ਭਾਰਤ ਅਤੇ ਚੀਨ ਹੁਣ ‘ਵਿਕਾਸਸ਼ੀਲ ਮੁਲਕ’ ਨਹੀਂ: ਟਰੰਪ

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਭਾਰਤ ਅਤੇ ਚੀਨ ਹੁਣ ‘ਵਿਕਾਸਸ਼ੀਲ ਦੇਸ਼’ ਨਹੀਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਦੋਵੇਂ ਮੁਲਕ ਵਿਸ਼ਵ ਵਪਾਰ ਸੰਸਥਾ (ਡਬਲਿਯੂਟੀਓ) ਵਲੋਂ ਦਿੱਤੇ ਦਰਜੇ ਦਾ ‘ਲਾਹਾ’ ਲੈ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਭਵਿੱਖ ਵਿੱਚ ਅਜਿਹਾ ਨਹੀਂ ਹੋਣ ਦੇਣਗੇ। ਇੱਥੇ ਪਿੱਟਸਬਰਗ ਵਿੱਚ ਪ੍ਰਚਾਰ ਰੈਲੀ ਦੌਰਾਨ ਟਰੰਪ ਨੇ ਕਿਹਾ, ‘‘ਉਹ (ਡਬਲਿਯੂਟੀਓ) ਕਈ ਮੁਲਕਾਂ ਜਿਵੇਂ ਚੀਨ, ਭਾਰਤ…..ਨੂੰ ਵਿਕਾਸਸ਼ੀਲ ਮੁਲਕਾਂ ਵਿੱਚ ਗਿਣਦੇ ਹਨ। ਇਹ ਮੁਲਕ ਕਾਫੀ ਵਿਕਾਸ ਕਰ ਚੁੱਕੇ ਹਨ, ਅਤੇ ਇਹ ਬਹੁਤ ਲਾਹੇ ਵੀ ਲੈ ਚੁੱਕੇ ਹਨ…. ਅਸੀਂ ਭਵਿੱਖ ਵਿੱਚ ਅਜਿਹਾ ਨਹੀਂ ਹੋਣ ਦੇਵਾਂਗੇ…..ਸਾਨੂੰ ਛੱਡ ਕੇ ਹਰ ਕੋਈ ਵਿਕਾਸ ਕਰ ਰਿਹਾ ਹੈ।’’ ਉਨ੍ਹਾਂ ਰੈਲੀ ਦੌਰਾਨ ਕਿਹਾ ਕਿ ਡਬਲਿਯੂਟੀਓ ਵਲੋਂ ਭਾਰਤ ਅਤੇ ਚੀਨ ਨੂੰ ਦਿੱਤੇ ਵਿਕਾਸਸ਼ੀਲ ਮੁਲਕਾਂ ਦੇ ਦਰਜੇ ਦਾ ਦੋਵੇਂ ਮੁਲਕ ਲਾਹਾ ਲੈ ਰਹੇ ਹਨ, ਜਿਸ ਨਾਲ ਅਮਰੀਕਾ ਦਾ ਨੁਕਸਾਨ ਹੋ ਰਿਹਾ ਹੈ। ਮੀਡੀਆ ਰਿਪੋਰਟ ਅਨੁਸਾਰ ਵਾੲ੍ਹੀਟ ਹਾਊਸ ਨੇ ਮੈਮੋਰੰਡਮ ਰਾਹੀਂ ਕਿਹਾ ਕਿ ਚੀਨ ਅਤੇ ਕਈ ਹੋਰ ਮੁਲਕ ਆਪਣੇ ਆਪ ਨੂੰ ਵਿਕਾਸਸ਼ੀਲ ਮੁਲਕਾਂ ਵਜੋਂ ਪੇਸ਼ ਕਰਕੇ ਅਜਿਹੇ ਸਾਰੇ ਲਾਭ ਲੈ ਰਹੇ ਹਨ, ਜੋ ਇਸ ਰੁਤਬੇ ਨਾਲ ਮਿਲਦੇ ਹਨ। ਟਰੰਪ ਨੇ ਕਿਹਾ ਕਿ ਜੇਕਰ ਡਬਲਿਯੂਟੀਓ ਕੁਝ ਮੁਲਕਾਂ ਦਾ ਪੱਖ ਪੂਰਦੀਆਂ ਚੋਰ-ਮੋਰੀਆਂ ਨਹੀਂ ਭਰਦਾ ਤਾਂ ਅਮਰੀਕਾ ਨੂੰ ਇਸ (ਡਬਲਿਯੂਟੀਓ) ਦੀ ਕੋਈ ਲੋੜ ਨਹੀਂ। ਟਰੰਪ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਅਮੀਰ ਮੁਲਕ ਆਪਣੇ-ਆਪ ਨੂੰ ਵਿਕਾਸਸ਼ੀਲ ਦੇਸ਼ ਦੱਸ ਕੇ ਵਿਸ਼ੇਸ਼ ਲਾਭ ਲੈਂਦੇ ਹਨ।

Previous articleਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣਾ ‘ਰਣਨੀਤਕ ਭੁੱਲ’: ਇਮਰਾਨ
Next articleਲੰਙੇਆਣਾ ਵਿੱਚੋਂ ਠੇਕਾ ਚੁਕਾਉਣ ਲਈ ਮੁਜ਼ਾਹਰਾ