ਭਾਰਤ-ਚੀਨ ਪੰਜ ਨੁਕਾਤੀ ਖ਼ਾਕੇ ’ਤੇ ਸਹਿਮਤ

ਨਵੀਂ ਦਿੱਲੀ (ਸਮਾਜ ਵੀਕਲੀ) : ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਟਕਰਾਅ ਨੂੰ ਸੁਲਝਾਊਣ ਲਈ ਭਾਰਤ ਅਤੇ ਚੀਨ ਪੰਜ ਨੁਕਾਤੀ ਖਾਕੇ ’ਤੇ ਸਹਿਮਤ ਹੋ ਗਏ ਹਨ। ਇਨ੍ਹਾਂ ’ਚ ਪੂਰਬੀ ਲੱਦਾਖ ਦੇ ਸਰਹੱਦੀ ਇਲਾਕਿਆਂ ’ਚੋਂ ਫ਼ੌਜਾਂ ਨੂੰ ਫ਼ੌਰੀ ਪਿੱਛੇ ਹਟਾਊਣਾ, ਅਜਿਹੀ ਕਿਸੇ ਕਾਰਵਾਈ ਤੋਂ ਗੁਰੇਜ਼ ਕਰਨਾ ਜਿਸ ਨਾਲ ਤਣਾਅ ਵਧੇ ਅਤੇ ਅਸਲ ਕੰਟਰੋਲ ਰੇਖਾ ’ਤੇ ‘ਅਮਨੋ ਅਮਾਨ’ ਦੀ ਬਹਾਲੀ ਜਿਹੇ ਕਦਮ ਸ਼ਾਮਲ ਹਨ।

ਦੋਵੇਂ ਮੁਲਕਾਂ ਨੇ ਮੰਨਿਆ ਕਿ ਸਰਹੱਦ ’ਤੇ ਮੌਜੂਦਾ ਹਾਲਾਤ ਕਿਸੇ ਵੀ ਧਿਰ ਦੇ ਹਿੱਤ ’ਚ ਨਹੀਂ ਹਨ। ਸਰਕਾਰੀ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਊਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ਵਿਚਕਾਰ ਵੀਰਵਾਰ ਸ਼ਾਮ ਮਾਸਕੋ ’ਚ ‘ਖੁੱਲ੍ਹੀ ਅਤੇ ਊਸਾਰੂ’ ਵਾਰਤਾ ਦੌਰਾਨ ਇਹ ਸਹਿਮਤੀ ਬਣੀ। ਊਨ੍ਹਾਂ ਦੱਸਿਆ ਕਿ ਭਾਰਤ ਨੇ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ਨੇੜੇ ਚੀਨ ਵੱਲੋਂ ਵੱਡੀ ਗਿਣਤੀ ’ਚ ਫ਼ੌਜ ਅਤੇ ਸਾਜ਼ੋ-ਸਾਮਾਨ ਦੀ ਤਾਇਨਾਤੀ ਦਾ ਮਾਮਲਾ ਊਠਾਇਆ। ਸੂਤਰਾਂ ਨੇ ਦੱਸਿਆ ਕਿ ਚੀਨੀ ਧਿਰ ਇਸ ਸਬੰਧੀ ਭਰੋਸੇ ਲਾਇਕ ਜਵਾਬ ਨਹੀਂ ਦੇ ਸਕੀ। ਸ੍ਰੀ ਜੈਸ਼ੰਕਰ ਅਤੇ ਵਾਂਗ ਯੀ ਨੇ ਸ਼ੰਘਾਈ ਸਹਿਯੋਗ ਸੰਗਠਨ ਦੀ ਬੈਠਕ ਤੋਂ ਵੱਖਰੇ ਤੌਰ ’ਤੇ ਮੁਲਾਕਾਤ ਕੀਤੀ ਜੋ ਕਰੀਬ ਢਾਈ ਘੰਟੇ ਤੱਕ ਚੱਲੀ।

ਸਰਕਾਰੀ ਸੂਤਰਾਂ ਨੇ ਦੱਸਿਆ ਕਿ ਪੰਜ-ਸੂਤਰੀ ਸਮਝੌਤਾ ਮੌਜੂਦਾ ਹਾਲਾਤ ਨੂੰ ਲੈ ਕੇ ਦੋਵੇਂ ਮੁਲਕਾਂ ਦੇ ਨਜ਼ਰੀਏ ਦਾ ਮਾਰਗ ਦਰਸ਼ਨ ਕਰੇਗਾ। ਦੋਵੇਂ ਮੁਲਕਾਂ ਵਿਚਕਾਰ ਇਸ ਗੱਲ ’ਤੇ ਵੀ ਸਹਿਮਤੀ ਬਣੀ ਕਿ ਫ਼ੌਜ ਇਕ-ਦੂਜੇ ਤੋਂ ਢੁੱਕਵੀਂ ਦੂਰੀ ਬਣਾ ਕੇ ਰੱਖੇਗੀ ਅਤੇ ਅਸਲ ਕੰਟਰੋਲ ਰੇਖਾ ਦੇ ਪ੍ਰਬੰਧਨ ਸਬੰਧੀ ਸਾਰੇ ਮੌਜੂਦਾ ਸਮਝੌਤਿਆਂ ਤੇ ਪ੍ਰੋਟੋਕੋਲ ਦਾ ਪਾਲਣ ਹੋਣਾ ਚਾਹੀਦਾ ਹੈ। ਸਾਂਝੇ ਬਿਆਨ ਮੁਤਾਬਕ ਜੈਸ਼ੰਕਰ ਅਤੇ ਵਾਂਗ ਨੇ ਸਹਿਮਤੀ ਜਤਾਈ ਕਿ ਦੋਵੇਂ ਧਿਰਾਂ ਨੂੰ ਭਾਰਤ-ਚੀਨ ਸਬੰਧਾਂ ਨੂੰ ਵਿਕਸਤ ਕਰਨ ਲਈ ਆਪਣੇ ਆਗੂਆਂ ਵਿਚਕਾਰ ਬਣੀ ਆਮ ਸਹਿਮਤੀ ਤੋਂ ਮਾਰਗ ਦਰਸ਼ਨ ਲੈਣਾ ਚਾਹੀਦਾ ਹੈ ਜਿਸ ’ਚ ਮੱਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣਾ ਸ਼ਾਮਲ ਹੈ।

ਇਸ ਗੱਲ ਦਾ ਇਸ਼ਾਰਾ 2018 ਅਤੇ 2019 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋੲੇ ਗੈਰ-ਰਸਮੀ ਸਿਖਰ ਸੰਮੇਲਨ ਵੱਲ ਸੀ। ਸਾਂਝੇ ਬਿਆਨ ’ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਭਾਰਤ-ਚੀਨ ਸਰਹੱਦੀ ਮਾਮਲਿਆਂ ’ਤੇ ਵਿਸ਼ੇਸ਼ ਪ੍ਰਤੀਨਿਧ ਤੰਤਰ ਰਾਹੀਂ ਸੰਵਾਦ ਅਤੇ ਸੰਚਾਰ ਜਾਰੀ ਰੱਖਣ ’ਤੇ ਵੀ ਸਹਿਮਤੀ ਜਤਾਈ।

ਊਧਰ ਪੇਈਚਿੰਗ ’ਚ ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਵਾਂਗ ਨੇ ਜੈਸ਼ੰਕਰ ਨੂੰ ਕਿਹਾ ਕਿ ਦੋਵੇਂ ਮੁਲਕਾਂ ਵਿਚਕਾਰ ਮੱਤਭੇਦ ਹੋਣਾ ਆਮ ਗੱਲ ਹੈ ਪਰ ਊਸ ਨੂੰ ਢੁੱਕਵੇਂ ਸੰਦਰਭ ’ਚ ਸਮਝਣਾ ਅਤੇ ਆਗੂਆਂ ਤੋਂ ਮਾਰਗ ਦਰਸ਼ਨ ਲੈਣਾ ਅਹਿਮ ਹੈ। ਵਾਂਗ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੋਵੇਂ ਵੱਡੇ ਵਿਕਾਸਸ਼ੀਲ ਮੁਲਕ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ ਅਤੇ ਅਜਿਹੇ ’ਚ ਭਾਰਤ ਅਤੇ ਚੀਨ ਨੂੰ ਟਕਰਾਅ ਦੀ ਬਜਾਏ ਸਹਿਯੋਗ ਅਤੇ ਅੰਦੇਸ਼ਿਆਂ ਦੀ ਬਜਾਏ ਆਪਸੀ ਭਰੋਸੇ ਦੀ ਲੋੜ ਹੈ। ਊਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧ ਇਕ ਵਾਰ ਫਿਰ ਲੀਹ ਤੋਂ ਲੱਥ ਗਏ ਹਨ ਪਰ ਜੇਕਰ ਦੋਵੇਂ ਧਿਰਾਂ ਸਹੀ ਦਿਸ਼ਾ ਵੱਲ ਅੱਗੇ ਵਧਣਾ ਜਾਰੀ ਰੱਖਦੇ ਹਨ ਤਾਂ ਅਜਿਹੀ ਕੋਈ ਮੁਸ਼ਕਲ ਜਾਂ ਚੁਣੌਤੀ ਨਹੀਂ ਹੋਵੇਗੀ ਜਿਸ ਦਾ ਹੱਲ ਨਾ ਕੱਢਿਆ ਜਾ ਸਕੇ।

ਭਾਰਤ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਵਾਰਤਾ ਦੌਰਾਨ ਭਾਰਤੀ ਧਿਰ ਨੇ ਅਸਲ ਕੰਟਰੋਲ ਰੇਖਾ ਨੇੜੇ ਚੀਨੀ ਫ਼ੌਜ ਦੀ ਤਾਇਨਾਤੀ ’ਤੇ ਇਤਰਾਜ਼ ਜਤਾਊਂਦਿਆਂ ਕਿਹਾ ਕਿ ਇਹ 1993 ਅਤੇ 1996 ਦੇ ਦੁਵੱਲੇ ਸਮਝੌਤਿਆਂ ਮੁਤਾਬਕ ਨਹੀਂ ਹੈ। ਭਾਰਤੀ ਵਫ਼ਦ ਨੇ ਚੀਨੀ ਧਿਰ ਨੂੰ ਇਹ ਵੀ ਦੱਸਿਆ ਕਿ ਐੱਲਏਸੀ ’ਤੇ ਸੰਘਰਸ਼ ਵਾਲੇ ਖੇਤਰਾਂ ’ਚ ਪੀਐੱਲਏ ਦੀ ਭੜਕਾਹਟ ਵਾਲੀ ਕਾਰਵਾਈ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕੋਲ ਦਾ ਅਨਾਦਰ ਹੈ। ਵਿਦੇਸ਼ ਮੰਤਰੀ ਨੇ ਆਪਣੇ ਚੀਨੀ ਹਮਰੁਤਬਾ ਨੂੰ ਕਿਹਾ ਕਿ ਲੱਦਾਖ ’ਚ ਵਾਪਰੀਆਂ ਘਟਨਾਵਾਂ ਨਾਲ ਦੁਵੱਲੇ ਰਿਸ਼ਤਿਆਂ ਦੇ ਵਿਕਾਸ ’ਤੇ ਅਸਰ ਪਿਆ ਹੈ ਅਤੇ ਇਸ ਦਾ ਫੌਰੀ ਹੱਲ ਭਾਰਤ ਤੇ ਚੀਨ ਦੇ ਹਿੱਤਾਂ ਲਈ ਜ਼ਰੂਰੀ ਹੈ।

Previous articleਦੇਸ਼ ਨੂੰ ਭਵਿੱਖ ਮੁਖੀ ਬਣਾਏਗੀ ਨਵੀਂ ਸਿੱਖਿਆ ਨੀਤੀ: ਮੋਦੀ
Next articleਜੇਈਈ (ਮੇਨ) ਦੇ ਨਤੀਜੇ ਦਾ ਐਲਾਨ