ਭਾਰਤ ਦੀ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ’ਚ ਹੂੰਝਾ ਫੇਰੂ ਜਿੱਤ

ਭਾਰਤ ਨੇ ਸ਼ਾਨਦਾਰ ਹਰਫ਼ਨਮੌਲਾ ਪ੍ਰਦਰਸ਼ਨ ਦੀ ਬਦੌਲਤ ਅੱਜ ਇੱਥੇ ਦੱਖਣੀ ਅਫਰੀਕਾ ਖ਼ਿਲਾਫ਼ ਤੀਜੇ ਅਤੇ ਆਖ਼ਰੀ ਟੈਸਟ ਵਿੱਚ ਪਾਰੀ ਅਤੇ 202 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ ’ਚ 3-0 ਨਾਲ ਹੂੰਝਾ ਫੇਰ ਦਿੱਤਾ। ਆਖ਼ਰੀ ਮੈਚ ਵਿੱਚ ਦੂੂਹਰਾ ਸੈਂਕੜਾ ਜੜ ਕੇ ਲੜੀ ’ਚ ਕੁੱਲ 529 ਦੌੜਾਂ ਬਣਾਉਣ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ‘ਮੈਨ ਆਫ ਦਿ ਮੈਚ’ ਅਤੇ ‘ਮੈਨ ਆਫ਼ ਦਿ ਸੀਰੀਜ਼’ ਚੁਣਿਆ ਗਿਆ। ਭਾਰਤ ਨੂੰ ਇਸ ਜਿੱਤ ਨਾਲ 40 ਅੰਕ ਮਿਲੇ। ਉਸ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਆਪਣੇ ਸਾਰੇ ਪੰਜ ਮੈਚ (ਵੈਸਟ ਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ) ਜਿੱਤ ਕੇ 240 ਅੰਕ ਨਾਲ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਵਿਸ਼ਵ ਚੈਂਪੀਅਨਸ਼ਿਪ ਦਾ ਹਿੱਸਾ ਹਰੇਕ ਲੜੀ ਦੇ 120 ਅੰਕ ਹਨ, ਜਿਸ ਵਿੱਚ ਦੋ ਤੋਂ ਲੈ ਕੇ ਪੰਜ ਤੱਕ ਟੈਸਟ ਮੈਚ ਹੋ ਸਕਦੇ ਹਨ। ਇਸ ਤਰ੍ਹਾਂ ਭਾਰਤ ਨੂੰ ਤਿੰਨ ਟੈਸਟ ਮੈਚਾਂ ਦੀ ਲੜੀ ਵਿੱਚ ਕੁੱਲ 120 ਅੰਕ ਮਿਲ ਗਏ ਹਨ। ਵਿਰਾਟ ਕੋਹਲੀ ਕਪਤਾਨੀ ਵਿੱਚ ਭਾਰਤ ਨੇ 11ਵੀਂ ਟੈਸਟ ਲੜੀ ਜਿੱਤੀ ਹੈ। ਇਸ ਦੇ ਨਾਲ ਹੀ ਭਾਰਤੀ ਟੀਮ ਨੇ ਪਹਿਲੀ ਵਾਰ ਟੈਸਟ ਲੜੀ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ। ਭਾਰਤ ਨੇ ਆਪਣੀ ਸਰਜ਼ਮੀਨ ’ਤੇ ਲਗਾਤਾਰ 11ਵੀਂ ਲੜੀ ਜਿੱਤੀ ਹੈ।
ਭਾਰਤ ਨੇ ਕੱਲ੍ਹ ਤੀਜੇ ਦਿਨ ਹੀ ਦੱਖਣੀ ਅਫਰੀਕਾ ਨੂੰ ਫਾਲੋਆਨ ਲਈ ਮਜਬੂਰ ਕਰਦਿਆਂ ਦੂਜੀ ਪਾਰੀ ਵਿੱਚ ਉਸ ਦਾ ਸਕੋਰ ਅੱਠ ਵਿਕਟਾਂ ’ਤੇ 132 ਦੌੜਾਂ ਕਰ ਦਿੱਤਾ ਸੀ। ਮੇਜ਼ਬਾਨ ਟੀਮ ਨੇ ਅੱਜ ਸਿਰਫ਼ ਦੋ ਓਵਰਾਂ ਵਿੱਚ ਜਿੱਤ ਦੀ ਰਸਮ ਪੂਰੀ ਕਰਦਿਆਂ ਦੱਖਣੀ ਅਫਰੀਕਾ ਨੂੰ 48 ਓਵਰਾਂ ਵਿੱਚ 133 ਦੌੜਾਂ ’ਤੇ ਢੇਰ ਕਰ ਦਿੱਤਾ। ਭਾਰਤ ਨੇ ਪਹਿਲੀ ਪਾਰੀ ਨੌਂ ਵਿਕਟਾਂ ’ਤੇ 497 ਦੌੜਾਂ ਬਣਾਉਣ ਮਗਰੋਂ ਐਲਾਨੀ ਸੀ, ਜਿਸ ਦੇ ਜਵਾਬ ਵਿੱਚ ਦੱਖਣੀ ਅਫਰੀਕਾ ਦੀ ਟੀਮ ਪਹਿਲੀ ਪਾਰੀ ਵਿੱਚ 162 ਦੌੜਾਂ ਹੀ ਬਣਾ ਸਕੀ। ਲੜੀ ਅਤੇ ਮੈਚ ਦਾ ਨਤੀਜਾ ਭਾਰਤ ਦੇ ਦਬਦਬੇ ਨੂੰ ਦਰਸਾਉਂਦਾ ਹੈ ਜਦਕਿ ਦੱਖਣੀ ਅਫਰੀਕੀ ਟੀਮ ਦੇ ਡਿੱਗਦੇ ਮਿਆਰ ਵੱਲ ਵੀ ਸੰਕੇਤ ਕਰਦਾ ਹੈ, ਜੋ ਭਾਰਤ ਦੀ ਮਜ਼ਬੂਤ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਨੂੰ ਕੋਈ ਟੱਕਰ ਨਹੀਂ ਦੇ ਸਕੀ।

Previous articleਆਸਟਰੇਲਿਆਈ ਸੰਸਦ ’ਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼
Next articleਚਿਦੰਬਰਮ ਨੂੰ ਆਈਐੱਨਐਕਸ ਮੀਡੀਆ ਮਾਮਲੇ ’ਚ ਮਿਲੀ ਜ਼ਮਾਨਤ