ਭਾਰਤੀ ਸੈਨਾ ਢੁਕਵਾਂ ਜਵਾਬ ਦੇਣ ਦੇ ਸਮਰੱਥ:ਰਾਜਨਾਥ ਸਿੰਘ

ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤ ਕਦੇ ਵੀ ਹਮਲਾ ਨਹੀਂ ਕਰੇਗਾ ਪਰ ਇਸ ਦੀਆਂ ਸੈਨਾਵਾਂ ਉਨ੍ਹਾਂ ਨੂੰ ਢੁੱਕਵਾਂ ਜਵਾਬ ਦੇਣ ਦੇ ਸਮਰੱਥ ਹਨ, ਜੋ ਇਸ ਉੱਤੇ ਮਾੜੀ ਨਜ਼ਰ ਰੱਖਦੇ ਹਨ। ਜਲ ਸੈਨਾ ਦੇ ਕਮਾਂਡਰਾਂ ਦੀ ਕਾਨਫਰੰਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਲ ਸੈਨਾ ਨੇ ਇਹ ਯਕੀਨੀ ਬਣਾਇਆ ਹੈ ਕਿ 26/11 ਦੁਹਰਾਇਆ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤ ਕਦੇ ਵੀ ਹਮਲਾਵਰ ਨਹੀਂ ਰਿਹਾ ਹੈ। ਉਨ੍ਹਾਂ ਜਲ ਸੈਨਾ ਦੇ ਕਮਾਂਡਰਾਂ ਦੀ ਅਗਵਾਈ ਵਿੱਚ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਤੁਹਾਡੀ ਅਗਵਾਈ ਵਿੱਚ ਭਾਰਤੀ ਜਲ ਖੇਤਰ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਲ ਸੈਨਾ ਭਾਰਤ ਵਿੱਚ ਬਣੇ ਹਥਿਆਰਾਂ ਅਤੇ ਔਜਾਰਾਂ ਨੂੰ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਸੈਨਾ ਦੇ ਤਿੰਨਾਂ ਅੰਗਾਂ ਨੇ ਵਿਦੇਸ਼ਾਂ ਉੱਤੇ ਨਿਰਭਰਤਾ ਘਟਾਈ ਹੈ।
ਜਲ ਸੈਨਾ ਕਮਾਂਡਰਾਂ ਦੀ ਦੂਜੀ ਤਿੰਨ ਰੋਜ਼ਾ ਕਾਨਫਰੰਸ ਵਿੱਚ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਭਾਰਤ ਦੇ ਸੰਸਕਾਰਾਂ ਵਿੱਚ ਹੈ ਕਿ ਭਾਰਤ ਨੇ ਕਦੇ ਵੀ ਕਿਸੇ ਦੇਸ਼ ਉੱਤੇ ਹਮਲਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇਸ਼ ਦੀ ਇੱਕ ਵੀ ਇੰਚ ਜ਼ਮੀਨ ਉੱਤੇ ਕਬਜ਼ਾ ਕੀਤਾ ਹੈ ਪਰ ਸਾਡੀਆਂ ਹਥਿਆਰਬੰਦ ਸੈਨਾਵਾਂ ਸਾਡੇ ਉੱਤੇ ਜੋ ਵੀ ਕਹਿਰੀ ਨਜ਼ਰ ਰੱਖੇਗਾ, ਉਸ ਨੂੰ ਢੁਕਵਾਂ ਜਵਾਬ ਦੇਣ ਦੇ ਸਮਰੱਥ ਹਨ। ਉਹ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦੇ ਵੱਲੋਂ ਦਿੱਤੀ ਪਰਮਾਣੂ ਹਮਲੇ ਦੀ ਧਮਕੀ ਸਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਦਾ ਜਵਾਬ ਦਿੰਦਿਆਂ ਭਾਰਤ ਨੇ ਐਤਵਾਰ ਨੂੰ ਤੋਪਖਾਨੇ ਨਾਲ ਭਾਰੀ ਗੋਲੀਬਾਰੀ ਕਰਕੇ ਪਾਕਿ ਚੌਕੀਆਂ ਤਬਾਹ ਕਰ ਦਿੱਤੀਆਂ।

Previous articleਚੋਣਾਂ ’ਚ ਪਸੀਨਾ ਵਹਾਉਣ ਮਗਰੋਂ ਹੁਣ ਰੱਬ ’ਤੇ ਟੇਕ
Next articleਖਹਿਰਾ ਨੇ ਨਾਟਕੀ ਢੰਗ ਨਾਲ ਅਸਤੀਫ਼ਾ ਵਾਪਸ ਲਿਆ