ਭਾਰਤ-ਚੀਨ ਫ਼ੌਜਾਂ ਸਰਹੱਦੀ ਵਿਵਾਦ ਸੁਲਝਾਉਣ ’ਚ ਜੁਟੀਆਂ: ਨਰਵਾਣੇ

ਦੇਹਰਾਦੂਨ (ਸਮਾਜਵੀਕਲੀ): ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਗੱਲਬਾਤ ‘ਬਹੁਤ ਲਾਹੇਵੰਦ’ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ  ਪੜਾਅਵਾਰ ਢੰਗ ਨਾਲ ਪਿੱਛੇ ਹਟਣ ਲਈ ਗੱਲਬਾਤ ਕਰ ਰਹੀਆਂ ਹਨ ਜਿਸ ਦੀ ਸ਼ੁਰੂਆਤ ਗਲਵਾਨ ਵਾਦੀ ਤੋਂ ਹੋ ਗਈ ਹੈ।

ਖਿੱਤੇ ’ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਟਕਰਾਅ ਤੋਂ ਬਾਅਦ ਪਹਿਲੀ ਵਾਰ ਭਾਰਤੀ ਥਲ ਸੈਨਾ ਮੁਖੀ ਦਾ ਇਹ ਬਿਆਨ ਆਇਆ ਹੈ। ਇਸ ਦੇ ਨਾਲ ਖਿੱਤੇ ’ਚੋਂ ਆਪਸੀ ਸਹਿਮਤੀ ਨਾਲ ਫ਼ੌਜ ਪਿੱਛੇ ਹਟਾਉਣ ਦੀ ਇਹ ਪਹਿਲੀ ਸਰਕਾਰੀ ਪੁਸ਼ਟੀ ਹੈ।

ਜਨਰਲ ਨਰਵਾਣੇ ਨੇ ਕਿਹਾ ਕਿ ਚੀਨ ਨਾਲ ਲਗਦੀ ਮੁਲਕ ਦੀ ਸਰਹੱਦ ’ਤੇ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹਨ ਅਤੇ ਉਮੀਦ ਜਤਾਈ ਕਿ ਦੋਵੇਂ ਮੁਲਕਾਂ ਵਿਚਕਾਰ ਜਾਰੀ ਗੱਲਬਾਤ ਨਾਲ ਸਾਰੇ ਮੱਤਭੇਦ ਸੁਲਝ ਜਾਣਗੇ। ਉਹ ਇਥੇ ਅੱਜ ਇੰਡੀਅਨ ਮਿਲਟਰੀ ਅਕੈਡਮੀ (ਆਈਐੱਮਏ) ਦੀ ਪਾਸਿੰਗ ਆਊਟ ਪਰੇਡ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਜਨਰਲ ਨਰਵਾਣੇ ਨੇ ਕਿਹਾ,‘‘ਦੋਵੇਂ ਮੁਲਕ ਪੜਾਅਵਾਰ ਤਰੀਕੇ ਨਾਲ ਟਕਰਾਅ ਦੇ ਹਾਲਾਤ ਤੋਂ ਬਚ ਰਹੇ ਹਨ। ਅਸੀਂ ਉੱਤਰ ਤੋਂ ਗਲਵਾਨ ਘਾਟੀ ਖੇਤਰ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ। ਗੱਲਬਾਤ ਉਸਾਰੂ ਰਹੀ ਹੈ। ਇਹ ਅੱਗੇ ਵੀ ਜਾਰੀ ਰਹੇਗੀ ਅਤੇ ਹਾਲਾਤ ’ਚ ਹੋਰ ਸੁਧਾਰ ਹੋਵੇਗਾ।’’

ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵਿਚਕਾਰ ਟਕਰਾਅ ’ਤੇ ਨਜ਼ਰ ਰੱਖਣ ਵਾਲੇ ਹਲਕਿਆਂ ਦਾ ਕਹਿਣਾ ਹੈ ਕਿ ਅਜੇ ਤੱਕ ਅਜਿਹੇ ਕੋਈ ਸਬੂਤ ਨਹੀਂ ਮਿਲੇ ਹਨ ਕਿ ਗਲਵਾਨ ਵਾਦੀ ’ਚ ਅਸਲ ਕੰਟਰੋਲ ਰੇਖਾ ’ਤੇ ਭਾਰਤੀ ਇਲਾਕੇ ’ਚੋਂ ਚੀਨੀ ਫ਼ੌਜ ਪਿੱਛੇ ਹਟ ਗਈ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਪੂਰਬੀ ਲੱਦਾਖ ਸਮੇਤ ਸਿੱਕਮ, ਉੱਤਰਾਖੰਡ ਅਤੇ ਅਰੁਣਾਚਲ ਪ੍ਰਦੇਸ਼ ’ਚ ਅਸਲ ਕੰਟਰੋਲ ਰੇਖਾ ’ਤੇ ਫ਼ੌਜ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੀ।

Previous articleਬਾਹਰੋਂ ਆਊਣ ਵਾਲਿਆਂ ’ਤੇ ਹੋਵੇਗੀ ਸਖ਼ਤੀ: ਅਮਰਿੰਦਰ
Next articleਸਰਕਾਰ ਪੈਟਰੋਲ ਅਤੇ ਡੀਜ਼ਲ ’ਤੇ ਟੈਕਸ ਠੋਕ ਕੇ ਆਮ ਆਦਮੀ ’ਤੇ ਪਾ ਰਹੀ ਹੈ ਬੋਝ: ਕਾਂਗਰਸ