ਭਾਜਪਾ ਨੇ ਰਾਮ ਮੰਦਰ ਦਾ ਰਾਗ ਮੁੜ ਅਲਾਪਿਆ

ਚੋਣ ਮੈਨੀਫੈਸਟੋ ’ਚ ਧਾਰਾ 370 ਨੂੰ ਖ਼ਤਮ ਕਰਨ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ

ਕੇਂਦਰ ਦੀ ਸੱਤਾ ’ਤੇ ਵਾਪਸੀ ਲਈ ਨਜ਼ਰ ਟਿਕਾਈ ਬੈਠੀ ਭਾਜਪਾ ਨੇ ਅੱਜ ਲੋਕ ਸਭਾ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਚੋਣ ਵਾਅਦਿਆਂ ਦੇ ਅੰਬਾਰ ਵਾਲਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ। ਮੈਨੀਫੈਸਟੋ ਵਿੱਚ ਰਾਮ ਮੰਦਰ ਦੀ ਉਸਾਰੀ ਤੇਜ਼ੀ ਨਾਲ ਮੁਕੰਮਲ ਕਰਨ, ਕੌਮੀ ਸੁਰੱਖਿਆ, ਅਗਲੇ ਤਿੰਨ ਸਾਲਾਂ ’ਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, 2030 ਤਕ ਭਾਰਤ ਨੂੰ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਾਉਣ ਤੇ ਜੰਮੂ ਕਸ਼ਮੀਰ ਨੂੰ ਸੰਵਿਧਾਨ ਦੀ ਧਾਰਾ 370 ਤਹਿਤ ਮਿਲੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਜਿਹੇ ਵਾਅਦੇ ਪ੍ਰਮੁੱਖ ਹਨ। ਭਗਵੀਂ ਪਾਰਟੀ ਨੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ (ਐਨਆਰਸੀ) ਨੂੰ ਪੜਾਅਵਾਰ ਪੂਰੇ ਮੁਲਕ ਵਿੱਚ ਲਾਗੂ ਕਰਨ ਦਾ ਵੀ ਵਾਅਦਾ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸੰਕਲਪਿਤ ਭਾਰਤ, ਸਸ਼ਕਤ ਭਾਰਤ’ ਸਿਰਲੇਖ ਵਾਲਾ 45 ਸਫ਼ਿਆਂ ਦਾ ਚੋਣ ਮੈਨੀਫੈਸਟੋ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਪਾਰਟੀ ਦੇ ਹੋਰਨਾਂ ਸੀਨੀਅਰ ਆਗੂਆਂ ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਤੇ ਅਰੁਣ ਜੇਤਲੀ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤਾ। ਭਾਜਪਾ ਨੇ ਚੋਣ ਮੈਨੀਫੈਸਟੋ ਵਿੱਚ ਸੰਵਿਧਾਨ ਦੀ ਧਾਰਾ 35ਏ ਨੂੰ ਮਨਸੂਖ ਕਰਨ ਦੇ ਵਾਅਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ। ਇਸ ਧਾਰਾ ਤਹਿਤ ਜੰਮੂ ਕਸ਼ਮੀਰ ਤੋਂ ਬਾਹਰਲੇ ਵਿਅਕਤੀਆਂ ਨੂੰ ਸੂਬੇ ਵਿੱਚ ਜ਼ਮੀਨ ਜਾਇਦਾਦ ਖਰੀਦਣ ਦੀ ਮਨਾਹੀ ਹੈ। ਆਰਥਿਕ ਮੰਚ ’ਤੇ ਪਾਰਟੀ ਨੇ ਮੁਲਕ ਨੂੰ 2030 ਤਕ ਵਿਸ਼ਵ ਦਾ ਤੀਜਾ ਅਰਥਚਾਰਾ ਬਣਾਉਣ ਦਾ ਵਾਅਦਾ ਕੀਤਾ ਹੈ। ਭਾਜਪਾ ਨੇ ਕਿਹਾ ਕਿ ਉਹ ਜੀਐਸਟੀ ਦੇ ਅਮਲ ਨੂੰ ਸਾਰੇ ਸਬੰਧਤ ਭਾਈਵਾਲਾਂ ਨਾਲ ਸੰਵਾਦ ਮਗਰੋਂ ਵਧੇਰੇ ਸੁਖਾਲਾ ਬਣਾਉਣ ਦੇ ਯਤਨ ਜਾਰੀ ਰੱਖੇਗੀ। ਮੈਨੀਫੈਸਟੋ ’ਚ ਹਥਿਆਰਬੰਦ ਫੌਜਾਂ ਲਈ ਰੱਖਿਆ ਸਾਜ਼ੋ-ਸਾਮਾਨ ਦੀ ਖਰੀਦ ਵਿੱਚ ਤੇਜ਼ੀ ਲਿਆਉਣ ਤੇ ਅਤਿਵਾਦ ਖ਼ਿਲਾਫ਼ ਲੜਾਈ ਨੂੰ ਜਾਰੀ ਰੱਖਣ ਤੇ ਸੁਰੱਖਿਆ ਬਲਾਂ ਨੂੰ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਲਈ ਖੁੱਲ੍ਹਾ ਹੱਥ ਦੇਣ ਦਾ ਅਹਿਦ ਕੀਤਾ ਗਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਜਪਾ ਦੇ ਮੈਨੀਫੈਸਟੋ ਦਾ ਮੁੱਖ ਨਿਸ਼ਾਨਾ ਭਾਰਤ ਨੂੰ 2047 (ਆਜ਼ਾਦੀ ਤੋਂ ਸੌ ਸਾਲਾਂ ਮਗਰੋਂ) ਤਕ ਵਿਕਸਤ ਮੁਲਕ ਬਣਾਉਣਾ ਹੈ।
ਮੈਨੀਫੈਸਟੋ ਦੇ ਮੁੱਖਬੰਧ ਵਿੱਚ ਸ੍ਰੀ ਮੋਦੀ ਨੇ ਲਿਖਿਆ, ‘ਆਓ ਮਜ਼ਬੂਤ ਤੇ ਇਕਮੁੱਠ ਭਾਰਤ ਬਣਾਉਣ ਦੀ ਦਿਸ਼ਾ ’ਚ ਕੰਮ ਕਰੀਏ। ਦੇਸ਼ ਦੇ ਨਾਗਰਿਕਾਂ ਨੂੰ ਮਾਣ ਸਤਿਕਾਰ, ਖੁਸ਼ਹਾਲੀ, ਸੁਰੱਖਿਆ ਤੇ ਮੌਕੇ ਮੁਹੱਈਆ ਕਰਵਾਉਣ ਦਾ ਯਕੀਨ ਦਿਵਾਉਂਦੇ ਹਾਂ।’ ਸ੍ਰੀ ਸ਼ਾਹ ਨੇ ਲਿਖਿਆ, ‘ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਅਜਿਹੇ ਫੈਸਲੇ ਲਏ ਹਨ ਜੋ ਇਤਿਹਾਸਕ ਸਨ ਤੇ ਜਿਨ੍ਹਾਂ ਕਰਕੇ ਦੇਸ਼ ਵਿੱਚ ਵਿਆਪਕ ਤੇ ਮੌਲਿਕ ਤਬਦੀਲੀ ਆਈ।’ ਪਾਰਟੀ ਪ੍ਰਧਾਨ ਨੇ ਆਪਣੇ ਲੇਖ ’ਚ ਸਰਕਾਰ ਸਕੀਮਾਂ ਤੇ ਹੋਰ ਕਈ ਫੈਸਲਿਆਂ ਜਿਵੇਂ ਨੋਟਬੰਦੀ ਤੇ ਸਰਜੀਕਲ ਸਟਰਾਈਕ ਤੇ ਹਵਾਈ ਹਮਲਿਆਂ ਦਾ ਵੀ ਹਵਾਲਾ ਦਿੱਤਾ। ਮੈਨੀਫੈਸਟੋ ਕਮੇਟੀ ਦੇ ਮੁਖੀ ਰਾਜਨਾਥ ਸਿੰਘ ਨੇ ਚੋਣ ਮੈਨੀਫੈਸਟੋ ਨੂੰ ‘ਵਿਜ਼ਨ ਦਸਤਾਵੇਜ਼’ ਕਰਾਰ ਦਿੱਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਕਾਂਗਰਸ ਦਾ ਚੋਣ ਮੈਨੀਫੈਸਟੋ ਜਿੱਥੇ ‘ਟੁਕੜੇ ਟੁਕੜੇ’ ਮਾਨਸਿਕਤਾ ਨਾਲ ਤਿਆਰ ਕੀਤਾ ਗਿਆ ਸੀ, ਉਥੇ ਭਾਜਪਾ ਦਾ ਮੈਨੀਫੈਸਟੋ ਮਜ਼ਬੂਤ ਕੌਮੀ ਨਜ਼ਰੀਏ ਦੀ ਤਰਜਮਾਨੀ ਕਰਦਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਹੋਰਨਾਂ ਪਾਰਟੀਆਂ ਨੇ ਜਿੱਥੇ ‘ਘੋਸ਼ਣਾ ਪੱਤਰ’ ਜਾਰੀ ਕੀਤਾ ਹੈ, ਉਥੇ ਭਾਜਪਾ ਇਕੋ ਇਕ ਪਾਰਟੀ ਹੈ ਜਿਹੜੀ ‘ਸੰਕਲਪ ਪੱਤਰ’ ਲੈ ਕੇ ਆਈ ਹੈ।

Previous articleKorean Air boss dies weeks after ouster from board
Next articleਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ