ਭਾਜਪਾ ਨੇ ਦੇਸ਼ ਤਬਾਹੀ ਵੱਲ ਧੱਕਿਆ: ਰਾਹੁਲ

ਕੈਪਟਨ ਵੱਲੋਂ ਬਹਿਬਲ ਗੋਲੀਕਾਂਡ ਦੇ ਮ੍ਰਿਤਕਾਂ ਦੀ ਯਾਦਗਾਰ ਬਣਾਉਣ ਦਾ ਐਲਾਨ;
ਰਾਹੁਲ ਵੱਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਵਕਾਲਤ

ਰੈਲੀ ਦੀਆਂ ਝਲਕੀਆਂ

  • ਰੈਲੀ ਲਈ ਤਿਆਰ ਕੀਤੇ ਪੰਡਾਲ ਨੂੰ ਦੋ ਵਾਰ ਹਨੇਰੀ ਅਤੇ ਝੱਖੜ ਨੇ ਤਹਿਸ-ਨਹਿਸ ਕਰ ਦਿੱਤਾ। ਰੈਲੀ ਬਗ਼ੈਰ ਪੰਡਾਲ ਦੇ ਕਰਨੀ ਪਈ। ਪ੍ਰਬੰਧਕਾਂ ਨੇ ਕਈ ਵਾਰ ਲੋਕਾਂ ਕੋਲੋਂ ਮੁਆਫ਼ੀ ਮੰਗੀ।
  • ਪੰਜਾਬ ਕਾਂਗਰਸ ਦੇ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਰੈਲੀ ’ਚ ਤਾਂ ਪਹੁੰਚੇ ਪਰ ਸੰਬੋਧਨ ਨਹੀਂ ਕੀਤਾ।
  • ਰੈਲੀ ਵਿਚ ਮੁੱਖ ਮੰਤਰੀ ਦੇ ਬੇਟੇ ਰਣਇੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ।
  • ਰੈਲੀ ਦੌਰਾਨ ਮੰਚ ’ਤੇ ਵੱਖ-ਵੱਖ ਆਗੂ ਰਾਹੁਲ ਗਾਂਧੀ ਕੋਲ ਹਾਜ਼ਰੀ ਭਰਦੇ ਰਹੇ।
  • ਕੈਪਟਨ ਨੇ ਆਪਣੇ ਸੰਖੇਪ ਭਾਸ਼ਨ ਰਾਹੀਂ ਲੋਕਾਂ ਦਾ ਚੰਗਾ ਧਿਆਨ ਖਿੱਚਿਆ।

ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪਿੰਡ ਬਰਗਾੜੀ ਵਿਚ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਦੇ ਹੱਕ ’ਚ ਚੋਣ ਰੈਲੀ ਕਰਦਿਆਂ ਬੇਅਦਬੀ ਦਾ ਮੁੱਦਾ ਛੋਹਿਆ ਤੇ ਜ਼ਿੰਮੇਵਾਰਾਂ ਖ਼ਿਲਾਫ਼ ਸਖ਼ਤ ਕਰਵਾਈ ਦਾ ਅਹਿਦ ਵੀ ਦੁਹਰਾਇਆ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਗੋਲੀ ਕਾਂਡ ਦੇ ਮ੍ਰਿਤਕਾਂ ਦੀ ਯਾਦ ਵਿਚ ਯਾਦਗਾਰ ਬਣਾਉਣ ਦਾ ਐਲਾਨ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ‘ਨੋਟਬੰਦੀ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਰਥਿਕ ‘ਪਾਗਲਪਨ’ ਸੀ। ਉਨ੍ਹਾਂ ਕਿਹਾ ਕਿ ‘ਨੋਟਬੰਦੀ’ ਕਾਰਨ ਮੁਲਕ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀ ਕਸਰ ‘ਗੱਬਰ ਸਿੰਘ ਟੈਕਸ’ (ਜੀਐੱਸਟੀ) ਨੇ ਕੱਢ ਦਿੱਤੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੇਅਦਬੀ ਮਾਮਲੇ ਤੋਂ ਬਾਅਦ ਉਹ ਇਸ ਇਲਾਕੇ ’ਚ ਪੀੜਤਾਂ ਦਾ ਹਾਲ-ਚਾਲ ਪੁੱਛਣ ਆਏ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਦਿਆਂ ਰਾਹੁਲ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਦੇਸ਼ ਨੂੰ ਤਬਾਹੀ ਵੱਲ ਧੱਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ‘ਨਿਆਏ’ ਯੋਜਨਾ ਆਰਥਿਕ ਸੰਕਟ ਵਿਚੋਂ ਦੇਸ਼ ਨੂੰ ਉਭਾਰੇਗੀ। ਉਨ੍ਹਾਂ ਆਪਣੇ ਭਾਸ਼ਨ ਦੀ ਸ਼ੁਰੂਆਤ ਰੈਲੀ ਵਿਚ ਹਾਜ਼ਰ ਲੋਕਾਂ ਤੋਂ ‘ਚੌਕੀਦਾਰ ਚੋਰ ਹੈ’ ਦੇ ਨਾਅਰਿਆਂ ਨਾਲ ਕਰਵਾਈ।
ਉਨ੍ਹਾਂ ਕਿਹਾ ਕਿ ਮੋਦੀ ਨੇ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆਂ ਦਾ ਕਈ ਵਾਰ ਮਜ਼ਾਕ ਉਡਾਇਆ ਸੀ ਪਰ ਉਨ੍ਹਾਂ ਦੀਆਂ ਨੀਤੀਆਂ ਨੂੰ ਸਮੇਂ ਨੇ ਸਹੀ ਸਾਬਿਤ ਕਰ ਦਿੱਤਾ ਹੈ ਅਤੇ ਖ਼ੁਦ ਮੋਦੀ ਮਜ਼ਾਕ ਦੇ ਪਾਤਰ ਬਣ ਗਏ ਹਨ। ਕਾਂਗਰਸ ਪ੍ਰਧਾਨ ਨੇ ਵਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ ’ਤੇ ਕਿਸਾਨਾਂ ਨੂੰ ਸੰਕਟ ਵਿਚੋਂ ਕੱਢਣ ਅਤੇ ਬੇਰੁਜ਼ਗਾਰੀ ਦੇ ਹੱਲ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾਣਗੇ।
ਰੈਲੀ ਨੂੰ ਫ਼ਰੀਦਕੋਟ ਹਲਕੇ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ, ਕਾਂਗਰਸ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਲਾਲ ਸਿੰਘ, ਬਿਜਲੀ ਮੰਤਰੀ ਗੁਰਪ੍ਰੀਤ ਕਾਂਗੜ, ਵਿਧਾਇਕ ਕੁਸ਼ਲਦੀਪ ਢਿੱਲੋਂ, ਹਰਜੋਤ ਕਮਲ, ਦਰਸ਼ਨ ਬਰਾੜ ਨੇ ਵੀ ਸੰਬੋਧਨ ਕੀਤਾ।
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ’ਚ ਰੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਲੁਧਿਆਣਾ ਦੀਆਂ ਸਨਅਤਾਂ ਦੇ ਨੁਕਸਾਨ ਲਈ ਮੋਦੀ ਜ਼ਿੰਮੇਵਾਰ ਹਨ। ਰੈਲੀ ਮੁੱਲਾਂਪੁਰ ਦਾਖਾ ਦੇ ਦੁਸਹਿਰਾ ਗਰਾਊਂਡ ਵਿਚ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਨੋਟਬੰਦੀ ਕਰਨ ਦਾ ਮਕਸਦ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰਨਾ ਸੀ ਤਾਂ ਜੋ ਸਾਰਾ ਕੰਮ ਵੱਡੇ ਕਾਰੋਬਾਰੀਆਂ ਕੋਲ ਚਲਿਆ ਜਾਵੇ।
ਰੈਲੀ ’ਚ ਡੇਢ ਘੰਟਾ ਦੇਰੀ ਨਾਲ ਪੁੱਜੇ ਰਾਹੁਲ ਗਾਂਧੀ ਨੇ ਇੱਥੇ ਵੀ ਆਪਣੇ ਭਾਸ਼ਨ ਦੀ ਸ਼ੁਰੂਆਤ ‘ਚੌਕੀਦਾਰ ਚੋਰ ਹੈ’ ਦੇ ਨਾਅਰਿਆਂ ਨਾਲ ਕੀਤੀ। ਰਾਹੁਲ ਨੇ ਵਾਅਦਾ ਕੀਤਾ ਕਿ ਕੇਂਦਰ ਵਿਚ ਯੂਪੀਏ ਸਰਕਾਰ ਆਉਣ ਤੋਂ ਬਾਅਦ ਉਹ ਸਨਅਤਾਂ ਨੂੰ ਬਚਾਉਣ ਲਈ ਹਰ ਸੰਭਵ ਕਦਮ ਚੁੱਕਣਗੇ। ਜੀਐੱਸਟੀ ਸਰਲ ਕੀਤਾ ਜਾਵੇਗਾ, ਵਪਾਰੀਆਂ ਤੇ ਕਾਰੋਬਾਰੀਆਂ ਨੂੰ ਹਰ ਮਹੀਨੇ ਫਾਰਮ ਭਰਨ ਦੀ ਲੋੜ ਨਹੀਂ ਰਹੇਗੀ। ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਲਈ ਆਸਾਨ ਕਰਜ਼ਾ ਮਿਲੇਗਾ ਤੇ ਇਸ ਲਈ ਕਿਸੇ ਵਿਭਾਗ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੋਵੇਗੀ। ਰਾਹੁਲ ਨੇ ਕਿਹਾ ਕਿ ਲੁਧਿਆਣਾ ‘ਮੇਕ ਇਨ ਇੰਡੀਆ’ ਦਾ ਅਨਿੱਖੜਵਾਂ ਅੰਗ ਬਣੇਗਾ।
ਰਾਹੁਲ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਕਿਸੇ ਵੀ ਕਿਸਾਨ ਨੂੰ ਕਰਜ਼ਾ ਨਾ ਚੁਕਾਉਣ ’ਤੇ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ, ਕਿਸਾਨਾਂ ਲਈ ਵੱਖਰਾ ਬਜਟ ਬਣੇਗਾ। ਇਸ ਮੌਕੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ, ਸੰਜੇ ਤਲਵਾੜ, ਕੁਲਦੀਪ ਵੈਦ, ਕਮਲਜੀਤ ਸਿੰਘ ਕੜਵਲ, ਦਲਜੀਤ ਸਿੰਘ ਗਰੇਵਾਲ ਤੇ ਹੋਰ ਹਾਜ਼ਰ ਸਨ।

Previous articleUS orders non-emergency government staff to leave Iraq
Next articleSL Army investigates man in uniform watching rioters