ਭਾਰਤੀ ਅਰਥਚਾਰਾ ਜ਼ੋਰਦਾਰ ਵਾਪਸੀ ਦੇ ਸਮਰੱਥ: ਕਾਂਤ

ਨਵੀਂ ਦਿੱਲੀ (ਸਮਾਜਵੀਕਲੀ) :  ਨੀਤੀ ਆਯੋਗ ਦੇ ਸੀਈਓ ਅਮਿਤਾਭ ਕਾਂਤ ਨੇ ਅੱਜ ਕਿਹਾ ਕਿ ਕੋਵਿਡ-19 ਮਹਾਮਾਰੀ ਦੀ ਸਭ ਤੋਂ ਵੱਧ ਮਾਰ ਝੱਲਣ ਵਾਲੇ ਭਾਰਤੀ ਅਰਥਚਾਰੇ ਦੀਆਂ ਹਰੀਆਂ ਕਰੂੰਬਲਾਂ ਫੁਟਣ ਲੱਗੀਆਂ ਹਨ ਤੇ ਅਰਥਚਾਰਾ ਜਲਦੀ ਹੀ ਪੂਰੇ ਜੋਸ਼ ਨਾਲ ਵਾਪਸੀ ਕਰੇਗਾ ਤੇ ਉਹ ਅਜਿਹਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।

ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਆਇਦ ਦੇਸ਼ਵਿਆਪੀ ਲੌਕਡਾਊਨ ਨੇ ਆਰਥਿਕ ਸਰਗਰਮੀਆਂ ਨੂੰ ਵੱਡੀ ਢਾਹ ਲਾਈ ਹੈ। ਅਰਥਚਾਰੇ ਨੂੰ ਹੁਲਾਰਾ ਦੇਣ ਤੇ ਮੁੜ ਪੈਰਾਂ ਸਿਰ ਕਰਨ ਲਈ ਸਰਕਾਰ ਨੇ ਹਾਲਾਂਕਿ ਵਿੱਤੀ ਪੈਕੇਜ ਸਮੇਤ ਹੋਰ ਕਈ ਉਪਰਾਲਿਆਂ ਦਾ ਐਲਾਨ ਕੀਤਾ ਹੈ। ‘ਫ਼ਿਕੀ ਫ਼ਰੇਮਜ਼ 2020’ ਮੌਕੇ ਬੋਲਦਿਆਂ ਕਾਂਤ ਨੇ ਕਿਹਾ, ‘ਮੇਰਾ ਇਹ ਮੰਨਣਾ ਹੈ ਕਿ ਭਾਰਤ ਜਲਦੀ ਹੀ ਜ਼ੋਰਦਾਰ ਵਾਪਸੀ ਕਰੇਗਾ। ਸਾਨੂੰ ਅਰਥਚਾਰੇ ’ਚ ਹਰੀਆਂ ਕਰੂੰਬਲਾਂ ਫੁੱਟਦੀਆਂ ਨਜ਼ਰ ਆਉਣ ਲੱਗੀਆਂ ਹਨ।

ਅਸੀਂ ਵੇਖ ਰਹੇ ਹਾਂ ਕਿ ਐੱਫਐੱਮਸੀਜੀ ਜਿਹੇ ਅਹਿਮ ਖੇਤਰ ਪਹਿਲਾਂ ਹੀ ਵਾਪਸੀ ਕਰ ਚੁੱਕੇ ਹਨ। ਮੈਂ ਇਸ ਗੱਲੋਂ ਅਾਸਵੰਦ ਹਾਂ ਕਿ ਅਸੀਂ ਵਾਪਸੀ ਕਰਾਂਗੇ।’ ਕਾਂਤ ਨੇ ਕਿਹਾ ਕਿ ਮਹਾਮਾਰੀ ਨਾ ਸਿਰਫ਼ ਭਾਰਤ ਬਲਕਿ ਅਮਰੀਕਾ ਤੇ ਯੂਰਪੀਅਨ ਮੁਲਕਾਂ ਸਮੇਤ ਪੂਰੇ ਵਿਸ਼ਵ ਲਈ ਵੱਡੀ ਚੁਣੌਤੀ ਸੀ’ ਉਨ੍ਹਾਂ ਕਿਹਾ, ‘ਹਰ ਸੰਕਟ ਇਕ ਮੌਕਾ ਵੀ ਹੁੰਦਾ ਹੈ। ਲਿਹਾਜ਼ਾ ਇਸ ਸੰਕਟ ਵਿੱਚੋਂ ਵੀ ਕੁਝ ਹਾਰਨ ਤੇ ਜਿੱਤਣ ਵਾਲੇ ਨਿਕਲਣਗੇ। ਇਹ ਫੈਸਲਾ ਭਾਰਤ ਨੇ ਕਰਨਾ ਹੈ ਕਿ ਉਹ ਜਿੱਤਣਾ ਚਾਹੁੰਦਾ ਹੈ ਜਾਂ ਹਾਰਨਾ।’

Previous articleਪੁਲਵਾਮਾ ਮੁਕਾਬਲੇ ਵਿੱਚ ਪਿੰਡ ਦੋਦੜਾ ਦਾ ਜਵਾਨ ਸ਼ਹੀਦ
Next articleਆਈਟੀਬੀਪੀ ਦੀਆਂ 60 ਕੰਪਨੀਆਂ ਚੀਨੀ ਸਰਹੱਦ ’ਤੇ ਭੇਜੀਆਂ