ਭਾਰਤ-ਚੀਨ ਵਿਚਾਲੇ ਕਮਾਂਡਰ ਪੱਧਰ ਦੀ ਗੱਲਬਾਤ ਬੇਸਿੱਟਾ

ਨਵੀਂ ਦਿੱਲੀ  (ਸਮਾਜ ਵੀਕਲੀ) : ਪੈਂਗੌਂਗ ਝੀਲ ਇਲਾਕੇ ਵਿਚ ਚੀਨ ਦੀ ‘ਭੜਕਾਊ ਕਾਰਵਾਈ’ ਤੋਂ ਬਾਅਦ ਪੈਦਾ ਹੋਏ ਤਣਾਅ ਦਰਮਿਆਨ ਅੱਜ ਪੂਰਬੀ ਲੱਦਾਖ ’ਚ ਦੋਵਾਂ ਧਿਰਾਂ ਵਿਚਾਲੇ ਫ਼ੌਜੀ ਕਮਾਂਡਰ ਪੱਧਰ ਦੀ ਗੱਲਬਾਤ ਹੋਈ। ਸਰਕਾਰੀ ਸੂਤਰ ਨੇ ਦੱਸਿਆ ਕਿ ਤਣਾਅ ਘਟਾਉਣ ਲਈ ਗੱਲਬਾਤ ਕੀਤੀ ਗਈ। ਦੋਵਾਂ ਦੇਸ਼ਾਂ ਦੀ ਫ਼ੌਜ ਨੇ ਚੁਸ਼ੂਲ ਵਿਚ ਬ੍ਰਿਗੇਡ ਕਮਾਂਡਰ ਪੱਧਰ ਦੀ ਗੱਲਬਾਤ ਆਰੰਭੀ ਸੀ। ਸੂਤਰਾਂ ਮੁਤਾਬਕ ਅੱਜ ਹੋਈ ਗੱਲਬਾਤ ਵੀ ਬੇਸਿੱਟਾ ਰਹੀ ਹੈ।

ਦੋਵਾਂ ਧਿਰਾਂ ਵਿਚਾਲੇ ਕਰੀਬ ਸੱਤ ਘੰਟੇ ਗੱਲਬਾਤ ਹੋਈ। ਚੀਨੀ ਧਿਰ ਨੇ ਇਤਰਾਜ਼ ਜਤਾਇਆ ਕਿ ਭਾਰਤ ਨੇ ਖਿੱਤੇ ਵਿਚ ਕੁਝ ਰਣਨੀਤਕ ਚੋਟੀਆਂ ਉਤੇ ਕਬਜ਼ਾ ਕੀਤਾ ਹੈ। ਜਦਕਿ ਭਾਰਤੀ ਵਫ਼ਦ ਨੇ ਕਿਹਾ ਕਿ ਇਹ ਥਾਵਾਂ ਐਲਏਸੀ ਦੇ ਭਾਰਤ ਵਾਲੇ ਪਾਸੇ ਹਨ। ਭਾਰਤ ਨੇ ਕਿਹਾ ਕਿ ਸਰਹੱਦੀ ਵਿਵਾਦ ਨੂੰ ਉਹ ਗੱਲਬਾਤ ਰਾਹੀਂ ਨਜਿੱਠੇਗਾ ਪਰ ਜੇਕਰ ਚੀਨ ਕੋਈ ‘ਗੁਸਤਾਖ਼ੀ’ ਕਰਦਾ ਹੈ ਤਾਂ ਢੁੱਕਵਾਂ ਜਵਾਬ ਦਿੱਤਾ ਜਾਵੇਗਾ। ਇਸੇ ਤਰ੍ਹਾਂ ਦੀ ਗੱਲਬਾਤ ਸੋਮਵਾਰ ਤੇ ਮੰਗਲਵਾਰ ਵੀ ਹੋਈ ਸੀ ਜਿਸ ਦਾ ਕੋਈ ‘ਠੋਸ ਸਿੱਟਾ’ ਨਹੀਂ ਨਿਕਲਿਆ। ਸੂਤਰਾਂ ਮੁਤਾਬਕ ਭਾਰਤ ਨੇ ਪੂਰਬੀ ਲੱਦਾਖ ਵਿਚ ਰਣਨੀਤਕ ਲਾਭ ਹਾਸਲ ਕੀਤਾ ਹੈ।

ਪਿਛਲੇ ਕੁਝ ਦਿਨਾਂ ਦੌਰਾਨ ਕਈ ਰਣਨੀਤਕ ਪੱਧਰ ’ਤੇ ਮਹੱਤਵਪੂਰਨ ਚੋਟੀਆਂ ਅਤੇ ਥਾਵਾਂ ’ਤੇ ਕਬਜ਼ਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ‘ਇਲਾਕੇ ਵਿਚ ਸਥਿਤੀ ਹਾਲੇ ਵੀ ਸੰਵੇਦਨਸ਼ੀਲ ਹੈ।’ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਟਕਰਾਅ ਪੈਂਗੌਂਗ ਦੇ ਉੱਤਰੀ ਕੰਢੇ ਉਤੇ ਹੀ ਹੋਇਆ ਹੈ ਪਰ ਇਸ ਵਾਰ ਪਹਿਲੀ ਵਾਰ ਦੋਵੇਂ ਦੱਖਣੀ ਸਿਰੇ ’ਤੇ ਭਿੜੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਗਲਵਾਰ ਪੂਰਬੀ ਲੱਦਾਖ ਦੀ ਸਥਿਤੀ ਦਾ ਉੱਚ ਪੱਧਰੀ ਮੀਟਿੰਗ ਵਿਚ ਜਾਇਜ਼ਾ ਲਿਆ ਸੀ। ਇਸ ਮੌਕੇ ਫ਼ੈਸਲਾ ਕੀਤਾ ਗਿਆ ਸੀ ਕਿ ਭਾਰਤੀ ਫ਼ੌਜ ਐਲਏਸੀ ਨਾਲ ਸਾਰੇ ਸੰਵੇਦਨਸ਼ੀਲ ਇਲਾਕਿਆਂ ਵਿਚ ਹਮਲਾਵਰ ਪਹੁੰਚ ਬਰਕਰਾਰ ਰੱਖੇਗੀ ਤਾਂ ਕਿ ਚੀਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ। ਭਾਰਤੀ ਫ਼ੌਜ ਨੇ ਝੀਲ ਦੇ ਦੱਖਣੀ ਕੰਢੇ ’ਤੇ ਆਪਣੀ ਮੌਜੂਦਗੀ ਵਧਾ ਦਿੱਤੀ ਹੈ।

ਵਾਧੂ ਫ਼ੌਜ ਤਾਇਨਾਤ ਕਰ ਕੇ ਮਾਰੂ ਹਥਿਆਰ ਲਿਆਂਦੇ ਗਏ ਹਨ। ਇੱਥੇ ਟੈਂਕ ਤੇ ਐਂਟੀ-ਟੈਂਕ ਮਿਜ਼ਾਈਲਾਂ ਵੀ ਫ਼ੌਜ ਨੇ ਤਾਇਨਾਤ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਵੀ ਇਲਾਕੇ ਦੀ ਨਿਗਰਾਨੀ ਕਰ ਰਹੀ ਹੈ। ਕੁਝ ਰਿਪੋਰਟਾਂ ਮੁਤਾਬਕ ਚੀਨ ਨੇ ਹੋਟਾਨ ਏਅਰਬੇਸ ’ਤੇ ਲੰਮੀ ਰੇਂਜ ਦੇ ਜੇ-20 ਲੜਾਕੂ ਜਹਾਜ਼ ਤੇ ਹੋਰ ਹਥਿਆਰ ਤਾਇਨਾਤ ਕਰ ਦਿੱਤੇ ਹਨ। ਇਹ ਏਅਰਬੇਸ ਪੂਰਬੀ ਲੱਦਾਖ ਤੋਂ 310 ਕਿਲੋਮੀਟਰ ਦੀ ਦੂਰੀ ’ਤੇ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤ ਨੇ ਵੀ ਪੂਰਬੀ ਲੱਦਾਖ ਤੇ ਐਲਏਸੀ ਨੇੜਲੇ ਏਅਰਬੇਸ ’ਤੇ ਸੁਖੋਈ 30 ਐਮਕੇਆਈ, ਜੈਗੁਆਰ ਤੇ ਮਿਰਾਜ 2000 ਲੜਾਕੂ ਜਹਾਜ਼ ਤਾਇਨਾਤ ਕੀਤੇ ਹੋਏ ਹਨ।

Previous articleਮਾਸਟਰ ਮੱਖਣ ਸਿੰਘ ਬੇਗੋਵਾਲ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
Next articleਮੌਨਸੂਨ ਇਜਲਾਸ: ਕੋਈ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਨਹੀਂ