ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਟੀ-20 ਅੱਜ

ਟੀ-20 ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਮੰਨੀ ਜਾ ਰਹੀ ਪੰਜ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਾਰਤ ਅਤੇ ਮੇਜ਼ਬਾਨ ਨਿਊਜ਼ੀਲੈਂਡ ਖ਼ਿਲਾਫ਼ ਸ਼ੁੱਕਰਵਾਰ ਨੂੰ ਇੱਥੇ ਖੇਡਿਆ ਜਾਵੇਗਾ। ਭਾਰਤ ਲਈ ਇਹ ਰੁਝੇਵੇਂ ਵਾਲਾ ਸੈਸ਼ਨ ਹੈ। ਉਹ ਆਪਣੇ ਘਰ ਵਿੱਚ ਆਸਟਰੇਲੀਆ ਤੋਂ ਇੱਕ ਰੋਜ਼ਾ ਲੜੀ ਜਿੱਤ ਕੇ ਹੌਸਲੇ ਨਾਲ ਲਬਰੇਜ ਹੈ ਅਤੇ ਆਖ਼ਰੀ ਮੁਕਾਬਲਾ ਖੇਡਣ ਦੇ ਪੰਜ ਦਿਨਾਂ ਦੇ ਅੰਦਰ ਇੱਥੇ ਟੀ-20 ਮੈਚ ਖੇਡ ਰਿਹਾ ਹੈ। ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਮੰਗਲਵਾਰ ਨੂੰ ਆਕਲੈਂਡ ਪਹੁੰਚੀ ਸੀ। ਉਸ ਨੇ ਬੁੱਧਵਾਰ ਨੂੰ ਆਰਾਮ ਕਰਨ ਮਗਰੋਂ ਅੱਜ ਅਭਿਆਸ ਕੀਤਾ।
ਟੀ-20 ਵਿਸ਼ਵ ਕੱਪ ਇਸ ਸਾਲ ਅਕਤੂਬਰ ’ਚ ਆਸਟਰੇਲੀਆ ਵਿੱਚ ਹੋਵੇਗਾ ਅਤੇ ਭਾਰਤੀ ਟੀਮ ਮੈਨੇਜਮੈਂਟ ਨੂੰ ਇਸ ਤੋਂ ਪਹਿਲਾਂ ਸਰਵੋਤਮ ਖਿਡਾਰੀਆਂ ਦੀ ਭਾਲ ਹੈ। ਸ਼ਿਖਰ ਧਵਨ, ਹਾਰਦਿਕ ਪਾਂਡਿਆ, ਦੀਪਕ ਚਾਹਰ ਅਤੇ ਭੁਵਨੇਸ਼ਵਰ ਕੁਮਾਰ ਦੀਆਂ ਸੱਟਾਂ ਦੇ ਬਾਵਜੂਦ ਬਦਲਵੇਂ ਖਿਡਾਰੀਆਂ ਨੇ ਆਪਣੀ ਕਾਬਲੀਅਤ ਸਾਬਤ ਕਰਕੇ ਟੀਮ ਨੂੰ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਧਵਨ ਦੇ ਬਦਲ ਵਜੋਂ ਕੇਐੱਲ ਰਾਹੁਲ ਨੇ ਧਵਨ ਦੇ ਪਰਤਣ ’ਤੇ ਉਸ ਨਾਲ ਚੰਗੀ ਸਲਾਮੀ ਜੋੜੀ ਬਣਾਈ, ਜਦਕਿ ਰੋਹਿਤ ਸ਼ਰਮਾ ਨੂੰ ਆਰਾਮ ਦਿੱਤਾ ਗਿਆ ਸੀ। ਇਸ ਵਾਰ ਵੀ ਧਵਨ ਦੀ ਗ਼ੈਰ-ਮੌਜੂਦਗੀ ਵਿੱਚ ਰੋਹਿਤ ਅਤੇ ਰਾਹੁਲ ਪਾਰੀ ਦੀ ਸ਼ੁਰੂਆਤ ਕਰਨਗੇ।
ਕਪਤਾਨ ਕੋਹਲੀ ਨੇ ਸੰਕੇਤ ਦਿੱਤਾ ਹੈ ਕਿ ਬੱਲੇਬਾਜ਼ ਵਿਕਟਕੀਪਰ ਵਜੋਂ ਰਾਹੁਲ ਦੀ ਦੂਹਰੀ ਭੂਮਿਕਾ ਨਾਲ ਟੀਮ ਨੂੰ ਵੱਧ ਬਦਲ ਮਿਲੇ ਹਨ। ਕੋਹਲੀ ਅਨੁਸਾਰ ਰਾਹੁਲ ਇੱਕ ਰੋਜ਼ਾ ਅਤੇ ਟੀ-20 ਦੋਵਾਂ ਵਿੱਚ ਵਿਕਟਕੀਪਿੰਗ ਕਰਦਾ ਰਹੇਗਾ। ਉਹ ਟੀ-20 ਵਿੱਚ ਪਾਰੀ ਦੀ ਸ਼ੁਰੂਆਤ ਕਰੇਗਾ, ਪਰ ਇੱਕ ਰੋਜ਼ਾ ਵਿੱਚ ਮੱਧਕ੍ਰਮ ਵਿੱਚ ਹੀ ਉਤਰੇਗਾ। ਇਸ ਦਾ ਅਰਥ ਹੈ ਕਿ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਵਿੱਚ ਰੋਹਿਤ ਨਾਲ ਪ੍ਰਿਥਵੀ ਸ਼ਾਅ ਪਾਰੀ ਦਾ ਆਗਾਜ਼ ਕਰ ਸਕਦਾ ਹੈ। ਰਾਹੁਲ ਦੇ ਵਿਕਟਕੀਪਿੰਗ ਕਰਨ ਕਾਰਨ ਰਿਸ਼ਭ ਪੰਤ ਦੀ ਅੰਤਿਮ ਟੀਮ ਵਿੱਚ ਥਾਂ ਖੁੱਸ ਸਕਦੀ ਹੈ।
ਮਨੀਸ਼ ਪਾਂਡੇ ਪੰਜਵੇਂ ਬੱਲੇਬਾਜ਼ ਵਜੋਂ ਉਤਰ ਸਕਦਾ ਹੈ ਅਤੇ ਸ਼੍ਰੇਅਸ ਅਈਅਰ ਚੌਥੇ ਸਥਾਨ ’ਤੇ ਰਹੇਗਾ। ਪਾਂਡੇ, ਅਈਅਰ ਅਤੇ ਪੰਤ ਨੇ ਅੱਜ ਨੈੱਟ ’ਤੇ ਇਕੱਠਿਆਂ ਅਭਿਆਸ ਕੀਤਾ, ਜਦਕਿ ਸੰਜੂ ਸੈਮਸਨ ਬਾਅਦ ’ਚ ਆਇਆ। ਸੈਮਸਨ ਦਾ ਪਹਿਲੇ ਟੀ-20 ਵਿੱਚ ਖੇਡਣਾ ਤੈਅ ਨਹੀਂ ਲੱਗ ਰਿਹਾ। ਭਾਰਤ ਜੇਕਰ ਪੰਜ ਗੇਂਦਬਾਜ਼ਾਂ ਨੂੰ ਨਾਲ ਉਤਰਦਾ ਹੈ ਅਤੇ ਛੇਵੇਂ ਬਦਲ ਵਜੋਂ ਸ਼ਿਵਮ ਦੂਬੇ ਨੂੰ ਬਾਹਰ ਰੱਖਦਾ ਹੈ ਤਾਂ ਪੰਤ ਅਤੇ ਪਾਂਡੇ ਦੋਵੇਂ ਟੀਮ ਵਿੱਚ ਥਾਂ ਬਣਾ ਸਕਦੇ ਹਨ। ਹਰਫ਼ਨਮੌਲਿਆਂ ਵਜੋਂ ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਬਦਲ ਹਨ। ਯੁਜ਼ਵੇਂਦਰ ਚਾਹਲ ਅਤੇ ਕੁਲਦੀਪ ਯਾਦਵ ਵਿਸ਼ਵ ਕੱਪ-2019 ਮਗਰੋਂ ਇਕੱਠੇ ਨਹੀਂ ਖੇਡੇ। ਤੇਜ਼ ਗੇਂਦਬਾਜ਼ਾਂ ਵਿੱਚ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਦਾ ਖੇਡਣਾ ਤੈਅ ਹੈ। ਇਸ ਤਰ੍ਹਾਂ ਸ਼ਰਦੁਲ ਠਾਕੁਰ ਅਤੇ ਨਵਦੀਪ ਸੈਣੀ ਵਿੱਚੋਂ ਇੱਕ ਦੀ ਚੋਣ ਹੋ ਸਕਦੀ ਹੈ।
ਨਿਊਜ਼ੀਲੈਂਡ ਨੇ ਬੀਤੇ ਸਾਲ ਟੀ-20 ਲੜੀ ਵਿੱਚ ਭਾਰਤ ਨੂੰ 2-1 ਨਾਲ ਹਰਾਇਆ ਸੀ। ਉਸ ਨੇ ਸ੍ਰੀਲੰਕਾ ਦੌਰੇ ’ਤੇ ਟੀ-20 ਲੜੀ ਵਿੱਚ ਵੀ 2-1 ਨਾਲ ਜਿੱਤ ਦਰਜ ਕੀਤੀ ਸੀ, ਜਦੋਂਕਿ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਲੜੀ 2-2 ਨਾਲ ਡਰਾਅ ਕਰਵਾਈ ਸੀ। ਟੀ-20 ਵਿੱਚ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਨਿਊਜ਼ੀਲੈਂਡ ਦਾ ਮਨੋਬਲ ਡਿੱਗਿਆ ਹੋਇਆ ਹੈ ਕਿਉਂਕਿ ਆਸਟਰੇਲੀਆ ਨੇ ਹਾਲ ਹੀ ਵਿੱਚ ਉਸ ਨੂੰ 3-0 ਨਾਲ ਹਰਾਇਆ ਸੀ। ਇਸ ਕਾਰਨ ਕੇਨ ਵਿਲੀਅਮਸਨ ਦੀ ਕਪਤਾਨੀ ’ਤੇ ਵੀ ਸਵਾਲ ਉਠਣ ਲੱਗੇ ਹਨ। ਨਿਊਜ਼ੀਲੈਂਡ ਕੋਲ ਹਰਫ਼ਨਮੌਲਿਆਂ ਦੀ ਘਾਟ ਨਹੀਂ, ਪਰ ਉਸ ਨੂੰ ਤੇਜ਼ ਗੇਂਦਬਾਜ਼ੀ ਵਿਭਾਗ ਵਿੱਚ ਸੰਤੁਲਨ ਲਿਆਉਣਾ ਹੋਵੇਗਾ। ਇਸ ਵਿੱਚ ਟ੍ਰੈਂਟ ਬੋਲਟ, ਮੈਟ ਹੈਨਰੀ ਅਤੇ ਲੌਕੀ ਫਰਗੂਸਨ ਦੀ ਘਾਟ ਰੜਕੇਗੀ ਜੋ ਸੱਟ ਕਾਰਨ ਬਾਹਰ ਹਨ।

Previous articleਮਨੀਮਾਜਰਾ ਵਿਚ ਪਤਨੀ ਤੇ ਦੋ ਬੱਚਿਆਂ ਦਾ ਕਤਲ
Next articleਲੈਫਟੀਨੈਂਟ ਜਨਰਲ ਜੋਸ਼ੀ ਉੱਤਰੀ ਕਮਾਂਡ ਦੇ ਨਵੇਂ ਕਮਾਂਡਰ ਨਿਯੁਕਤ