢੀ ਹਾਂ, ਅਰਬ ਅਬਾਦੀ ਤੋਂ ਵੱਧ ਵਾਲੇ ਉੱਭਰ ਰਹੇ ਮੁਲਕ ਹਾਂ। ਇਸ ਲਈ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਦੋਵਾਂ ਮੁਲਕਾਂ ਦੇ ਲੋਕਾਂ ਦੇ ਹਿੱਤ ਹੀ ਨਹੀਂ ਪੂਰਦੀ ਬਲਕਿ ਖਿੱਤੇ ਅਤੇ ਸੰਸਾਰ ਦੀ ਸਥਿਰਤਾ, ਸ਼ਾਂਤੀ, ਖੁਸ਼ਹਾਲੀ ਲਈ ਵੀ ਅਹਿਮ ਹੈ। ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਲਈ ਸਹੀ ਰਾਹ ਇਹੀ ਹੈ ਕਿ ਇਕ-ਦੂਜੇ ਦਾ ਸਤਿਕਾਰ ਤੇ ਸਹਿਯੋਗ ਕੀਤਾ ਜਾਵੇ।

ਇਸ ਨਾਲ ਭਵਿੱਖੀ ਹਿੱਤ ਵੀ ਸੁਰੱਖਿਅਤ ਹੁੰਦੇ ਹਨ। ਜ਼ਿਕਰਯੋਗ ਹੈ ਕਿ ਮੋਦੀ ਨੇ ਕਿਹਾ ਸੀ ਕਿ ਭਾਰਤੀ ਸੁਰੱਖਿਆ ਬਲਾਂ ਨੇ ਦੇਸ਼ ਦੀ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਨੂੰ ‘ਐਲਓਸੀ ਤੋਂ ਐਲਏਸੀ’ ਤੱਕ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਨਾਲ ਹੀ ਕਿਹਾ ਸੀ ਕਿ ਭਾਰਤ ਅਤਿਵਾਦ ਦੇ ਨਾਲ-ਨਾਲ ਵਿਸਤਾਰਵਾਦ ਨਾਲ ਵੀ ਦ੍ਰਿੜ੍ਹਤਾ ਨਾਲ ਲੜ ਰਿਹਾ ਹੈ। ਅਸਲ ਕੰਟਰੋਲ ਰੇਖਾ (ਐਲਏਸੀ) ਉਤੇ ਭਾਰਤ ਤੇ ਚੀਨ ਵਿਚਾਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ।

Previous articleRaj govt launches ‘Indira Rasoi Yojana’, BJP cries foul
Next articleਜਪਾਨ ਦੇ ਪ੍ਰਧਾਨ ਮੰਤਰੀ ਦੀ ਹਸਪਤਾਲ ਫੇਰੀ ਤੋਂ ਸਿਹਤ ਚਿੰਤਾਵਾਂ