ਭਾਰਤ ਖ਼ਿਲਾਫ਼ ਵਿੰਡੀਜ਼ ਨੇ ਟੀ-20 ਲੜੀ ਬਰਾਬਰ ਕੀਤੀ

ਤਿਰੂਵਨੰਤਪੁਰਮ- ਲੈਂਡਲ ਸਿਮਨਜ਼ ਦੇ ਤੇਜ਼ਤਰਾਰ ਨੀਮ-ਸੈਂਕੜੇ ਦੀ ਬਦੌਲਤ ਵੈਸਟ ਇੰਡੀਜ਼ ਨੇ ਅੱਜ ਇੱਥੇ ਦੂਜੇ ਮੁਕਾਬਲੇ ਵਿੱਚ ਭਾਰਤ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਟੀ-20 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਸ਼ਿਵਮ ਦੂਬੇ ਦੇ ਹਮਲਾਵਰ ਨੀਮ-ਸੈਂਕੜੇ ਅਤੇ ਭਾਰਤ ਦੇ ਪ੍ਰਮੁੱਖ ਬੱਲੇਬਾਜ਼ਾਂ ਦੀ ਨਾਕਾਮੀ ਕਾਰਨ ਮੇਜ਼ਬਾਨ ਟੀਮ ਸੱਤ ਵਿਕਟਾਂ ’ਤੇ 170 ਦੌੜਾਂ ਹੀ ਬਣਾ ਸਕੀ। ਸਲਾਮੀ ਬੱਲੇਬਾਜ ਸਿਮਨਜ਼ ਦੇ ਸ਼ਾਨਦਾਰ ਨੀਮ-ਸੈਂਕੜੇ ( 45 ਗੇਂਦਾਂ ’ਤੇ 67 ਦੌੜਾਂ) ਦੀ ਬਦੌਲਤ ਮਹਿਮਾਨ ਟੀਮ ਨੇ ਇਹ ਟੀਚਾ ਦੋ ਵਿਕਟਾਂ ਗੁਆ ਕੇ 18.3 ਓਵਰਾਂ ਵਿੱਚ ਹੀ ਪੂਰਾ ਕਰ ਲਿਆ। ਐਵਿਨ ਲੂਈਸ (35 ਗੇਂਦਾਂ ’ਤੇ 40 ਦੌੜਾਂ) ਸਿਮਰਨ ਹੈਟਮਾਇਰ (14 ਗੇਂਦਾਂ ’ਤੇ 23 ਦੌੜਾਂ) ਨੇ ਵੀ ਹਮਲਾਵਰ ਪਾਰੀਆਂ ਖੇਡੀਆਂ। ਸਿਮਨਜ਼ ਨੇ ਨਿਕੋਲਸ ਪੂਰਨ ਨਾਲ ਮਿਲ ਕੇ (18 ਗੇਂਦਾਂ ’ਚ ਨਾਬਾਦ 38 ਦੌੜਾਂ) ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਤੀਜੇ ਨੰਬਰ ’ਤੇ ਬੱਲੇਬਾਜ਼ੀ ਲਈ ਸ਼ਿਵਮ ਨੇ ਮੌਕਾ ਦਾ ਪੂਰਾ ਲਾਹਾ ਲਿਆ ਅਤੇ 30 ਗੇਂਦਾਂ ਵਿੱਚ 54 ਦੌੜਾਂ ਬਣਾਈਆਂ, ਜਿਸ ਵਿੱਚ ਤਿੰਨ ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਉਸ ਮਗਰੋਂ ਦੂਜਾ ਸਰਵੋਤਮ ਸਕੋਰ ਰਿਸ਼ਭ ਪੰਤ (22 ਗੇਂਦਾਂ ’ਤੇ ਨਾਬਾਦ 33 ਦੌੜਾਂ) ਦਾ ਰਿਹਾ। ਵੈਸਟ ਇੰਡੀਜ਼ ਵੱਲੋਂ ਹੇਡਨ ਵਾਲਸ਼ (28 ਦੌੜਾਂ ਦੇ ਕੇ) ਅਤੇ ਕੇਸਰਿਕ ਵਿਲੀਅਮਜ਼ (30 ਦੌੜਾਂ ਦੇ ਕੇ) ਨੇ ਦੋ-ਦੋ ਵਿਕਟਾਂ ਲਈਆਂ। ਭਾਰਤ ਆਖ਼ਰੀ ਚਾਰ ਓਵਰਾਂ ਵਿੱਚ ਸਿਰਫ਼ 26 ਦੌੜਾਂ ਹੀ ਬਣਾ ਸਕਿਆ। ਭਾਰਤ ਨੇ ਪਹਿਲਾਂ ਟਾਸ ਗੁਆਇਆ ਅਤੇ ਫਿਰ ਅੱਠ ਓਵਰਾਂ ਵਿੱਚ ਦੋਵੇਂ ਸਲਾਮੀ ਬੱਲੇਬਾਜ਼। ਕੇਐੱਲ ਰਾਹੁਲ ਦੇ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਹੈਦਰਾਬਾਦ ਵਿੱਚ ਪਹਿਲਾ ਮੈਚ ਛੇ ਵਿਕਟਾਂ ਨਾਲ ਜਿੱਤਿਆ ਸੀ, ਪਰ ਅੱਜ ਉਹ (11 ਗੇਂਦਾਂ ’ਤੇ 11 ਦੌੜਾਂ) ਉਸੇ ਪ੍ਰਦਰਸ਼ਨ ਨੂੰ ਦੁਹਰਾਉਣ ’ਚ ਨਾਕਾਮ ਰਿਹਾ। ਰੋਹਿਤ ਸ਼ਰਮਾ (18 ਗੇਂਦਾਂ ’ਤੇ 15 ਦੌੜਾਂ) ਲਗਾਤਾਰ ਦੂਜੇ ਮੈਚ ਵਿੱਚ ਵੀ ਚੱਲ ਨਹੀਂ ਸਕਿਆ। ਪਿੱਚ ਹੌਲੀ ਹੋਣ ਕਾਰਨ ਉਹ ਟਿਕ ਕੇ ਨਹੀਂ ਖੇਡ ਸਕਿਆ ਅਤੇ ਜੇਸਨ ਹੋਲਡਰ ਦੀ ਗੇਂਦ ’ਤੇ ਆਊਟ ਹੋ ਗਿਆ। ਦੂਬੇ ਨੇ ਹੋਲਡਰ ਦੀਆਂ ਗੇਂਦਾਂ ’ਤੇ ਛੱਕਾ ਅਤੇ ਚੌਕਾ ਮਾਰਿਆ ਅਤੇ ਫਿਰ ਕੀਰੋਨ ਪੋਲਾਰਡ ਦੇ ਇੱਕ ਓਵਰ ਵਿੱਚ ਤਿੰਨ ਛੱਕੇ ਜੜੇ। ਮੁੰਬਈ ਦੇ ਹਰਫ਼ਨਮੌਲਾ ਨੇ ਸਿਰਫ਼ 27 ਗੇਂਦਾਂ ’ਤੇ ਆਪਣਾ ਪਹਿਲਾ ਟੀ-20 ਕੌਮਾਂਤਰੀ ਨੀਮ ਸੈਂਕੜਾ ਪੂਰਾ ਕੀਤਾ, ਪਰ ਇਸ ਤੋਂ ਤੁਰੰਤ ਮਗਰੋਂ ਕੈਚ ਦੇ ਬੈਠਿਆ। ਕਪਤਾਨ ਵਿਰਾਟ ਕੋਹਲੀ ਵੀ ਟਿਕ ਕੇ ਨਹੀਂ ਖੇਡ ਸਕਿਆ। ਉਹ 17 ਗੇਂਦਾਂ ਵਿੱਚ ਸਿਰਫ਼ 19 ਦੌੜਾਂ ਹੀ ਬਣਾ ਸਕਿਆ। ਸ਼੍ਰੇਅਸ ਅਈਅਰ (ਦਸ ਦੌੜਾਂ) ਵੀ ਨਹੀਂ ਚੱਲਿਆ। ਵਾਲਸ਼ ਨੇ ਉਸ ਨੂੰ ਕੈਚ ਕਰਵਾ ਕੇ ਆਪਣੀ ਦੂਜੀ ਵਿਕਟ ਲਈ। ਰਵਿੰਦਰ ਜਡੇਜਾ (11 ਗੇਂਦਾਂ ’ਤੇ ਨੌਂ ਦੌੜਾਂ) ਵੀ ਡੈੱਥ ਓਵਰਾਂ ਵਿੱਚ ਬੱਲੇਬਾਜ਼ੀ ਨਹੀਂ ਕਰ ਸਕਿਆ। ਸ਼ੈਲਡਨ ਕੋਟਰੇਲ ਨੇ ਵਾਸ਼ਿੰਗਟਨ ਸੁੰਦਰ (ਸਿਫ਼ਰ) ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ।

Previous articleਭਾਰਤ ਨੇ ਤਿਕੋਣੀ ਹਾਕੀ ਲੜੀ ਜਿੱਤੀ
Next articleਰਾਜਨੀਤੀ ਨੂੰ ‘ਸੇਵਾ’ ਸਮਝ ਕੇ ਨਿਭਾਉਣਾ ਚਾਹੀਦੈ: ਬਾਦਲ