ਭਾਰਤੀ ਫ਼ੌਜ ਨੇ ਲਾਪਤਾ ਨੌਜਵਾਨ ਦਾ ਪਤਾ ਲਾਉਣ ਲਈ ਪੀਐੱਲਏ ਤੋਂ ਸਹਿਯੋਗ ਮੰਗਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ’ਚ ਲਾਪਤਾ ਹੋਏ ਨੌਜਵਾਨ ਮਿਰਾਮ ਤਾਰੋਨ ਦਾ ਪਤਾ ਲਾ ਕੇ ਉਸ ਦੀ ਵਾਪਸੀ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਤੋਂ ਸਹਿਯੋਗ ਮੰਗਿਆ ਹੈ। ਸੂਤਰਾਂ ਮੁਤਾਬਕ ਨੌਜਵਾਨ ਨੂੰ ਤੈਅ ਪ੍ਰੋਟੋਕੋਲ ਮੁਤਾਬਕ ਮੋੜਨ ਲਈ ਕਿਹਾ ਗਿਆ ਹੈ। ਅਰੁਣਾਚਲ ਪ੍ਰਦੇਸ਼ ਦੇ ਸੰਸਦ ਮੈਂਬਰ ਤਾਪਿਰ ਗਾਓ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਪੀਐੱਲਏ ਨੇ 17 ਸਾਲ ਦੇ ਲੜਕੇ ਨੂੰ ਅੱਪਰ ਸਿਆਂਗ ਜ਼ਿਲ੍ਹੇ ਅੰਦਰੋਂ ਅਗਵਾ ਕਰ ਲਿਆ ਹੈ। ਸੂਤਰਾਂ ਨੇ ਕਿਹਾ ਕਿ ਜਿਵੇਂ ਹੀ ਭਾਰਤੀ ਫ਼ੌਜ ਨੂੰ ਤਾਰੋਨ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਹੌਟਲਾਈਨ ਰਾਹੀਂ ਪੀਐੱਲਏ ਨਾਲ ਸੰਪਰਕ ਬਣਾਇਆ ਅਤੇ ਦੱਸਿਆ ਕਿ ਜੜ੍ਹੀ-ਬੂਟੀਆਂ ਇਕੱਠਿਆਂ ਕਰ ਰਿਹਾ ਨੌਜਵਾਨ ਆਪਣਾ ਰਾਹ ਭੁੱਲ ਗਿਆ ਹੈ ਅਤੇ ਉਹ ਨਹੀਂ ਮਿਲ ਰਿਹਾ ਹੈ।

ਸੂਤਰਾਂ ਨੇ ਕਿਹਾ ਕਿ ਪੀਐੱਲਏ ਨੂੰ ਚੀਨੀ ਇਲਾਕੇ ’ਚ ਨੌਜਵਾਨ ਦਾ ਪਤਾ ਲਾ ਕੇ ਉਸ ਦੀ ਪ੍ਰੋਟੋਕੋਲ ਮੁਤਾਬਕ ਵਾਪਸੀ ਲਈ ਸਹਾਇਤਾ ਮੰਗੀ ਗਈ ਹੈ। ਗਾਓ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਨੌਜਵਾਨ ਨੂੰ ਅਗਵਾ ਕਰਨ ਦੀ ਘਟਨਾ ਅਰੁਣਾਚਲ ਪ੍ਰਦੇਸ਼ ’ਚ ਉਸ ਥਾਂ ’ਤੇ ਵਾਪਰੀ ਹੈ ਜਿਥੋਂ ਤਸਾਂਗਪੋ ਦਰਿਆ ਭਾਰਤ ’ਚ ਦਾਖ਼ਲ ਹੁੰਦਾ ਹੈ। ਤਸਾਂਗਪੋ ਨੂੰ ਅਰੁਣਾਚਲ ਪ੍ਰਦੇਸ਼ ’ਚ ਸਿਆਂਗ ਅਤੇ ਅਸਾਮ ’ਚ ਬ੍ਰਹਮਪੁੱਤਰ ਆਖਿਆ ਜਾਂਦਾ ਹੈ। ਸੰਸਦ ਮੈਂਬਰ ਨੇ ਨੌਜਵਾਨ ਨੂੰ ਅਗਵਾ ਕਰਨ ਸਬੰਧੀ ਜਾਣਕਾਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਸਿਥ ਪ੍ਰਮਾਣਿਕ ਨੂੰ ਵੀ ਦਿੱਤੀ ਸੀ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਬੇਨਤੀ ਕੀਤੀ ਸੀ। ਜ਼ਿਕਰਯੋਗ ਹੈ ਕਿ ਸਤੰਬਰ 2020 ’ਚ ਵੀ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਾਨਸਿਰੀ ਜ਼ਿਲ੍ਹੇ ’ਚੋਂ ਪੀਐੱਲਏ ਨੇ ਪੰਜ ਨੌਜਵਾਨਾਂ ਨੂੰ ਅਗਵਾ ਕਰ ਲਿਆ ਸੀ ਅਤੇ ਕਰੀਬ ਇਕ ਹਫ਼ਤੇ ਬਾਅਦ ਉਨ੍ਹਾਂ ਨੂੰ ਰਿਹਾਅ ਕੀਤਾ ਸੀ। ਮੌਜੂਦਾ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਭਾਰਤੀ ਅਤੇ ਚੀਨੀ ਫ਼ੌਜ ਵਿਚਕਾਰ ਅਪਰੈਲ 2020 ਤੋਂ ਪੂਰਬੀ ਲੱਦਾਖ ’ਚ ਟਕਰਾਅ ਚੱਲ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੂਜੀ ਨਾਲੋਂ ਤੀਜੀ ਲਹਿਰ ’ਚ ਕਰੋਨਾ ਕਾਰਨ ਮੌਤਾਂ ਬਹੁਤ ਘੱਟ: ਸਰਕਾਰ
Next articleਪ੍ਰਧਾਨ ਮੰਤਰੀ ਨੂੰ ਕਿਸੇ ਦੀ ਫਿਕਰ ਨਹੀਂ: ਰਾਹੁਲ