HOME ਭਾਰਤ ‘ਤੇ ਲਸ਼ਕਰ-ਏ-ਤਾਇਬਾ ਅਤੇ ਜੈ-ਏ-ਮੁਹੰਮਦ ਕਰ ਸਕਦੈ ਅੱਤਵਾਦੀ ਹਮਲਾ, ਅਮਰੀਕੀ ਵਿਦੇਸ਼ ਮੰਤਰਾਲੇ...

ਭਾਰਤ ‘ਤੇ ਲਸ਼ਕਰ-ਏ-ਤਾਇਬਾ ਅਤੇ ਜੈ-ਏ-ਮੁਹੰਮਦ ਕਰ ਸਕਦੈ ਅੱਤਵਾਦੀ ਹਮਲਾ, ਅਮਰੀਕੀ ਵਿਦੇਸ਼ ਮੰਤਰਾਲੇ ਨੇ ਪ੍ਰਗਟਾਇਆ ਖਦਸ਼ਾ

ਨਵੀਂ ਦਿੱਲੀ  : ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੀਆਂ ਪਾਕਿਸਤਾਨ ਦੀਆਂ ਅੱਤਵਾਦੀ ਜਮਾਤਾਂ ਤੋਂ ਭਾਰਤ ‘ਤੇ ਹਮਲੇ ਦਾ ਖ਼ਤਰਾ ਬਣਿਆ ਹੋਇਆ ਹੈ। ਇਹ ਗੱਲ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਵਿਚ ਕਹੀ ਗਈ ਹੈ। ਰਿਪੋਰਟ ਵਿਚ ਲਸ਼ਕਰ ਨਾਲ ਜੁੜੇ ਕੱਟੜਪੰਥੀਆਂ ਦੇ ਪਾਕਿਸਤਾਨ ਵਿਚ ਚੋਣ ਲੜਨ ਨੂੰ ਲੈ ਕੇ ਉਥੋਂ ਦੇ ਸਰਕਾਰੀ ਤੰਤਰ ਦੀ ਨਿੰਦਾ ਕੀਤੀ ਗਈ ਹੈ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਅਧਿਕਾਰੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਵਿਚ ਨਾਕਾਮਯਾਬ ਰਹੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤਹਿਤ ਅੱਤਵਾਦੀ ਜਮਾਤਾਂ ਨੂੰ ਮਿਲਣ ਵਾਲੀ ਆਰਥਿਕ ਸਹਾਇਤਾ ‘ਤੇ ਰੋਕ ਲਗਾਉਣੀ ਸੀ। ਐੱਫਏਟੀਐੱਫ ਤੋਂ ਕਈ ਵਾਰ ਝਾੜ ਖਾ ਚੁੱਕਾ ਪਾਕਿਸਤਾਨ ਹੁਣ ਸੰਗਠਨ ਦੀ ਗ੍ਰੇ ਸੂਚੀ ਵਿਚ ਹੈ ਅਤੇ ਕਾਲੀ ਸੂਚੀ ਵਿਚ ਪਾਏ ਜਾਣ ਲਈ ਉਸ ਨੂੰ ਅੰਤਿਮ ਚਿਤਾਵਨੀ ਮਿਲ ਚੁੱਕੀ ਹੈ।

ਰਿਪੋਰਟ ਵਿਚ ਲਸ਼ਕਰ-ਏ-ਤਾਇਬਾ ਅਤੇ ਉਸ ਦੇ ਸਰਗਨਾ ਹਾਫਿਜ਼ ਸਈਦ ‘ਤੇ ਲੱਗੀਆਂ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਨਾ ਕਰਨ ਲਈ ਵੀ ਨਿੰਦਾ ਕੀਤੀ ਗਈ ਹੈ। ਲਸ਼ਕਰ-ਏ-ਤਾਇਬਾ ‘ਤੇ 2008 ਦੇ ਮੁੰਬਈ ਹਮਲੇ ਨੂੰ ਅੰਜਾਮ ਦੇਣ ਦਾ ਦੋਸ਼ ਹੈ। ਇਸ ਹਮਲੇ ਵਿਚ ਕਈ ਵਿਦੇਸ਼ੀ ਨਾਗਰਿਕਾਂ ਸਣੇ 160 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਜਦਕਿ ਜੈਸ਼-ਏ-ਮੁਹੰਮਦ ਨੇ ਸੰਸਦ ‘ਤੇ ਹਮਲੇ ਅਤੇ ਪੁਲਵਾਮਾ ਵਿਚ ਸੀਆਰਪੀਐੱਫ ਦੇ ਕਾਿਫ਼ਲੇ ‘ਤੇ ਹਮਲੇ ਵਰਗੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।

ਪਾਕਿਸਤਾਨ ਵਿਚ 2018 ਵਿਚ ਆਮ ਚੋਣ ਵਿਚ ਲਸ਼ਕਰ-ਏ-ਤਾਇਬਾ ਨੇ ਸਿਆਸੀ ਪਾਰਟੀ ਬਣਾ ਕੇ ਚੋਣ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਜਦੋ ਚੋਣ ਕਮਿਸ਼ਨ ਨੇ ਇਸ ਦੀ ਇਜਾਜ਼ਤ ਨਾ ਦਿੱਤੀ ਤਾਂ ਲਸ਼ਕਰ ਨਾਲ ਜੁੜੇ ਲੋਕ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰ ਗਏ। ਹਾਲਾਂਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਉਮੀਦਵਾਰਾਂ ਨੂੰ ਚੋਣ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Previous articleਰਾਮ ਜਨਮ ਭੂਮੀ ਦੇ ਫ਼ੈਸਲੇ ‘ਚ ਨਜੂਲ ਦੀ ਜ਼ਮੀਨ ਕਿਤੇ ਬਦਲ ਨਾ ਦੇਵੇ ਸੀਨ
Next articleਬੰਗਲਾਦੇਸ਼ ਨੇ ਪਹਿਲੇ ਟੀ-20 ਮੈਚ ‘ਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾਇਆ