ਭਾਰਤੀ ਕ੍ਰਿਕਟ ਟੀਮ ਲਈ ਧੋਨੀ ਤੋਂ ਅੱਗੇ ਸੋਚਣ ਦੀ ਲੋੜ: ਗਾਵਸਕਰ

ਸਾਬਕਾ ਕਪਤਾਨ ਅਤੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦਾ ਮੰਨਣਾ ਹੈ ਕਿ ਅਗਲੇ ਸਾਲ ਆਸਟਰੇਲੀਆ ਵਿੱਚ ਹੋਣ ਵਾਲੇ ਵਿਸ਼ਵ ਟੀ-20 ਕੱਪ ਨੂੰ ਵੇਖਦਿਆਂ ਭਾਰਤੀ ਕ੍ਰਿਕਟ ਲਈ ਹੁਣ ਮਹਿੰਦਰ ਸਿੰਘ ਧੋਨੀ ਤੋਂ ਅੱਗੇ ਬਾਰੇ ਸੋਚਣ ਅਤੇ ਨੌਜਵਾਨ ’ਤੇ ਧਿਆਨ ਦੇਣ ਦਾ ਸਮਾਂ ਆ ਗਿਆ ਹੈ। ਹਾਲਾਂਕਿ ਮੌਜੂਦ ਬਦਲਾਂ ’ਤੇ ਕਾਫ਼ੀ ਬਹਿਸ ਚੱਲ ਰਹੀ ਹੈ ਕਿਉਂਕਿ ਰਿਸ਼ਭ ਪੰਤ ਮਿਲੇ ਮੌਕਿਆਂ ਦਾ ਫ਼ਾਇਦਾ ਨਹੀਂ ਉਠਾ ਸਕਿਆ, ਪਰ ਅਗਲੇ ਸਾਲ ਹੋਣ ਵਾਲੇ ਵਿਸ਼ਵ ਟੀ-20 ਲਈ ਉਹ ਗਾਵਸਕਰ ਦੀ ‘ਪਹਿਲੀ ਪਸੰਦ’ ਹੈ।
ਇਹ ਪੁੱਛਣ ’ਤੇ, ਕੀ ਧੋਨੀ ਨੂੰ ਬੰਗਲਾਦੇਸ਼ ਦੌਰੇ ਲਈ ਚੁਣਿਆ ਜਾਣਾ ਚਾਹੀਦਾ ਹੈ? ਗਾਵਸਕਰ ਨੇ ‘ਨਾਂਹ’ ਵਿੱਚ ਜਵਾਬ ਦਿੱਤਾ। ਗਾਵਸਕਰ ਨੇ ਕਿਹਾ, ‘‘ਨਹੀਂ, ਸਾਨੂੰ ਉਸ ਤੋਂ ਅੱਗੇ ਵੇਖਣ ਦੀ ਲੋੜ ਹੈ। ਘੱਟ ਤੋਂ ਘੱਟ ਮੇਰੀ ਟੀਮ ਵਿੱਚ ਮਹਿੰਦਰ ਸਿੰਘ ਧੋਨੀ ਸ਼ਾਮਲ ਨਹੀਂ। ਜੇਕਰ ਤੁਸੀਂ ਟੀ-20 ਵਿਸ਼ਵ ਕੱਪ ਬਾਰੇ ਗੱਲ ਕਰ ਰਹੇ ਹੋ ਤਾਂ ਮੈਂ ਯਕੀਨੀ ਤੌਰ ’ਤੇ ਰਿਸ਼ਭ ਪੰਤ ਬਾਰੇ ਸੋਚਾਂਗਾ।’’ ਇਸ ਮਹਾਨ ਬੱਲੇਬਾਜ਼ ਨੇ ਕਿਹਾ, ‘‘ਜੇਕਰ ਮੈਂ ਟੀ-20 ਵਿਸ਼ਵ ਕੱਪ ਬਾਰੇ ਸੋਚਣਾ ਹੈ ਤਾਂ ਮੈਂ ਨੌਜਵਾਨਾਂ ਬਾਰੇ ਸੋਚਾਂਗਾ ਕਿਉਂਕਿ ਸਾਨੂੰ ਅੱਗੇ ਬਾਰੇ ਸੋਚਣ ਦੀ ਲੋੜ ਹੈ। ਧੋਨੀ ਦਾ ਭਾਰਤੀ ਕ੍ਰਿਕਟ ਟੀਮ ਵਿੱਚ ਚੰਗਾ ਯੋਗਦਾਨ ਹੈ, ਪਰ ਹੁਣ ਉਸ ਤੋਂ ਅੱਗੇ ਵੇਖਣ ਦਾ ਸਮਾਂ ਆ ਗਿਆ ਹੈ।’’ ਧੋਨੀ ਨੇ ਹਾਲੇ ਸੰਨਿਆਸ ਲੈਣ ਦਾ ਐਲਾਨ ਨਹੀਂ ਕੀਤਾ, ਪਰ ਮੌਜੂਦਾ ਚੋਣ ਕਮੇਟੀ ਨੇ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਉਹ ਪਿੱਛੇ ਨਹੀਂ ਵੇਖਣਾ ਚਾਹੁੰਦੀ। ਹਾਲਾਂਕਿ ਪੰਤ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਉਸ ਦੇ ਖ਼ਰਾਬ ਸ਼ਾਟ ਕਾਰਨ ਟੀਮ ਨੂੰ ਨੁਕਸਾਨ ਹੋ ਰਿਹਾ ਹੈ, ਜਿਵੇਂ ਕਿ ਮੁੱਖ ਕੋਚ ਰਵੀ ਸ਼ਾਸਤਰੀ ਨੇ ਹਾਲ ਹੀ ਵਿੱਚ ਕਿਹਾ ਸੀ।

Previous articleਗੀਤ ’ਚ ਮਾਈ ਭਾਗੋ ਦਾ ਜ਼ਿਕਰ ਕਰ ਕੇ ਸਿੱਧੂ ਮੂਸੇਵਾਲਾ ਵਿਵਾਦਾਂ ’ਚ ਘਿਰਿਆ
Next articleਬਜਰੰਗ ਪੂਨੀਆ ਨੂੰ ਤੀਜਾ ਤਗ਼ਮਾ