ਭਾਜਪਾ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼: ਗਹਿਲੋਤ

ਮੱਧ ਪ੍ਰਦੇਸ਼ ਦੀ ਤਰਜ਼ ਉੱਤੇ ਰਾਜਸਥਾਨ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ (ਸਮਾਜਵੀਕਲੀ):  ਰਾਜਸਥਾਨ ਵਿੱਚ ਜਾਰੀ ਸਿਆਸੀ ਸੰਕਟ ਦਰਮਿਆਨ ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਸੂਬੇ ਦੀ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੇ ਇਰਾਦੇ ਨਾਲ ਉਹਦੇ ਵਿਧਾਇਕਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਕੁਝ ਕਾਂਗਰਸੀ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ। ਗਹਿਲੋਤ ਨੇ ਕਿਹਾ ਕਿ ਜੈਪੁਰ ਵਿੱਚ ਮੋਟੀ ਨਗ਼ਦੀ ਆਈ ਹੈ ਤੇ ਭਾਜਪਾ ਮੱਧ ਪ੍ਰਦੇਸ਼ ਦੀ ਤਰਜ਼ ’ਤੇ ਰਾਜਸਥਾਨ ਵਿੱਚ ਵੀ ਕਾਂਗਰਸ ਸਰਕਾਰ ਦਾ ਤਖ਼ਤਾ ਪਲਟ ਸਕਦੀ ਹੈ।

ਰਾਜਸਥਾਨ ਵਿੱਚ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ 19 ਜੂਨ ਨੂੰ ਹੋਣ ਵਾਲੀ ਚੋਣ ਤੋਂ ਪਹਿਲਾਂ ਕਾਂਗਰਸ ਨੇ ਕਥਿਤ ਖਰੀਦੋ ਫਰੋਖ਼ਤ ਦੇ ਡਰੋਂ ਆਪਣੇ ਸਾਰੇ ਵਿਧਾਇਕਾਂ ਨਾਲ ਲੰਘੇ ਦਿਨ ਜੈਪਰ ਦੇ ਇਕ ਰਿਜ਼ੌਰਟ ਵਿੱਚ ਮੀਟਿੰਗ ਕੀਤੀ ਸੀ। ਸੀਨੀਅਰ ਕਾਂਗਰਸ ਆਗੂ ਰਾਜੀਵ ਸ਼ੁਕਲਾ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘ਇਹ ਸੱਚ ਹੈ ਕਿ ਭਾਜਪਾ ਰਾਜਸਥਾਨ ਵਿੱਚ ਇਕ ਚੁਣੀ ਹੋਈ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਵਿੱਚ ਹੈ।

ਸਾਡੇ ਮੁੱਖ ਵ੍ਹਿਪ ਨੇ ਭਾਜਪਾ ਵੱਲੋਂ ਕਾਂਗਰਸੀ ਵਿਧਾਇਕਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਬਾਰੇ ਡੀਜੀ, ਏਸੀਬੀ ਕੋਲ ਸ਼ਿਕਾਇਤ ਕੀਤੀ ਹੈ।’ ਸ਼ੁਕਲਾ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੇ ਬੁੱਧਵਾਰ ਰਾਤ ਨੂੰ ਜੈਪੁਰ ਦੇ ਰਿਜ਼ੌਰਟ ’ਚ ਮੀਟਿੰਗ ਕੀਤੀ ਸੀ, ਜਿਸ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਮੌਜੂਦ ਸਨ।

Previous articleਸ਼ਹੀਦ ਫੌਜੀ ਗੁਰਚਰਨ ਸਿੰਘ ਦਾ ਸਸਕਾਰ
Next articleਫ਼ਰੀਦਕੋਟ ਬਣਿਆ ਨਵੀਂ ਪੁਲੀਸ ਰੇਂਜ