ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਦਾ ਜੇਤੂ ਆਗਾਜ਼

ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਅੱਜ ਇੱਥੇ ਆਪੋ-ਆਪਣੇ ਮੁਕਾਬਲੇ ਜਿੱਤ ਕੇ ਓਲੰਪਿਕ ਟੈਸਟ ਟੂਰਨਾਮੈਂਟ ਵਿੱਚ ਜੇਤੂ ਸ਼ੁਰੂਆਤ ਕੀਤੀ। ਭਾਰਤੀ ਮਹਿਲਾ ਹਾਕੀ ਟੀਮ ਨੇ ਮੇਜ਼ਬਾਨ ਜਾਪਾਨ ਨੂੰ 2-1 ਹਰਾਇਆ, ਜਦੋਂਕਿ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 6-0 ਨਾਲ ਕਰਾਰੀ ਸ਼ਿਕਸਤ ਦਿੱਤੀ। ਭਾਰਤੀ ਮਹਿਲਾ ਟੀਮ ਨੇ ਪੈਨਲਟੀ ਕਾਰਨਰ ਮਾਹਿਰ ਗੁਰਜੀਤ ਕੌਰ ਦੀ ਮਦਦ ਨਾਲ ਨੌਵੇਂ ਹੀ ਮਿੰਟ ਵਿੱਚ ਲੀਡ ਬਣਾ ਲਈ ਸੀ, ਪਰ ਮੇਜ਼ਬਾਨ ਟੀਮ ਨੇ 16ਵੇਂ ਮਿੰਟ ਵਿੱਚ ਅਕੀ ਮਿਤਸੁਹਾਸੀ ਦੇ ਮੈਦਾਨੀ ਗੋਲ ਨਾਲ 1-1 ਨਾਲ ਬਰਾਬਰੀ ਹਾਸਲ ਕੀਤੀ। ਗੁਰਜੀਤ ਨੇ ਫਿਰ 35ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੋਂ ਗੋਲ ਦਾਗ਼ਿਆ ਅਤੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ, ਜੋ ਫ਼ੈਸਲਾਕੁਨ ਰਿਹਾ। ਭਾਰਤੀ ਟੀਮ ਨੇ ਹਮਲਾਵਰ ਸ਼ੁਰੂਆਤ ਕੀਤੀ ਅਤੇ ਪਹਿਲੇ ਦਸ ਮਿੰਟ ਵਿੱਚ ਹੀ ਉਸ ਨੂੰ ਕੁੱਝ ਮੌਕੇ ਮਿਲ ਗਏ। ਦੋਵੇਂ ਟੀਮਾਂ ਓਲੰਪਿਕ ਖੇਡਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 16 ਖਿਡਾਰੀਆਂ ਨਾਲ ਖੇਡ ਰਹੀਆਂ ਸਨ। ਦੋਵਾਂ ਨੇ ਸਮੇਂ-ਸਮੇਂ ਪੂਰੇ ਮੈਚ ਦੌਰਾਨ ਖਿਡਾਰੀਆਂ ਨੂੰ ਅੰਦਰ ਅਤੇ ਬਾਹਰ ਕੀਤਾ। ਜਾਪਾਨ ਨੂੰ ਖਿਡਾਰੀ ਬਦਲਣ ਦਾ ਫ਼ਾਇਦਾ ਹੋਇਆ ਅਤੇ 29 ਸਾਲ ਦੀ ਮਿਤਸੁਹਾਸੀ ਨੇ ਟੀਮ ਨੂੰ ਬਰਾਬਰੀ ਦਿਵਾਈ। ਭਾਰਤੀ ਟੀਮ ਜ਼ਿਆਦਾ ਹਮਲੇ ਕਰ ਰਹੀ ਸੀ। ਹਾਲਾਂਕਿ ਦੋਵੇਂ ਟੀਮਾਂ ਇੱਕ-ਦੂਜੇ ਦੀ ਰਣਨੀਤੀ ਨੂੰ ਚੰਗੀ ਤਰ੍ਹਾਂ ਸਮਝ ਰਹੀਆਂ ਸਨ ਕਿਉਂਕਿ ਦੋਵੇਂ ਬੀਤੇ ਦੋ ਸਾਲਾਂ ਵਿੱਚ ਆਪਸ ਵਿੱਚ ਕਈ ਵਾਰ ਖੇਡ ਚੁੱਕੀਆਂ ਹਨ। ਇਸ ਤਰ੍ਹਾਂ ਅੱਧੇ ਮੈਚ ਤੱਕ ਸਕੋਰ 1-1 ਨਾਲ ਰਿਹਾ। ਤੀਜੇ ਕੁਆਰਟਰ ਵਿੱਚ ਭਾਰਤੀ ਟੀਮ ਨੇ ਸ਼ੁਰੂ ਵਿੱਚ ਦਬਦਬਾ ਬਣਾਇਆ ਅਤੇ 35ਵੇਂ ਮਿੰਟ ਵਿੱਚ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕੀਤਾ। 23 ਸਾਲਾ ਗੁਰਜੀਤ ਨੇ ਇਸ ਮੌਕੇ ਦਾ ਫ਼ਾਇਦਾ ਉਠਾਉਂਦਿਆਂ ਇਸ ਨੂੰ ਗੋਲ ਵਿੱਚ ਬਦਲ ਦਿੱਤਾ। ਮੇਜ਼ਬਾਨ ਟੀਮ ਨੇ ਬਚੇ ਹੋਏ ਸਮੇਂ ਦੌਰਾਨ ਬਰਾਬਰੀ ਦੀ ਕੋਸ਼ਿਸ਼ ਕੀਤੀ, ਪਰ ਉਸ ਦੀਆਂ ਖਿਡਾਰਨਾਂ ਮਿਲੇ ਮੌਕਿਆਂ ਨੂੰ ਗੋਲ ਵਿੱਚ ਨਹੀਂ ਬਦਲ ਸਕੀਆਂ।

Previous articlePak rejects request to resume Samjhauta, Thar trains
Next article63 killed in Kabul wedding bombing