ਭਾਰਤ-ਆਸਟਰੇਲੀਆ ਵਿਚਕਾਰ ਇਤਿਹਾਸਕ ਰੱਖਿਆ ਸਮਝੌਤਾ

ਫ਼ੌਜਾਂ ਇਕ-ਦੂਜੇ ਦੇ ਅੱਡਿਆਂ ਦੀ ਵਰਤੋਂ ਮੁਰੰਮਤ ਅਤੇ ਸਪਲਾਈ ਹਾਸਲ ਕਰਨ ਲਈ ਕਰ ਸਕਣਗੀਆਂ

ਨਵੀਂ ਦਿੱਲੀ (ਸਮਾਜਵੀਕਲੀ): ਭਾਰਤ ਅਤੇ ਆਸਟਰੇਲੀਆ ਨੇ ਇਕ-ਦੂਜੇ ਦੇ ਫ਼ੌਜੀ ਅੱਡਿਆਂ ਤੱਕ ਸਾਜ਼ੋ ਸਾਮਾਨ ਦੀ ਪਹੁੰਚ ਲਈ ਇਤਿਹਾਸਕ ਰੱਖਿਆ ਸਮਝੌਤਾ ਕੀਤਾ ਹੈ। ਇਸ ਤੋਂ ਇਲਾਵਾ ਦੋਵੇਂ ਮੁਲਕਾਂ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਛੇ ਹੋਰ ਸਮਝੌਤੇ ਸਹੀਬੰਦ ਕੀਤੇ ਗਏ ਹਨ। ਇਹ ਸਮਝੌਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਸਕੌਟ ਮੌਰੀਸਨ ਵਿਚਕਾਰ ਹੋਏ ਆਨਲਾਈਨ ਸਿਖਰ ਸੰਮੇਲਨ ਦੌਰਾਨ ਕੀਤੇ ਗਏ।

ਮਿਊਚਲ ਲੌਜਿਸਟਿਕਸ ਸਪੋਰਟ ਐਗਰੀਮੈਂਟ ਨਾਲ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਇਕ-ਦੂਜੇ ਦੇ ਅੱਡਿਆਂ ਦੀ ਵਰਤੋਂ ਮੁਰੰਮਤ ਅਤੇ ਸਪਲਾਈ ਹਾਸਲ ਕਰਨ ਲਈ ਕਰ ਸਕਣਗੀਆਂ। ਦੋਵੇਂ ਮੁਲਕਾਂ ’ਚ ਚੌਤਰਫਾ ਰੱਖਿਆ ਸਹਿਯੋਗ ਵੀ ਵਧਾਇਆ ਜਾਵੇਗਾ। ਭਾਰਤ ਨੇ ਅਜਿਹੇ ਸਮਝੌਤੇ ਅਮਰੀਕਾ, ਫਰਾਂਸ ਅਤੇ ਸਿੰਗਾਪੁਰ ਨਾਲ ਕੀਤੇ ਹੋਏ ਹਨ।

ਹੋਰ ਸਮਝੌਤਿਆਂ ਤਹਿਤ ਸਾਈਬਰ, ਮਾਈਨਿੰਗ ਅਤੇ ਮਿਨਰਲ, ਮਿਲਟਰੀ ਤਕਨਾਲੋਜੀ, ਵੋਕੇਸ਼ਨਲ ਐਜੂਕੇਸ਼ਨ ਅਤੇ ਜਲ ਸਰੋਤ ਪ੍ਰਬੰਧਨ ਦੇ ਖੇਤਰਾਂ ’ਚ ਦੁਵੱਲਾ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਵਿਆਪਕ ਰਣਨੀਤਕ ਭਾਈਵਾਲੀ ਤਹਿਤ ਦੋਵੇਂ ਮੁਲਕਾਂ ਨੇ ਦੋ ਜਮ੍ਹਾਂ ਦੋ ਵਾਰਤਾ ਨੂੰ ਵੀ ਅਪਗਰੇਡ ਕੀਤਾ ਹੈ। ਇਸ ’ਚ ਵਿਦੇਸ਼ ਅਤੇ ਰੱਖਿਆ ਸਕੱਤਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Previous articleਪ੍ਰੈਸ ਕੌਂਸਲ ਮੈਂਬਰ ਬੀ ਆਰ ਗੁਪਤਾ ਵੱਲੋਂ ਅਸਤੀਫ਼ਾ
Next articleਗੂਗਲ ਵੱਲੋਂ ਨਸਲਵਾਦ ਦੇ ਟਾਕਰੇ ਲਈ 3.7 ਕਰੋੜ ਡਾਲਰ ਦੇਣ ਦਾ ਅਹਿਦ